ਗਲਾਸਗੋ ‘ਚ 160 ਮੀਲ ਲੰਬੀ ਸਾਈਕਲ ਲੇਨ ਬਣਾਏ ਜਾਣ ਦੀ ਉਮੀਦ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਵਾਤਾਵਰਨ ਵਿਚਲੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਦੇਸ਼ ਲਈ ਮੀਲਾਂ ਲੰਬੀ ਸਾਈਕਲ ਲੇਨ ਬਣਾਏ ਜਾਣ ਦੀ ਉਮੀਦ ਹੈ। ਇਸ ਸਬੰਧੀ ਗਲਾਸਗੋ ਕੌਂਸਲ ਦੇ ਪ੍ਰਤੀਨਿਧ ਪੂਰੇ ਸ਼ਹਿਰ ਵਿੱਚ 160 ਮੀਲ ਦੀ ਸਾਈਕਲ ਲੇਨ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੇ ਹਨ। ਇਹ 160 ਮੀਲ ਦੀ ਸਾਈਕਲ ਲੇਨ ਜਲਵਾਯੂ ਸੰਕਟ ਨਾਲ ਨਜਿੱਠਣ ਦੇ ਵਿਸ਼ਾਲ ਮਿਸ਼ਨ ਦਾ ਹਿੱਸਾ ਹੈ, ਜੋ ਕਿ ਮੁੱਖ ਤੌਰ ‘ਤੇ ਗਲਾਸਗੋ ਤੋਂ ਇਨਵਰਨੇਸ ਦੀ ਦੂਰੀ ਨੂੰ ਮਾਪੇਗੀ। ਇਸ ਸਬੰਧੀ ਨਵੀਂ ‘ਡਰਾਫਟ ਐਕਟਿਵ ਯਾਤਰਾ ਰਣਨੀਤੀ’ ਵਿੱਚ ਸ਼ਾਮਲ ਯੋਜਨਾਵਾਂ ਦੇ ਵੇਰਵੇ ਗਲਾਸਗੋ ਸਿਟੀ ਕੌਂਸਲ ਦੁਆਰਾ ਜਲਦੀ ਹੀ ਸਲਾਹ ਮਸ਼ਵਰੇ ਲਈ ਜਾਰੀ ਕੀਤੇ ਜਾਣਗੇ।

ਐਸ ਐਨ ਪੀ ਕੌਂਸਲਰ ਅੰਨਾ ਰਿਚਰਡਸਨ ਅਨੁਸਾਰ ਨਵੀਂ ਯਾਤਰਾ ਰਣਨੀਤੀ ਅਗਲੇ ਮਹੀਨੇ ਦੇ ਅੰਦਰ ਇਸ ਸਾਈਕਲ ਲੇਨ ਲਈ ਲੋਕਤੰਤਰੀ ਜਾਂਚ ਅਤੇ ਜਨਤਕ ਸਲਾਹ ਮਸ਼ਵਰਾ ਸ਼ੁਰੂ ਕਰੇਗੀ। ਇਸਦੇ ਇਲਾਵਾ ਕਾਰਬਨ ਕਟੌਤੀ ਲਈ ਸਿਟੀ ਕਨਵੀਨਰ ਨੇ ਪਿਛਲੇ ਹਫਤੇ ਸਿਟੀ ਐਡਮਨਿਸਟ੍ਰੇਸ਼ਨ ਕਮੇਟੀ ਵਿਖੇ ਸਾਈਕਲ ਮਾਰਗਾਂ ਦੇ ਨਵੇਂ ਨੈਟਵਰਕ ਬਾਰੇ ਚਰਚਾ ਕੀਤੀ ਸੀ।

ਇਸ ਯੋਜਨਾ ਬਾਰੇ ਪ੍ਰਸਤਾਵ ਉਦੋਂ ਸਾਹਮਣੇ ਆਏ ਸਨ, ਜਦੋਂ ਕੌਂਸਲਰਾਂ ਨੇ ਮਹਾਂਮਾਰੀ ਦੇ ਦੌਰਾਨ ਸਪੇਸ ਫਾਰ ਪੀਪਲ ਸਕੀਮ ਦੇ ਹਿੱਸੇ ਵਜੋਂ 17 ਪੌਪ ਅਪ ਸਾਈਕਲ ਲੇਨਾਂ ਅਤੇ ਹੋਰ ਸੜਕਾਂ ਦੀਆਂ ਯੋਜਨਾਵਾਂ ਨੂੰ ਬਣਾਈ ਰੱਖਣ ਦਾ ਫੈਸਲਾ ਕੀਤਾ ਸੀ। ਰਿਚਰਡਸਨ ਅਨੁਸਾਰ ਸਾਈਕਲ ਮਾਰਗਾਂ ਨੂੰ ਸਥਾਈ ਬਣਾਉਣਾ ਸ਼ਹਿਰ ਦੇ ਆਲੇ ਦੁਆਲੇ ਦੇ ਗੈਸੀ ਨਿਕਾਸ ਨੂੰ ਘਟਾਉਣ ਵਿੱਚ ਯੋਗਦਾਨ ਪਾਵੇਗਾ ਅਤੇ ਸਾਰੇ ਲੋਕ ਹਵਾ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਨਾਲ ਪ੍ਰਭਾਵਤ ਹੋਣਗੇ। 2019 ਵਿੱਚ ਗਲਾਸਗੋ ਸਿਟੀ ਕੌਂਸਲ ਨੇ 2030 ਤੱਕ ਪ੍ਰਦੂੂੂੂਸ਼ਣ ਮੁਕਤ ਸ਼ਹਿਰ ਦਾ ਟੀਚਾ ਰੱਖਿਆ ਸੀ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੌਂਸਲ ਦੀਆਂ ਯੋਜਨਾਵਾਂ ਵਿੱਚ ਇਲੈਕਟ੍ਰਿਕ ਅਤੇ ਹਾਈਡਰੋਜਨ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਵੀ ਸ਼ਾਮਲ ਹੈ।

Share This :

Leave a Reply