ਸਾਬਕਾ ਸੈਨਿਕਾਂ ਨੇ ਹੱਕੀਂ ਮੰਗਾਂ ਸਬੰਧੀ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ

ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਾਬਕਾ ਸੈਨਿਕਾਂ ਦੀ ਮਾਸਿਕ ਇੱਕਤਰਤਾ ਕੈਪਟਨ ਨੰਦ ਲਾਲ ਮਾਜਰੀ ਦੀ ਅਗਵਾਈ ਹੇਠਾਂ ਹੋਈ, ਜਿਸ ਵਿਚ ਵੀਰ ਨਾਰੀਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਕਿਹਾ ਕਿ ‘ਇਕ ਰੈਂਕ-ਇਕ ਪੈਨਸ਼ਨ’ ਸਬੰਧੀ ਸੁਪਰੀਮ ਕੋਰਟ ਵਿਚ ਚੱਲ ਰਹੇ ਕੇਸ ਦੀ ਤਰੀਕ ਤੇ ਤਰੀਕ ਪੈਣਾ ਸੈਨਿਕਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸੈਨਿਕਾਂ ਦਾ ਅਧੂਰਾ ਡੀ.ਏ ਦਾ ਬਕਾਇਆ ਨਾ ਦੇਣ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੈਨਿਕਾਂ ਦੀਆਂ ਹੱਕੀਂ ਮੰਗਾਂ ਵੱਲ ਹੀ ਧਿਆਨ ਨਹੀਂ ਦੇ ਰਹੀ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ।

ਸਾਬਕਾ ਸੈਨਿਕਾਂ ਨੇ ਯੂ.ਪੀ ਵਿਖੇ ਕਿਸਾਨਾਂ ਤੇ ਹੋਏ ਅੱਤਿਆਚਾਰ ਦੀ ਨਿੰਦਾ ਕਰਦਿਆਂ ਕਿਹਾ ਮੋਦੀ ਸਰਕਾਰ ਨੂੰ ਅੜੀਅਲ ਰਵੱਈਏ ਦਾ ਖਮਿਆਜ਼ਾ ਆਉਣ ਵਾਲੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਨ੍ਹਦਾਤਿਆਂ ਨੂੰ ਭਿਖਾਰੀ ਬਨਾਉਣ ਬਾਰੇ ਸੋਚ ਰਹੀ ਹੈ, ਜਿਸ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਕਿਸਾਨਾਂ ਨਾਲ ਸਰਹੱਦਾਂ ਦੇ ਰਖਵਾਲੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਫੌਜੀ ਵੀਰਾਂ ਨਾਲ ਸਕਿਊਰਿਟੀ ਦੀ ਡਿਊਟੀ ਦੌਰਾਨ ਹੋ ਰਹੀਆਂ ਵਧੀਕੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਸ ਮੌਕੇ ਮਹਿੰਦਰ ਸਿੰਘ, ਸੰਤੋਖ ਕੁਮਾਰ, ਗੁਰਮੇਲ ਸਿੰਘ, ਬਹਾਦਰ ਸਿੰਘ, ਗੁਰਦਿਆਲ ਸਿੰਘ, ਹਰੀ ਸਿੰਘ, ਗੁਰਚਰਨ ਸਿੰਘ, ਬੰਤ ਸਿੰਘ, ਨਛੱਤਰ ਸਿੰਘ, ਸਤਿੰਦਰਪਾਲ ਸਿੰਘ, ਬਲਵਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।

Share This :

Leave a Reply