ਜਲੰਧਰ, ਮੀਡੀਆ ਬਿਊਰੋ:
ਅੱਤਵਾਦ ਨੂੰ ਇਕ ਵਾਰ ਹਰਾ ਚੁੱਕਾ ਪੰਜਾਬ ਹੁਣ ਨਵੀਂ ਚੁਣੌਤੀ ਨਾਲ ਜੂਝ ਰਿਹਾ ਹੈ। ਇਹ ਚੁਣੌਤੀ ਆਧੁਨਿਕ ਤਕਨੀਕ ਦੀ ਹੈ। ਸਰਹੱਦ ਪਾਰੋਂ ਲਗਾਤਾਰ ਡਰੋਨ ਰਾਹੀਂ ਨਸ਼ੀਲੇ ਪਦਾਰਥ, ਟਿਫਨ ਬੰਬ, ਗ੍ਰਨੇਡ ਤੇ ਆਧੁਨਿਕ ਹਥਿਆਰ ਆ ਰਹੇ ਹਨ। ਵਿਦੇਸ਼ ’ਚ ਬੈਠੀਆਂ ਵੱਖਵਾਦੀ ਤਾਕਤਾਂ ਸੂਬੇ ਨੂੰ ਅਸਥਿਰ ਕਰਨ ’ਚ ਲੱਗੀਆਂ ਹਨ। ਪੰਜਾਬ ’ਚ ਅਸ਼ਾਂਤੀ ਫੈਲਾਉਣ ਲਈ ਵਿਦੇਸ਼ ਤੋਂ ਫੰਡਿੰਗ ਕੀਤੀ ਜਾ ਰਹੀ ਹੈ। ਇਨ੍ਹਾਂ ਤਮਾਮ ਦੇਸ਼ ਵਿਰੋਧੀ ਕੋਸ਼ਿਸ਼ਾਂ ਨੂੰ ਮਜ਼ਬੂਤ ਸੂਚਨਾ ਤੰਤਰ ਤੇ ਆਧੁਨਿਕ ਤਕਨੀਕ ਨਾਲ ਹੀ ਕਮਜ਼ੋਰ ਕੀਤਾ ਜਾ ਸਕਦਾ ਹੈ।
ਪੰਜਾਬੀ ਜਾਗਰਣ ਵੱਲੋਂ ਅੱਠ ਜ਼ਿਲ੍ਹਿਆਂ ’ਚ ਕਰਵਾਈ ਗਈ ਰਾਊਂਡ ਟੇਬਲ ਕਾਨਫਰੰਸ ’ਚ ਸਾਬਕਾ ਫ਼ੌਜੀ ਅਫ਼ਸਰਾਂ, ਸੀਨੀਅਰ ਪੁਲਿਸ ਅਫ਼ਸਰਾਂ, ਕਾਨੂੰਨ ਮਾਹਿਰਾਂ, ਰੱਖਿਆ ਮਾਹਿਰਾਂ ਤੇ ਸਮਾਜਿਕ ਵਰਕਰਾਂ ਨੇ ਆਉਣ ਵਾਲੀ ਸਰਕਾਰ ਤੋਂ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਕੰਮ ਕਰਨ ਦੀ ਉਮੀਦ ਪ੍ਰਗਟਾਈ।
ਚਰਚਾ ’ਚ ਸਭ ਤੋਂ ਪ੍ਰਮੁੱਖ ਗੱਲ ਇਹੀ ਨਿਕਲ ਕੇ ਆਈ ਕਿ ਜਦੋਂ ਤਕ ਬਾਰਡਰ ਏਰੀਆ ਤੋਂ ਲੈ ਕੇ ਪੰਜਾਬ ਦੇ ਅੰਦਰੂਨੀ ਹਿੱਸਿਆਂ ਤਕ ਮਜ਼ਬੂਤ ਸੂਚਨਾ ਤੰਤਰ ਵਿਕਸਿਤ ਨਹੀਂ ਕੀਤਾ ਜਾਂਦਾ, ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ। ਪੁਲਿਸ ਦੀ ਮਦਦ ਲਈ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਜਾਣ, ਜਿਸ ’ਚ ਸਥਾਨਕ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ। ਇਸੇ ਤਰ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੀ ਟਾਸਕ ਫੋਰਸ ਬਣਾਈ ਜਾਵੇ, ਜੋ ਪੁਲਿਸ ਲਈ ਖ਼ੁਫ਼ੀਆ ਜਾਣਕਾਰੀਆਂ ਇਕੱਠੀਆਂ ਕਰ ਕੇ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕ ਸਕਣ। ਡਰੋਨ ਦੀ ਚੁਣੌਤੀ ਨਾਲ ਨਜਿੱਠਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਹੋਵੇ। ਵਿਦੇਸ਼ੀ ਮਦਦ ਲਈ ਜਾਵੇ, ਤਾਂ ਹੀ ਇਨ੍ਹਾਂ ਨੂੰ ਸਰਹੱਦ ਪਾਰੋਂ ਆਉਣ ਤੋਂ ਪਹਿਲਾਂ ਹੀ ਨਸ਼ਟ ਕੀਤਾ ਜਾ ਸਕਦਾ ਹੈ।
ਇਹ ਗੱਲ ਵੀ ਪ੍ਰਮੁੱਖਤਾ ਨਾਲ ਸਾਹਮਣੇ ਆਈ ਹੈ ਕਿ ਇਹ ਸਭ ਤਾਂ ਹੀ ਸੰਭਵ ਹੈ ਜਦੋਂ ਪੁਲਿਸ ਨੂੰ ਖੁੱਲ੍ਹੀ ਛੋਟ ਦਿੱਤੀ ਜਾਵੇ ਤੇ ਉਨ੍ਹਾਂ ਦੀਆਂ ਨਿਯੁਕਤੀਆਂ ’ਚ ਸਿਆਸੀ ਦਖ਼ਲ ਪੂਰੀ ਤਰ੍ਹਾਂ ਬੰਦ ਹੋਵੇ ਤੇ ਇਮਾਨਦਾਰ ਅਫ਼ਸਰਾਂ ਨੂੰ ਹੀ ਬਾਰਡਰ ’ਤੇ ਲਗਾਇਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਲਾਪਰਵਾਹੀ ਦਿਖਾਉਣ ਵਾਲੇ ਅਫ਼ਸਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਨੂੰ ਉਮੀਦ ਹੈ ਕਿ ਆਉਣ ਵਾਲੀ ਸਰਕਾਰ ਇਨ੍ਹਾਂ ਵਿਸ਼ਿਆਂ ਨੂੰ ਤਰਜੀਹ ’ਚ ਰੱਖੇਗੀ।
ਤਸਕਰਾਂ ਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦੇਣਾ ਬੰਦ ਕਰਨ ਆਗੂ : ਲੈਫ. ਕਰਨਲ ਐੱਚਐੱਸ ਕਾਹਲੋਂ
ਲੁਧਿਆਣਾ ਦੇ ਰਹਿਣ ਵਾਲੇ ਲੈਫਟੀਨੈਂਟ ਕਰਨਲ ਐੱਚਐੱਸ ਕਾਹਲੋਂ (ਸੇਵਾਮੁਕਤ) ਕਹਿੰਦੇ ਹਨ ਕਿ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਤਾਂ ਹੀ ਬੰਦ ਹੋਣਗੀਆਂ, ਜਦੋਂ ਅਹਿਮ ਅਹੁਦਿਆਂ ’ਤੇ ਬੈਠੇ ਮੰਤਰੀ ਇਮਾਨਦਾਰੀ ਤੇ ਨਿਸ਼ਠਾ ਨਾਲ ਆਪਣੇ ਫ਼ਰਜ਼ ਦਾ ਪਾਲਣ ਕਰਨ। ਖ਼ਾਸ ਕਰ ਗ੍ਰਹਿ ਵਿਭਾਗ ਦੇਖਣ ਵਾਲੇ ਮੰਤਰੀ ਨੂੰ ਇਹ ਦੇਖਣਾ ਪਵੇਗਾ ਕਿ ਉਨ੍ਹਾਂ ਦੇ ਕਿਸੇ ਫ਼ੈਸਲੇ ਨਾਲ ਸੂਬੇ ਦੀ ਸੁਰੱਖਿਆ ਨੂੰ ਢਾਹ ਨਾ ਲੱਗੇ। ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਸਰਕਾਰ ’ਚ ਬੈਠੇ ਨੇਤਾ ਸਰਪ੍ਰਸਤੀ ਦੇਣਾ ਬੰਦ ਕਰਨ। ਉਨ੍ਹਾਂ ਦੇ ਹੌਸਲੇ ਪਸਤ ਹੋਣਗੇ, ਤਾਂ ਹੀ ਸੂਬਾ ਸੁਰੱਖਿਅਤ ਰਹੇਗਾ। ਸਿਆਸੀ ਆਗੂ ਸਵਾਰਥ ਛੱਡਣ।
ਆਧੁਨਿਕ ਹਥਿਆਰਾਂ ਨਾਲ ਲੈਸ ਹੋਣ ਪੁਲਿਸ ਮੁਲਾਜ਼ਮ : ਮੇਜਰ ਹਰਬੰਸ ਲਾਲ
ਮੇਜਰ ਹਰਬੰਸ ਲਾਲ ਭੰਬ (ਰਿਟਾ.) ਮੁਤਾਬਕ ਪਾਕਿਸਤਾਨ ਦੀ ਹਿੰਮਤ ਨਹੀਂ ਕਿ ਉਹ ਪੰਜਾਬ ’ਚ ਕੁਝ ਕਰ ਸਕੇ, ਪਰ ਇਸਦੇ ਬਾਵਜੂਦ ਸਾਨੂੰ ਆਪਣੀ ਸੁਰੱਖਿਆ ਨੂੰ ਤਾਕ ’ਤੇ ਨਹੀਂ ਰੱਖਣਾ ਚਾਹੀਦਾ। ਇਸਦੇ ਲਈ ਆਉਣ ਵਾਲੀ ਸਰਕਾਰ ਨੂੰ ਸਰਹੱਦੀ ਇਲਾਕੇ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਤੋਂ ਇਲਾਵਾ ਸੂਬੇ ਭਰ ’ਚ ਪੁਲਿਸ ਬਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਧੁਨਿਕ ਟ੍ਰੇਨਿੰਗ ਦੇਣੀ ਚਾਹੀਦੀ ਹੈ। ਪੁਲਿਸ ਮੁਲਾਜ਼ਮ ਆਧੁਨਿਕ ਹਥਿਆਰਾਂ ਨਾਲ ਲੈਸ ਹੋਣਗੇ ਤਾਂ ਸੁਰੱਖਿਆ ਆਪਣੇ ਆਪ ਮਜ਼ਬੂਤ ਹੋ ਜਾਵੇਗੀ। ਨਵੀਂ ਸਰਕਾਰ ਇਸ ’ਤੇ ਧਿਆਨ ਦੇਵੇ।
ਵੀਵੀਆਈਪੀ ਸੁਰੱਖਿਆ ਘਟਾਉਣ, ਪੁਲਿਸ ਮੁਲਾਜ਼ਮ ਫੀਲਡ ’ਚ ਤਾਇਨਾਤ ਹੋਣ : ਵਿੰਗ ਕਮਾਂਡਰ ਕੁਲਵੰਤ ਸਿੰਘ
ਵਿੰਗ ਕਮਾਂਡਰ ਕੁਲਵੰਤ ਸਿੰਘ ਸੰਧੂ (ਰਿਟਾ.) ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਆਗੂਆਂ ਨੂੰ ਸਿਆਸਤ ਨੂੰ ਪੇਸ਼ਾ ਬਣਾਉਣ ਤੋਂ ਬਾਜ਼ ਆਉਣ ਪਵੇਗਾ। ਜਦੋਂ ਨੇਤਾ ਕਰੋਡ਼ਾਂ ਖ਼ਰਚ ਕਰ ਕੇ ਕੁਰਸੀ ਤਕ ਪਹੁੰਚੇਗਾ ਤਾਂ ਉਹ ਭ੍ਰਿਸ਼ਟਾਚਾਰ ਹੀ ਕਰੇਗਾ। ਭ੍ਰਿਸ਼ਟਾਚਾਰ ’ਚ ਸ਼ਾਮਲ ਆਗੂਆਂ ਖ਼ਿਲਾਫ਼ ਫ਼ੌਜ ਵਾਂਗ ਕੋਰਟ ਮਾਰਸ਼ਲ ਹੋਣਾ ਚਾਹੀਦਾ ਹੈ। ਤਾਂ ਹੀ ਉਹ ਬਾਜ਼ ਆਉਣਗੇ। ਆਗੂਆਂ ਤੋਂ ਇਲਾਵਾ ਉਨ੍ਹਾਂ ਦੇ ਖ਼ਾਸ ਵਿਅਕਤੀਆਂ ਨੂੰ ਦਿੱਤੀ ਜਾਣ ਵਾਲੀ ਵੀਵੀਆਈਪੀ ਸੁਰੱਖਿਆ ਬੰਦ ਕਰਨੀ ਚਾਹੀਦੀ ਹੈ। ਇਨ੍ਹਾਂ ਪੁਲਿਸ ਮੁਲਜ਼ਮਾਂ ਨੂੰ ਫੀਲਡ ’ਚ ਤਾਇਨਾਤ ਕੀਤਾ ਜਾਵੇ। ਬਾਰਡਰ ’ਤੇ ਜ਼ਿਆਦਾ ਫੋਕਸ ਕੀਤਾ ਜਾਵੇ।
ਸਿੱਖਿਆ ਪ੍ਰਣਾਲੀ ’ਚ ਤਬਦੀਲੀ ਦੀ ਲੋਡ਼ : ਬ੍ਰਿਗੇਡੀਅਰ ਜੁਗਿੰਦਰ ਜਸਵਾਲ
ਵੀਰ ਚੱਕਰ ਤੇ ਸੈਨਾ ਮੈਡਲ ਨਾਲ ਸਨਮਾਨਿਤ ਬ੍ਰਿਗੇਡੀਅਰ ਜੁਗਿੰਦਰ ਜਸਵਾਲ (ਰਿਟਾ.) ਦਾ ਮੰਨਣਾ ਹੈ ਕਿ ਸੂਬੇ ਦੀ ਅੰਦਰੂਨੀ ਸੁਰੱਖਿਆ ਲਈ ਪੁਲਿਸ ਤੇ ਫ਼ੌਜ ਤਾਂ ਆਪਣਾ ਕੰਮ ਕਰ ਰਹੀ ਹੈ, ਪਰ ਸਿੱਖਿਆ ਪ੍ਰਣਾਲੀ ’ਚ ਥੋਡ਼੍ਹੀ ਤਬਦੀਲੀ ਕਰਨ ਤੇ ਨਸ਼ੇ ’ਤੇ ਲਗਾਮ ਲਾਉਣ ਦੀ ਲੋਡ਼ ਹੈ। ਅੰਦਰੂਨੀ ਸੁਰੱਖਿਆ ’ਤੇ ਜਦੋਂ ਵੀ ਖ਼ਤਰੇ ਦੀ ਗੱਲ ਸਾਹਮਣੇ ਆਉਂਦੀ ਹੈ, ਤਾਂ ਉਸ ’ਚ ਨਸ਼ੇ ਨਾਲ ਕਮਾਏ ਗਏ ਪੈਸੇ ਦੀ ਵਰਤੋਂ ਸਾਹਮਣੇ ਆਉਂਦੀ ਹੈ। ਸਿੱਖਿਆ ਦੇ ਹਥਿਆਰ ਨਾਲ ਹੀ ਨਸ਼ੇ ’ਤੇ ਕਾਬੂ ਪਾਇਆ ਜਾਵੇ। ਮਾਪੇ ਵੀ ਜ਼ਿੰਮੇਵਾਰੀ ਨਿਭਾਉਣ।
ਸਜ਼ਾ ਅਜਿਹੀ ਹੋਵੇ ਕਿ ਕੋਈ ਹਿਮਾਕਤ ਵੀ ਨਾ ਕਰੇ : ਕਰਨਲ ਪੀਐੱਸ ਭੰਦਰਾਲ
ਪਠਾਨਕੋਟ ਦੇ ਕਰਨਲ ਪੀਐੱਸ ਭੰਦਰਾਲ (ਰਿਟਾ.) ਮੁਤਾਬਕ ਨਾਰਕੋ ਟੈਰੋਰਿਜ਼ਮ ਬੇਹੱਦ ਗੰਭੀਰ ਮਾਮਲਾ ਹੈ। ਸਰਹੱਦ ਪਾਰੋਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਕ ਪਾਸੇ ਦੇਸ਼ ਦੇ ਨੌਵਜਾਨਾਂ ਦਾ ਭਵਿੱਖ ਚੌਪਟ ਹੋ ਰਿਹਾ ਹੈ, ਉੱਥੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਵੀ ਖ਼ਤਰਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਾਨੂੰਨ ਨੂੰ ਸਖ਼ਤ ਬਣਾ ਕੇ ਨਸ਼ੇ ਦੇ ਕਾਰੋਬਾਰ ਨਾਲ ਜੁਡ਼ੇ ਲੋਕਾਂ ’ਤੇ ਸ਼ਿਕੰਜਾ ਕੱਸਿਆ ਜਾਵੇ। ਸਜ਼ਾ ਅਜਿਹੀ ਹੋਵੇ ਕਿ ਲੋਕ ਨਸ਼ੇ ਤੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨਾਲ ਖਿਲਵਾਡ਼ ਕਰਨ ਦੀ ਹਿੰਮਤ ਵੀ ਨਾ ਕਰਨ।
ਸਰਹੱਦੀ ਜ਼ਿਲ੍ਹਿਆਂ ’ਚ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਲਵੇ ਸਰਕਾਰ : ਕੁੰਵਰ ਰਵਿੰਦਰ ਸਿੰਘ
ਸ਼ਹੀਦ ਸੈਨਿਕ ਸੁਰੱਖਿਆ ਕੌਂਸਲ ਪਰਿਵਾਰ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਦਾ ਮੰਨਣਾ ਸੀ ਕਿ ਆਉਣ ਵਾਲੀ ਨਵੀਂ ਸਰਕਾਰ ਨੂੰ ਜੰਮੂ-ਕਸ਼ਮੀਰ ਦੀ ਤਰਜ਼ ’ਤੇ ਸਰਹੱਦੀ ਇਲਾਕਿਆਂ ’ਚ ਵਿਲੇਜ ਡਿਫੈਂਸ ਕਮੇਟੀਆਂ ਗਠਿਤ ਕਰਨੀਆਂ ਚਾਹੀਦੀਆਂ ਹਨ। ਇਸ ’ਚ ਸਾਬਕਾ ਸੈਨਿਕਾਂ ਨੂੰ ਰੱਖਣਾ ਚਾਹੀਦਾ ਹੈ। ਇਸ ਨਾਲ ਸੁਰੱਖਿਆ ਤੰਤਰ ਤਾਂ ਮਜ਼ਬੂਤ ਹੋਵੇਗਾ ਹੀ ਸਰਹੱਦ ਪਾਰੋਂ ਹੋੋਣ ਵਾਲੀ ਤਸਕਰੀ ’ਤੇ ਰੋਕ ਲੱਗੇਗੀ। ਤਕਨੀਕ ਦਾ ਜਵਾਬ ਤਕਨੀਕ ਨਾਲ ਹੀ ਦਿੱਤਾ ਜਾ ਸਕਦਾ ਹੈ। ਨਸ਼ੇ ਤੇ ਹਥਿਆਰਾਂ ਦੇ ਸੌਦਾਗਰਾਂ ਨੂੰ ਉਮਰਕੈਦ ਦੀ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ।
ਦੂਜੇ ਸੂਬਿਆਂ ਤੋਂ ਆਉਣ ਵਾਲੇ ਹਰ ਵਾਹਨ ਦੀ ਡੂੰਘਾਈ ਨਾਲ ਹੋਵੇ ਜਾਂਚ : ਰਾਜਿੰਦਰ ਸ਼ਰਮਾ
ਸਮਾਜਿਕ ਵਰਕਰ ਰਾਜਿੰਦਰ ਸ਼ਰਮਾ ਰਾਜੂ ਦਾ ਕਹਿਣਾ ਹੈ ਕਿ ਸੂਬੇ ’ਚ ਅੱਤਵਾਦ ਦਾ ਖ਼ਤਰਾ ਮੁਡ਼ ਤੋਂ ਮੰਡਰਾ ਰਿਹਾ ਹੈ। ਹਾਲ ਹੀ ’ਚ ਅੰਮ੍ਰਿਤਰ ਤੇ ਗੁਰਦਾਸਪੁਰ ਤੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ। ਅੰਮ੍ਰਿਤਸਰ ’ਚ ਟਿਫਨ ਬੰਬ ਵੀ ਮਿਲੇ। ਇਹ ਬੇਹੱਦ ਚਿੰਤਾਜਨਕ ਹੈ। ਇਹ ਪੁਲਿਸ ਦੀ ਅਸਫਲਤਾ ਹੈ ਕਿ ਧਮਾਕਾਖੇਜ਼ ਸਮੱਗਰੀ ਪੰਜਾਬ ’ਚ ਪਹੁੰਚ ਰਹੀ ਹੈ। ਜੇਕਰ ਸਥਾਨਕ ਨਾਗਰਿਕ ਪੁਲਿਸ ਨੂੰ ਸੂਚਨਾ ਨਾ ਦਿੰਦੇ ਤਾਂ ਪਤਾ ਨਹੀਂ ਕੀ ਹੁੰਦਾ। ਸਰਕਾਰ ਤੇ ਖ਼ੁਫ਼ੀਆ ਏਜੰਸੀਆਂ ਸੂਚਨਾ ਤੰਤਰ ਨੂੰ ਮਜ਼ਬੂਤ ਕਰਨ। ਦੂਜੇ ਸੂਬਿਆਂ ਤੋਂ ਆਉਣ ਵਾਲੇ ਹਰ ਵਾਹਨ ਦੀ ਜਾਂਚ ਹੋਵੇ।
ਸਰਹੱਦੀ ਖੇਤਰ ’ਚ ਤਸਕਰਾਂ ਦਾ ਨੈੱਟਵਰਕ ਤੋਡ਼ਨਾ ਪਵੇਗਾ : ਕੈਪਟਨ ਕੁਲਦੀਪ ਸਿੰਘ
ਗੁਰਦਾਸਪੁਰ ਦੇ ਕੈਪਟਨ ਕੁਲਦੀਪ ਸਿੰਘ ਭੰਡਾਲ ਨੇ ਕਿਹਾ ਕਿ ਕਿਸੇ ਵੀ ਦੇਸ਼ ਲਈ ਸਭ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਜ਼ਰੂਰੀ ਹੈ। ਬਾਰਡਰ ਨਾਲ ਲੱਗੇ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੂੰ ਜ਼ਿਆਦਾ ਯਤਨ ਕਰਨੇ ਚਾਹੀਦੇ ਹਨ। ਇਨ੍ਹਾਂ ਖੇਤਰਾਂ ’ਚ ਤਸਕਰਾਂ ਦਾ ਨੈੱਟਵਰਕ ਤੋਡ਼ਨ ਲਈ ਯਤਨ ਕਰਨੇ ਪੈਣਗੇ। ਇਸਦੇ ਲਈ ਵੱਡੇ ਪੱਧਰ ’ਤੇ ਵਿਸ਼ੇਸ਼ ਮੁਹਿੰਮ ਚਲਾਉਣੀ ਪਵੇਗੀ। ਤਸਕਰੀ ਤੋਂ ਆਉਣ ਵਾਲਾ ਪੈਸਾ ਹੀ ਅੱਤਵਾਦ ’ਚ ਇਸਤੇਮਾਲ ਹੁੰਦਾ ਹੈ। ਇਹ ਦੋਵੇਂ ਇਕ ਦੂਜੇ ਨਾਲ ਜੁਡ਼ੇ ਹਨ। ਇਕ ਦੀ ਕਮਰ ਤੋਡ਼ਨ ਨਾਲ ਦੂਜਾ ਆਪਣੇ ਆਪ ਤਬਾਹ ਹੋ ਜਾਵੇਗਾ।
ਫ਼ੌਜ ਦੇ ਪ੍ਰਤੀ ਵਧਾਇਆ ਜਾਵੇ ਬੱਚਿਆਂ ਦਾ ਰੁਝਾਨ : ਨਰਿੰਦਰ ਬੱਸੀ
ਬਠਿੰਡਾ ਦੇ ਸਿਵਲ ਡਿਫੈਂਸ ਦੇ ਡਿਪਟੀ ਚੀਫ ਵਾਰਡਨ ਨਰਿੰਦਰ ਬੱਸੀ ਨੇ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੇ ਦੇਸ਼ ਬਾਰੇ ਜਾਣਕਾਰੀ ਸ਼ੁਰੂ ਤੋਂ ਹੀ ਦੇਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ 11ਵੀਂ ਤੋਂ ਬਾਅਦ ਬੱਚਿਆਂ ’ਚ ਫ਼ੌਜ ਪ੍ਰਤੀ ਰੁਝਾਨ ਵਧਾਉਣਾ ਸ਼ੁਰੂ ਕਰੇ। ਬੱਚਿਆਂ ਦੇ ਸਿਲੇਬਸ ’ਚ ਮਹਾਪੁਰਸ਼ਾਂ ਤੇ ਕ੍ਰਾਂਤੀਕਾਰੀਆਂ ’ਤੇ ਅਧਾਰਤ ਸਮੱਗਰੀ ਵਧਾਈ ਜਾਵੇ। ਉਨ੍ਹਾਂ ਨੂੰ ਸਕੂਲ ਦੌਰਾਨ ਹੀ ਸ਼ਹੀਦੀ ਯਾਦਗਾਰਾਂ ਤੇ ਮਹਾਪੁਰਸ਼ਾਂ ਦੀਆਂ ਯਾਦਗਾਰਾਂ ਦੀ ਯਾਤਰਾ ਕਰਵਾਈ ਜਾਵੇ। ਉਨ੍ਹਾਂ ਨੂੰ ਦੇਸ਼ਭਗਤੀ ਦੀਆਂ ਫਿਲਮਾਂ ਦਿਖਾਈਆਂ ਜਾਣ। ਇਸ ਨਾਲ ਉਨ੍ਹਾਂ ਨੂੰ ਰਾਸ਼ਟਰ ਭਗਤੀ ਦਾ ਜਜ਼ਬਾ ਪੈਦਾ ਹੋਵੇਗਾ।
ਪੁਲਿਸ ਨੂੰ ਮਿਲੇ ਛੋਟ, ਸਿਆਸੀ ਦਖ਼ਲਅੰਦਾਜ਼ੀ ਬੰਦ ਹੋਵੇ
ਸਾਬਕਾ ਡੀਜੀਪੀ ਡੀਆਰ ਭੱਟੀ ਕਹਿੰਦੇ ਹਨ ਕਿ ਪੰਜਾਬ ਬਾਰਡਰ ਸਟੇਟ ਹੈ, ਇਸ ਲਈ ਪੁਲਿਸ ਨੂੰ ਫ੍ਰੀ ਹੈਂਡ ਮਿਲਣਾ ਚਾਹੀਦਾ ਹੈ। ਤਾਂ ਹੀ ਸਰਹੱਦ ਪਾਰੋਂ ਆਉਣ ਵਾਲੇ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਰੋਕੀ ਜਾ ਸਕਦੀ ਹੈ। ਥਾਣਿਆਂ ’ਚ ਜਾਂਚ ਤੇ ਲਾ ਐਂਡ ਆਰਡਰ ਲਈ ਵੱਖ ਵਿਭਾਗ ਬਣਾਉਣ ਦੀ ਲੋਡ਼ ਹੈ। ਪੁਲਿਸ ’ਚ ਵਿਧਾਇਕ ਪੱਧਰ ਦੀ ਦਖ਼ਲਅੰਦਾਜ਼ੀ ਬੰਦ ਕਰਨ ਦੀ ਜ਼ਰੂਰਤ ਹੈ। ਉੱਥੇ, ਰਿਟਾਇਰਡ ਆਈਪੀਐੱਸ ਅਧਿਕਾਰੀ ਇਕਬਾਲ ਸਿੰਘ ਗਿੱਲ ਵੀ ਪੁਲਿਸ ਨੂੰ ਖੁੱਲ੍ਹੀ ਛੋਟ ਦੇਣ ਦੀ ਗੱਲ ਕਹਿੰਦੇ ਹਨ। ਉਨ੍ਹਾਂ ਮੁਤਾਬਕ ਨਸ਼ਾ ਬੰਦ ਹੋਵੇਗਾ ਤਾਂ ਹੀ ਪੁਲਿਸ ਦਾ ਕੰਮ ਘੱਟ ਹੋਵੇਗਾ।