Election Campaign : …ਜਦੋਂ ਮੁੱਖ ਮੰਤਰੀ ਚੰਨੀ ਨੇ ਢਾਬੇ ‘ਤੇ ਲਾਇਆ ਛੋਲਿਆਂ ਨੂੰ ਤੜਕਾ, ਫਿਰ ਖਾਧੀ ਰੋਟੀ

ਲੁਧਿਆਣਾ, ਮੀਡੀਆ ਬਿਊੂਰੋ:

ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆਉਂਦੇ ਦੇਖ ਪੰਜਾਬ ਦਾ ਸਿਆਸੀ ਪਾਰਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਉਧਰ ਐਤਵਾਰ ਨੂੰ ਕਾਂਗਰਸ ਪਾਰਟੀ ਨੇ ਜਿਵੇਂ ਹੀ ਸ਼ਾਮ ਕਰੀਬ 5 ਵਜੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਵਰਚੁਅਲ ਰੈਲੀ ਖ਼ਤਮ ਕੀਤੀ ਤਾਂ ਚੰਨੀ ਦਾ ਜੋਸ਼ ਦੇਖਿਆਂ ਹੀ ਬਣਦਾ ਸੀ। ਰੈਲੀ ਸਥਾਨ ਤੋਂ ਬਾਹਰ ਨਿਕਲਦੇ ਹੀ ਜਿਵੇਂ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਕਾਫ਼ਲਾ ਸ਼ਹਿਰ ਵੱਲ ਨੂੰ ਤੁਰਿਆ ਤਾਂ ਉਸ ਦੇ ਉਲਟ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫ਼ਲਾ ਮੁੱਲਾਂਪੁਰ ਰਾਏਕੋਟ ਵੱਲ ਚੋਣ ਪ੍ਰਚਾਰ ਲਈ ਨਿਕਲ ਪਿਆ।

ਪੇਂਡੂ ਹਲਕਿਆਂ ਦੇ ਚੋਣ ਪ੍ਰਚਾਰ ਤੋਂ ਵਿਹਲੇ ਹੋ ਮੁੜ ਲੁਧਿਆਣਾ ਸ਼ਹਿਰ ਵਿੱਚ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਗਿੱਲ ਰੋਡ ਤੋਂ ਹੁੰਦੇ ਹੋਏ ਏਟੀਆਈ ਕਾਲਜ ਦੇ ਨਾਲ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਦੱਖਣੀ ਦੀ ਹੱਦ ਤੇ ਚੱਲ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿਚ ਭੁੱਲਰ ਢਾਬਾ ਨਜ਼ਰ ਆਇਆ। ਉਨ੍ਹਾਂ ਤੁਰੰਤ ਹੀ ਭੁੱਖ ਲੱਗੀ ਹੋਣ ਕਾਰਨ ਕਾਫ਼ਲਾ ਰੁਕਵਾ ਲਿਆ ਅਤੇ ਗੱਡੀ ਵਿੱਚੋਂ ਉਤਰ ਕੇ ਢਾਬੇ ‘ਤੇ ਪੁੱਜ ਗਏ ਜਿੱਥੇ ਉਨ੍ਹਾਂ ਆਪਣੇ ਅੰਦਾਜ਼ ਵਿਚ ਪਹਿਲਾਂ ਛੋਲਿਆਂ ਨੂੰ ਖ਼ੁਦ ਤੜਕਾ ਲਾਇਆ ਅਤੇ ਫਿਰ ਢਾਬੇ ਦੇ ਕਾਊਂਟਰ ਦੇ ਬਾਹਰ ਖੜ੍ਹੇ ਹੋ ਕੇ ਮਾਲਕ ਉਂਕਾਰ ਸਿੰਘ ਤੋਂ ਰੋਟੀ ਮੰਗਵਾਈ। ਜਿੱਥੇ ਉਨ੍ਹਾਂ ਢਾਬੇ ਦੇ ਬਾਹਰ ਖੜ੍ਹੇ ਹੋ ਕੇ ਹੀ ਰੋਟੀ ਖਾਧੀ ਅਤੇ ਆਪਣੇ ਨਾਲ ਦੇ ਸਾਥੀ ਨੂੰ ਢਾਬਾ ਮਾਲਕ ਨੂੰ ਪੈਸੇ ਦੇਣ ਬਾਰੇ ਆਖ ਇਲਾਕੇ ਦੇ ਲੋਕਾਂ ਨਾਲ ਸੈਲਫੀਆਂ ਖਿਚਵਾਉਣ ਲੱਗੇ। ਇਸ ਦੌਰਾਨ ਮੁੱਖ ਮੰਤਰੀ ਨੂੰ ਆਮ ਢਾਬੇ ਤੇ ਰੋਟੀ ਖਾਂਦੇ ਦੇਖ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਅਗਲੇ ਪੰਜ ਸਾਲ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਨ ਲੱਗੇ। ਇਲਾਕੇ ਦੇ ਲੋਕਾਂ ਨਾਲ ਗੱਲਾਂ ਕਰਦੇ ਕਰਦੇ ਮੁੱਖ ਮੰਤਰੀ ਆਪਣੀ ਗੱਡੀ ਵਿੱਚ ਬੈਠ ਅੱਗੇ ਨਿਕਲ ਗਏ।

ਜਦੋਂ ਇਸ ਸਬੰਧੀ ਭੁੱਲਰ ਢਾਬੇ ਦੇ ਮਾਲਕ ਓਂਕਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਢਾਬੇ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਵੀਵੀਆਈਪੀ ਰੋਟੀ ਖਾਣ ਲਈ ਰੁਕਿਆ ਜਿਸ ਦੀ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਹੈ।

Share This :

Leave a Reply