ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਐਟਲਾਂਟਾ ਖੇਤਰ ਵਿਚ ਇਸ ਸਾਲ ਮਾਰਚ ਵਿੱਚ ਮਸਾਜ਼ ਤੇ ਬਿਊਟੀ ਪਾਰਲਰਾਂ ਵਿਚ ਗੋਲੀਆਂ ਚਲਾ ਕੇ ਏਸ਼ੀਅਨ ਮੂਲ ਦੀਆਂ 6 ਔਰਤਾਂ ਸਮੇਤ 8 ਵਿਅਕਤੀਆਂ ਦੀ ਹੱਤਿਆ ਕਰਨ ਵਾਲੇ ਦੋਸ਼ੀ ਰਾਬਰਟ ਐਰੋਨ ਲਾਂਗ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਉਸ ਨੂੰ 4 ਹੱਤਿਆਵਾਂ ਦੇ ਮਾਮਲੇ ਵਿਚ 4 ਵਾਰ ਉਮਰ ਕੈਦ ਤੇ ਇਸ ਤੋਂ ਇਲਾਵਾ 35 ਸਾਲਾਂ ਦੀ ਵੱਖਰੀ ਸਜ਼ਾ ਸੁਣਾਈ ਹੈ। ਚੇਰੋਕੀ ਕਾਊਂਟੀ, ਜਾਰਜੀਆ ਦੀ ਅਦਾਲਤ ਵਿਚ ਰਾਬਰਟ ਐਰੋਨ ਦੀ ਪੇਸ਼ੀ ਸਮੇ ਉਸ ਨੂੰ ਹੱਥ ਕੜੀ ਵਿਚ ਜਕੜਿਆ ਹੋਇਆ ਸੀ। ਉਸ ਦੀ ਜਮਾਨਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜੇ ਮਾਮਲੇ ਦੀ ਪੂਰੀ ਸੁਣਵਾਈ ਨਹੀਂ ਹੋਈ ਤੇ ਮਾਮਲੇ ਦੀ ਮੁਕੰਮਲ ਸੁਣਵਾਈ ਉਪਰੰਤ ਉਸ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਅੱਜ 23 ਦੋਸ਼ਾਂ ਤਹਿਤ ਸਜ਼ਾ ਸੁਣਾਈ ਗਈ ਜਦ ਕਿ ਨਸਲੀ ਆਧਾਰ ‘ਤੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਤੇ ਹਤਿਆਵਾਂ ਕਰਨ ਦੇ 19 ਦੋਸ਼ਾਂ ਤਹਿਤ ਅਜੇ ਸੁਣਵਾਈ ਹੋਣੀ ਹੈ।
ਅਦਾਲਤ ਵਿਚ ਰਾਬਰਟ ਨੇ ਦੱਸਿਆ ਕਿ ਕਿਸ ਤਰਾਂ ਉਸ ਨੇ 3 ਸਪਾ ਕੇਂਦਰਾਂ ਵਿਚੋਂ ਪਹਿਲਾਂ ਇਕ ਵਿਚ ਗੋਲੀਆਂ ਚਲਾਈਆਂ। ਉਸ ਨੇ ਜੱਜ ਨੂੰ ਦਸਿਆ ਕਿ ਉਸ ਨੇ ਪਹਿਲਾਂ ਕਾਰ ਵਿਚ ਬੈਠ ਕੇ ਇਕ ਘੰਟਾ ਸ਼ਰਾਬ ਪੀਤੀ ਤੇ ਉਸ ਦੇ ਮੰਨ ਵਿਚ ਖੁਦ ਨੂੰ ਮਾਰਨ ਜਾਂ ਲੋਕਾਂ ਨੂੰ ਮਾਰਨ ਦੀ ਕਸ਼ਮਕਸ਼ ਚਲਦੀ ਰਹੀ। ਉਸ ਨੇ ਲੋਕਾਂ ਨੂੰ ਮਾਰਨ ਦਾ ਫੈਸਲਾ ਕੀਤਾ। ਉਹ ਬਾਥਰੂਮ ਗਿਆ ਤੇ ਵਾਪਿਸ ਆ ਕੇ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ ਕਿ ਉਹ ਮਾਰੇ ਗਏ ਲੋਕਾਂ ਵਿਚੋਂ ਕਿਸੇ ਨੂੰ ਵੀ ਜਾਣਦਾ ਨਹੀਂ ਸੀ। ਇਥੇ ਜਿਕਰਯੋਗ ਹੈ ਇਸ ਸਾਲ 16 ਮਾਰਚ ਨੂੰ ਲਾਂਗ ਨੇ ਐਟਲਾਂਟਾ ਦੇ ਬਾਹਰਵਾਰ ਤਕਰੀਬਨ 30 ਕਿਲੋਮੀਟਰ ਦੂਰ ਯੰਗ ਸਪਾ ਤੇ ਫਿਰ ਦੋ ਹੋਰ ਮਸਾਜ਼ ਪਾਰਲਰਾਂ ਵਿਚ ਗੋਲੀਆਂ ਚਲਾ ਕੇ 8 ਲੋਕਾਂ ਨੂੰ ਮਾਰ ਦਿੱਤਾ ਸੀ। ਇਹ ਬਿਊਟੀ ਪਾਰਲਰ ਏਸ਼ੀਅਨ ਮੂਲ ਦੀਆਂ ਅਮਰੀਕੀ ਔਰਤਾਂ ਦੇ ਸਨ। ਪੁਲਿਸ ਨੇ ਦੋਸ਼ੀ ਨੂੰ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ ਸੀ।