ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ‘ਤੇ ਅਸੀ ਭਾਰਤ ਨੂੰ ਵਿਸ਼ਵਗੁਰੂ ਦਾ ਤਖੱਲਸ ਆਪੂ ਹੀ ਬਖਸ਼ ਦਿੱਤਾ ਹੈ।ਚਾਹੇ ਦੇਸ਼ ਦੇ ਵਸਨੀਕ ਬਿਮਾਰੀਆਂ ਨਾਲ ਮਰ ਰਹੇ ਹੋਣ ਜਾਂ ਆਕਸੀਜਨ ਦੀ ਘਾਟ ਨਾਲ , ਜਾਂ ਫਿਰ ਸਭ ਤੋਂ ਖਤਰਨਾਕ ਬਿਮਾਰੀ , ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹੋਣ , ਪਰ ਅਸੀਂ ਭਾਰਤ ਨੂੰ ਵਿਸ਼ਵਗੁਰੂ ਬਣਾ ਕੇ ਹੀ ਦਮ ਲੈਣਾ ਹੈ। ਕਿਉਂਕਿ ਕੋਈ ਵੀ ਪਦਵੀ/ ਅਹੁਦਾ ਹਾਸਲ ਕਰਨ ਲਈ ਕੋਈਨਾਕੋਈ ਕੀਮਤ ਤਾਂ ਤਾਰਨੀ ਹੀ ਪੈਣੀ ਹੈ,ਉਹ ਚਾਹੇ ਆਮ ਵਿਅਕਤੀ ਦੀ ਜ਼ਿੰਦਗੀ ਹੀ ਕਿਉਂ ਨਾ ਹੋਵੇ। ਮਜ਼ਦੂਰ ਵਰਗ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਇਹ ਵਰਗ ਹੁਣ ਤੱਕ ਆਪਣੇ ਪੈਸੇ ‘ਤੇ ਖੜੇ ਹੋਣ ਦੇ ਕਾਬਲ ਨਹੀ ਹੋ ਸਕਿਆ, ਸਭ ਤੋਂ ਵੱਡਾ ਕਾਰਨ ਇਸਦਾ ਅਨਪੜ੍ਹਤਾ ਅਤੇ ਜਾਣਕਾਰੀ ਦੀ ਘਾਟ ਹੈ।
ਰਿਆਸਤ ਸਟੇਟ ਦੀਆਂ ਰਾਜ ਕਰਦੀਆਂ ਧਿਰਾਂ ਕਦੇ ਨਹੀਂ ਚਾਹੁੰਦੀਆਂ ਕਿ ਕਿਰਤੀ ਮਜ਼ਦੂਰ ਵਰਗ ਨੂੰ ਕੁਝ ਸੋਝੀ ਹਾਸਲ ਹੋਵੇ, ਕਿਉਂਕਿ ਰਾਜਨੀਤਕ ਵਪਾਰਕ ਬਿਰਤੀ ਵਾਲੀਆ ਧਿਰਾਂ ਨੂੰ ਸਿਰਫ਼ ਜੀ ਹਜੂਰੀਏ ਕਾਮੇ ਹੀ ਚਾਹੀਦੇ ਹਨ, ਜੋ ਉਹਨਾਂ ਲਈ ਸਦਾ ਸਿਰ ਝੁਕਾ ਕੇ ਕੰਮ ਕਰਦੇ ਰਹਿਣ ਅਤੇ ਆਪਣੀ ਭਲਾਈ/ ਹੱਕਾਂ ਲਈ ਕੁਝ ਵੀ ਹਾਸਿਲ ਕਰਨ ਤੋਂ ਪਹਿਲਾ ਸੋਸੋ ਵਾਰ ਸੋਚਣ। ਤਾਲਾਬੰਦੀ ਨੇ ਇਸ ਸਭ ਦੇ ਪ੍ਰਤੱਖ ਦਰਸ਼ਨ ਸਾਨੂੰ ਸਾਰਿਆ ਨੂੰ ਕਰਵਾ ਦਿੱਤੇ ਹਨ, ਸਾਲਾਂ ਦਹਾਕਿਆਂ ਤੋਂ ਕਿਸੇ ਕਾਰਖਾਨੇ, ਫੈਕਟਰੀ ਆਦਿ ‘ਚ ਕੰਮ ਕਰਦੇ ਮਜ਼ਦੂਰ ਵਰਗ ਨੂੰ ਦੇਸ਼ ਦੇ ਪ੍ਰਧਾਨ ਸੇਵਕ ਦਾ ਤਿੰਨ ਘੰਟੇ ਦਾ ਦਿੱਤਾ ਸਮਾਂ ਹੀ ਦਲਦਲ ਵਿੱਚ ਧੱਕਣ ਲਈ ਕਾਫ਼ੀ ਮਾਰੂ ਸਿੱਧ ਹੋਇਆ।ਮਜ਼ਦੂਰਾਂ ਦੀ ਉਹਨਾਂ ਦੇ ਕੰਮ ਕਾਰ ਤੋਂ ਛੁੱਟੀ ਕਰ ਦਿੱਤੀ ਗਈ, ਅਤੇ ਉਹ ਭੁੱਖੇ ਮਰਨ ਲਈ ਮਜਬੂਰ ਹੋ ਗਏ। ਕਰੋਨਾ ਮਹਾਂਮਾਰੀ ਨਾਲੋਂ ਭੁੱਖ ਦੀ ਮਹਾਂਮਾਰੀ ਜ਼ਿਆਦਾ ਭਿਆਨਕ ਨਜ਼ਰ ਆਉਣ ‘ਤੇ ਮਜ਼ਦੂਰ ਵਰਗ ਆਪਣੇ ਜੱਦੀਪੁਸ਼ਤੀ ਘਰਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਹੋ ਗਿਆ। ਉਹਨਾਂ ਨਗਰਾਂ ,ਮਹਾਂਨਗਰਾਂ ਨੇ ਬੇਗ਼ਾਨਗੀ ਦਾ ਅਹਿਸਾਸ ਹੀ ਦਵਾਇਆਂ , ਜਿਨ੍ਹਾਂ ਲਈ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਮਜ਼ਦੂਰ ਵਰਗ ਨੇ ਦਿੱਤਾ ।
ਇਸ ਤਰਾਸਦੀ ਦਾ ਸ਼ਿਕਾਰ ਸਭ ਤੋਂ ਵੱਧ ਉਹ ਵਰਗ ਹੋਇਆ , ਜਿਹੜਾ ਨਿੱਤ ਖੂਹ ਪੁੱਟਕੇ ਉਹਦਾ ਪਾਣੀ ਪੀਂਦਾ ਅਤੇ ਅਗਲੇ ਦਿਨ ਨਵਾਂ ਖੂਹ ਪੁੱਟਣ ਲਈ ਜੱਦੋਜਹਿਦ ਕਰਦਾ। ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਦੇਸ਼ ਦੀ ਇੱਕ ਤਿਹਾਈ ਵੱਸੋਂ ਭੁਖਮਰੀਂ ਦੀ ਸ਼ਿਕਾਰ ਹੈ ਅਤੇ ਰਾਤਾਂ ਫੁੱਟਪਾਥਾਂ ‘ਤੇ ਕੱਟਣ ਲਈ ਮਜ਼ਬੂਰ ਹੈ। ਅੱਜ ਤੱਕ ਅਸੀਂ ਦੇਸ਼ ਦੇ ਆਮ, ਗਰੀਬੀ ਦੀ ਮਾਰ ਸਹਿ ਰਹੇ ਵਰਗ ਨੂੰ ਦੋ ਵਕਤ ਦੀ ਰੋਟੀ ਦੇਣ ਦੇ ਕਾਬਿਲ ਨਹੀਂ ਹੋ ਸਕੇ।107 ਦੇਸ਼ਾਂ ਦੀ ਸੂਚੀ ‘ਚੋਂ 94 ਨੰਬਰ ਤੇ ਭਾਰਤ ਦਾ ਆਉਣਾ ਹੀ ਇਹ ਸਾਬਿਤ ਕਰਦਾ ਹੈ ਕਿ ਜ਼ਿਆਦਾਤਰ ਆਮ ਭਾਰਤੀ ਲੋਕ ਇੱਕ ਡੰਗ ਦੀ ਰੋਟੀ ਦਾ ਪ੍ਰਬੰਧ ਕਰਨ ਦੇ ਕਾਬਿਲ ਵੀ ਨਹੀਂ ਹਨ। ਆਪਣੀ ਪੇਟ ਦੀ ਭੁੱਖ ਮਿਟਾਉਣ ਲਈ ਗਰੀਬ ਮਜ਼ਦੂਰ ਵਰਗ ਨੂੰ ਦੂਰਦਰਾਂਡੇ ਦੇ ਸ਼ਹਿਰਾਂ ਵੱਲ ਨੂੰ ਪਲਾਇਣ ਕਰਨਾ ਪਿਆ ਅਤੇ ਪੈ ਰਿਹਾ ਹੈ।ਇਸ ਇੱਕ ਮੁੱਖ ਕਾਰਨ ਇਹ ਹੈ ਕਿ ਭਾਰਤ ਪਿੰਡਾਂ ਦਾ ਦੇਸ਼ ਹੈ ਅਤੇ ਭਾਰਤ ਦੀ ਜ਼ਿਆਦਾਤਰ ਪੇਂਡੂ ਅਬਾਦੀ ਖੇਤੀ ਖੇਤਰ ‘ਤੇ ਨਿਰਭਰ ਕਰਦੀ ਹੈ। ਆਧੁਨਿਕ ਢੰਗਾਂ ਤਕਨੀਕਾਂ ਦੀ ਆਮਦ ਨਾਲ ਖੇਤੀ ਸੈਕਟਰ ਹੁਣ ਪਹਿਲਾਂ ਜਿੰਨੀ ਵਸੋਂ ਨੂੰ ਰੋਟੀ / ਰੁਜ਼ਗਾਰ ਪ੍ਰਦਾਨ ਨਹੀ ਕਰ ਸਕਦਾ, ਜਿਸਦਾ ਨਤੀਜਾ ਪਰਵਾਸ ਦੇ ਰੂਪ ‘ਚ ਸਾਡੇ ਸਾਹਮਣੇ ਹੈ।
ਸ਼ਹਿਰਾਂ ਵੱਲ ਨੂੰ ਪਲਾਇਣ ਇਹ ਖੇਤ ਮਜ਼ਦੂਰ ਕਾਰਖ਼ਾਨਿਆਂ, ਫੈਕਟਰੀਆਂ ਆਦਿ ਕੰਮ ਕਰਨ ਲਈ ਮਜ਼ਬੂਰ ਹੁੰਦੇ ਹਨ। ਸਭ ਤੋਂ ਵੱਡੀ ਸਮੱਸਿਆ ਇਹਨਾਂ ਨੂੰ ਆਪਣੇ ਘਰਪਰਿਵਾਰ ਦੀ ਆਉਂਦੀ ਹੈ,ਸ਼ਹਿਰ ‘ਚ ਆਉਣ ਕਰਕੇ ਕੰਮ ਮਿਲਣ ਕਰਕੇ ਉਹਨਾਂ ਨੂੰ ਘਰ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪੈਂਦਾ ਹੈ।ਨਤੀਜੇ ਵਜੋਂ ਸ਼ਹਿਰਾਂ ਦੇ ਬਾਹਰ ਝੁੱਗੀਆਂਝੋਪੜੀਆਂ ਉਸਾਰਨੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਹੜੀਆਂ ਸਮੇਂ ਦੇ ਚੱਕਰ / ਬੀਤਣ ਨਾਲ ਗੰਦੀਆਂ ਬਸਤੀਆਂ/ ਦਾ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ। ਜਿਨ੍ਹਾਂ ‘ਚ ਨਾਂ ਤਾਂ ਪੀਣ ਵਾਲੇ ਪਾਣੀ ਦੀ ਯੋਗ ਵਿਵਸਥਾ ਹੁੰਦੀ ਹੈ ਅਤੇ ਨਾਂ ਹੀ ਬਿਮਾਰੀਆਂ ਤੋਂ ਬਚਾਅ ਦੇ ਉਪਾਅ ਹੁੰਦੇ ਹਨ।ਇਸ ਤੋਂ ਇਲਾਵਾ ਇਹ ਬਸਤੀਆਂ ਸ਼ਹਿਰਾਂ / ਮਹਾਂਨਗਰਾਂ ਦੀ ਸੁੰਦਰਤਾਂ ਨੂੰ ਗ੍ਰਹਿਣ ਜਰੂਰ ਲਗਾਉਦੀਆਂ ਹਨ,ਤਾਂ ਹੀ ਇਹਨਾਂ ਗੰਦੀਆਂ ਬਸਤੀਆਂ ਨੂੰ ਵਿਦੇਸ਼ੀ ਮਹਿਮਾਨਾਂ ਦੀਆਂ ਅੱਖਾਂ ਤੋਂ ਉਹਲੇ ਕਰਨ ਲਈ ਇਹਨਾਂ ਦੁਆਲੇ ਕੰਧਾਂ ਖੜੀਆਂ ਕੀਤੀਆਂ ਜਾਂਦੀਆਂ ਹਨ,ਬਜਾਇ ਇਸ ਦੇ ਕਿ ਇੱਥੇ ਰਹਿੰਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਸਮਾਜਿਕ ਬਰਾਬਰੀ ਦਾ ਹੱਕ ਦਵਾਉਣ ਦੇ।
ਦੇਸ਼ ਵਿੱਚ ਕਰੋਨਾ ਮਹਾਂਮਾਰੀ ਦੇ ਫੈਲਣ ਨਾਲ ਹਾਲਾਤ ਜਿਸ ਕਦਰ ਵਿਗੜ ਰਹੇ ਹਨ , ਮਜ਼ਦੂਰ ਵਰਗ ਦੀਆਂ ਪ੍ਰੇਸ਼ਾਨੀਆਂ ਵੀ ਦਿਨੋਂ ਦਿਨ ਵਧ ਰਹੀਆ ਹਨ।ਇੱਕ ਪਾਸੇ ਮੋਦੀ ਸਰਕਾਰ ਆਪਣੇ ਆਪ ਨੂੰ ਆਮ ਕਿਰਤੀ ਮਜ਼ਦੂਰਾਂ ਦੀ ਪਾਰਟੀ ਅਖਵਾ ਰਹੀ ਹੈ ਅਤੇ ਦੂਜੇ ਪਾਸੇ ਨਿੱਤ ਨਵੀਆਂ ਮਜ਼ਦੂਰ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਮੋਦੀ ਸਰਕਾਰ ਦੁਆਰਾ ਕਰੋਨਾ ਦੀ ਆੜ ਹੇਠ ਕਿਰਤੀ ਕਾਨੂੰਨਾਂ ਦਾ ਭੋਗ ਪਾ ਕੇ ਚਾਰ ਨਵੇ ਕਿਰਤੀ ਕੋਡ ਲਾਗੂ ਕਰਨਾ ਇਸਦੇ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਪੇਸ਼ ਕਰਦਾ ਹੈ। ਇਨ੍ਹਾਂ ਕੋਡਾਂ ਨਾਲ ਕਿਰਤੀ ਮਜ਼ਦੂਰ ਵਰਗ ਦੀਆਂ ਪ੍ਰੇਸ਼ਾਨੀਆਂ ‘ਚ ਬੇਤਹਾਸ਼ਾ ਵਾਧਾ ਹੋਇਆ ਹੈ।ਇੱਕ ਪਾਸੇ ਦੇਸ਼ ‘ਚ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ ਦੇਸ਼ ਦੀ ਜਨਤਾ ਕੋਲ ਰੁਜ਼ਗਾਰ ਦੇ ਕੋਈ ਸਾਧਨ ਨਹੀ ਹਨ। ਪਰ ਕੇਂਦਰ ਦੀ ਸਰਕਾਰ ਲੋਕਾਂ ਨੂੰ ਕੁਝ ਰਾਹਤ ਦੇਣ ਦੀ ਬਜਾਇ ਕਰਜ਼ਿਆਂ ਦੇ ਪੈਕੇਜ਼ ਦੇ ਰਹੀ ਹੈ। ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦਾ ਮੁਢਲਾ ਫ਼ਰਜ਼ ਦੇਸ਼ ਵਾਸੀਆਂ ਨੂੰ ਸਿੱਖਿਆ ,ਸਿਹਤ ਸੇਵਾਵਾਂ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੁੰਦਾ ਹੈ। ਪਰ ਕੇਂਦਰ ਦੀ ਬੀਜੇਪੀ ਸਰਕਾਰ ਆਪਣੇ ਆਗੂ ਨੇਤਾ ਦਾ ਅਕਸ ਬਚਾਉਣ ਲਈ ਆਪ ਹੁਦਰੀਆਂ ਕਰ ਰਹੀ ਹੈ।
ਵਰਿੰਦਰ ਸਿੰਘ ਭੁੱਲਰ