ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਐੱਨ ਐੱਚ ਐੱਸ ਕੋਵਿਡ ਐਪ ਵੱਲੋਂ ਲੱਖਾਂ ਲੋਕਾਂ ਨੂੰ ਇਕਾਂਤਵਾਸ ਲਈ ਭੇਜੇ ਸੁਨੇਹਿਆਂ ਦਾ ਅਸਰ ਗਲਾਸਗੋ ਵਿੱਚ ਵੀ ਵੇਖਣ ਨੂੰ ਮਿਲਿਆ। ਸ਼ੁੱਕਰਵਾਰ ਨੂੰ ਗਲਾਸਗੋ ਦੇ ਪ੍ਰਮੁੱਖ ਸੁਪਰ ਮਾਰਕੀਟ ਸਟੋਰ ਟੈਸਕੋ ਦੀਆਂ ਸੈਲਫਾਂ ਸਟਾਫ ਦੀ ਘਾਟ ਕਾਰਨ ਖਾਲੀ ਪਾਈਆਂ ਗਈਆਂ। ਇਸ ਸਮੱਸਿਆ ਦੇ ਮੱਦੇਨਜ਼ਰ ਖੁਰਾਕੀ ਸਪਲਾਈ ਦੀ ਰੱਖਿਆ ਲਈ ਐਮਰਜੈਂਸੀ ਉਪਾਅ ਸ਼ੁਰੂ ਕੀਤੇ ਗਏ ਹਨ।
ਕਿਉਂਕਿ ਸਰਕਾਰ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਕੋਰੋਨਾ ਵਾਇਰਸ ਵਿਰੁੱਧ ਦੋਵੇਂ ਟੀਕੇ ਲੱਗੇ ਹੋਏ ਲੋਕਾਂ ਨੂੰ ਇਕਾਂਤਵਾਸ ਤੋਂ ਛੂਟ ਦੇਣ ਦੀ ਬੇਨਤੀ ਕੀਤੀ ਗਈ ਸੀ। ਇਸ ਸਬੰਧੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਵਿੱਚ ਕੋਰਨਾ ਵਾਇਰਸ ਇਕਾਂਤਵਾਸ ਦੇ ਨਿਯਮਾਂ ਵਿੱਚ ਤਬਦੀਲੀਆਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਨਾਲ ਉਦਯੋਗਾਂ ਅਤੇ ਹੋਰ ਮਹੱਤਵਪੂਰਣ ਕੰਮਾਂ ਵਿੱਚ ਅਮਲੇ ਦੀ ਘਾਟ ਨਾਲ ਨਜਿੱਠਣ ਵਿੱਚ ਸਹਾਇਤਾ ਮਿਲੇਗੀ।
ਸਟਰਜਨ ਨੇ ਜਾਣਕਾਰੀ ਦਿੱਤੀ ਕਿ ਸਕਾਟਲੈਂਡ ਦੀ ਸਰਕਾਰ ਹੁਣ 10 ਦਿਨਾਂ ਤੱਕ ਘਰ ਰੁਕਣ ਦੀ ਜ਼ਰੂਰਤ ਤੋਂ ਛੋਟ ਲਈ ਅਰਜ਼ੀਆਂ ‘ਤੇ ਵਿਚਾਰ ਕਰੇਗੀ। ਇਹ ਛੋਟ ਸਿਰਫ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ ਕੋਵਿਡ -19 ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਇਸਦੇ ਇਲਾਵਾ ਉਹਨਾਂ ਨੂੰ ਇੱਕ ਨਕਾਰਾਤਮਕ ਪੀ ਸੀ ਆਰ ਟੈਸਟ ਕਰਵਾਉਣ ਦੀ ਜ਼ਰੂਰਤ ਹੋਏਗੀ ਅਤੇ ਰੋਜ਼ਾਨਾ ਲੇਟਰਲ ਫਲੋਅ ਟੈਸਟ ਕਰਨ ਦੀ ਜ਼ਰੂਰਤ ਹੋਵੇਗੀ।