ਦੁਨੀਆ ‘ਚ ਕਿਤੇ ਵੀ ਵਸਦੇ ਸਿੱਖ ਨੂੰ ਕੋਈ ਲਾਵਾਰਸ ਨਾ ਸਮਝੇ : ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ (ਮੀਡੀਆ ਬਿਊਰੋ): ਦੁਨੀਆ ਦੇ ਕਿਸੇ ਵੀ ਕੋਨੇ ‘ਚ ਵਸਦੇ ਸਿੱਖ ਨੂੰ ਕੋਈ ਲਾਵਾਰਸ ਸਮਝਣ ਦੀ ਗਲਤੀ ਨਾ ਕਰੇ, ਪੂਰਾ ਖਾਲਸਾ ਪੰਥ ਉਸ ਦੇ ਨਾਲ ਹੈ। ਇਹ ਪ੍ਰਗਟਾਵਾ ਹਰਿਆਣਾ ਸੂਬੇ ਵਿਚ ਸਥਿਤ ਪਿੰਡ ਗੁੜਾ ਤਹਿਸੀਲ ਕਨੀਨਾ ਜ਼ਿਲ੍ਹਾ ਮਹਿੰਦਰਗੜ੍ਹ ਦਾ ਦੌਰਾ ਕਰਕੇ ਵਾਪਸ ਗੁਰਦੁਆਰਾ ਦਾਦੂ ਸਾਹਿਬ ਪੁੱਜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 1984 ‘ਚ ਚੱਲੀ ਸਿੱਖ ਵਿਰੋਧੀ ਲਹਿਰ ਸਮੇਂ ਪਿੰਡ ਹੋਂਦ ਚਿੱਲੜ ਵਿਚ ਵਸਦੇ ਸਾਰੇ ਸਿੱਖਾਂ ਦਾ ਕਤਲ ਕਰਕੇ ਪਿੰਡ ਖੰਡਰਾਂ ਵਿਚ ਬਦਲ ਦਿੱਤਾ ਗਿਆ।

ਹੋਂਦ ਚਿੱਲੜ ਦੇ ਬਿਲਕੁਲ ਨੇੜੇ ਜ਼ਿਲ੍ਹਾ ਮਹਿੰਦਰਗੜ੍ਹ ਦੀ ਤਹਿਸੀਲ ਕਨੀਨਾ ਦਾ ਪਿੰਡ ਗੁੜਾ ਹੈ, ਜਿੱਥੇ 40-50 ਸਿੱਖ ਪਰਿਵਾਰ ਰਹਿੰਦੇ ਸਨ। ਹੋਂਦ ਚਿੱਲੜ ਪਿੰਡ ‘ਚ ਘਟਨਾ ਨੂੰ ਅੰਜਾਮ ਦੇ ਕੇ ਉਹੀ ਸ਼ਰਾਰਤੀ ਲੋਕ ਪਿੰਡ ਗੁੜੇ ਵੱਲ ਕਤਲੇਆਮ ਕਰਨ ਆ ਰਹੇ ਸਨ ਪਰ ਜਾਟ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਤੇ ਵਾਪਸ ਮੋੜ ਦਿੱਤਾ, ਜਿਸ ਕਰਕੇ ਗੁੜੇ ਪਿੰਡ ਦੇ ਸਿੱਖ ਪਰਿਵਾਰਾਂ ਦਾ ਬਚਾਅ ਹੋ ਗਿਆ। 1984 ਤੋਂ ਬਾਅਦ ਬਦਲੇ ਮਹੌਲ ਵਿਚ ਆਪਣੇ ਘਰ, ਕੋਠੀਆਂ, ਹਵੇਲੀਆਂ, ਜ਼ਮੀਨ ਜਾਇਦਾਦਾਂ ਕੌਡੀਆਂ ਦੇ ਭਾਅ ਵੇਚ ਕੇ ਸਿੱਖ ਪੰਜਾਬ ਤੇ ਹਰਿਆਣਾ ਦੇ ਵੱਖ ਵੱਖ ਸ਼ਹਿਰਾਂ ਵਿਚ ਚਲੇ ਗਏ ਸਨ। ਸਿੱਖਾਂ ਦੇ ਜਾਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਚ ਸ਼ਰਾਰਤੀ ਅਨਸਰਾਂ ਨੇ ਕਬਜ਼ਾ ਕਰ ਕੇ ਮੂਰਤੀਆਂ ਸਥਾਪਤ ਕਰ ਦਿੱਤੀਆਂ ਸਨ!

ਜਿਸ ਦੇ ਪੰਦਰਾਂ ਸਾਲਾਂ ਬਾਅਦ ਇਕ ਸਿੱਖ ਹਰਵੰਤ ਸਿੰਘ ਇਸ ਪਿੰਡ ਵਿਚ ਮੁੜ ਵਾਪਸ ਆਇਆ ਅਤੇ ਮੁੜ ਗੁਰਦੁਆਰਾ ਸਥਾਪਤ ਕਰਨ ਦੀ ਕਾਨੂੰਨੀ ਲੜਾਈ ਆਰੰਭੀ ਤੇ ਹਰਿਆਣਾ ਸਰਕਾਰ ਪੁਲਿਸ ਪ੍ਰਸ਼ਾਸਨ ਨੇ ਮੁੜ ਗੁਰਦੁਆਰਾ ਸਾਹਿਬ ਸਥਾਪਤ ਕਰਵਾ ਦਿੱਤਾ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਸਿਰਫ ਇਕੋ ਸਿੱਖ ਹਰਵੰਤ ਸਿੰਘ ਆਪਣੀ ਧਰਮਪਤਨੀ ਨਾਲ ਇੱਥੇ ਰਹਿੰਦਾ ਹੈ, ਹੋਰ ਕੋਈ ਦੂਜਾ ਸਿੱਖ ਪਰਿਵਾਰ ਦੂਰ-ਦੂਰ ਤਕ ਨਹੀਂ ਵਸਦਾ, ਜਿਸ ਕਰ ਕੇ ਇਕ ਵਿਸ਼ੇਸ਼ ਭਾਈਚਾਰੇ ਦੇ ਕੁੱਝ ਲੋਕਾਂ ਨੇ ਗੁਰੂ ਘਰ ਦੀ ਇਮਾਰਤ ਵਾਲੀ ਜਗ੍ਹਾ ਅਤੇ ਖਾਲੀ ਪਏ ਪਲਾਟ ‘ਤੇ ਕਬਜ਼ਾ ਕਰਨ ਲਈ ਸੇਵਾਦਾਰ ਹਰਵੰਤ ਸਿੰਘ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ ਅਤੇ ਲੰਘੀ 9 ਜੂਨ 2021 ਨੂੰ ਜਾਨੋਂ ਮਾਰਨ ਦਾ ਹਮਲਾ ਕਰ ਦਿੱਤਾ ਪਰ ਗੁਰੂ ਦੀ ਕਿਰਪਾ ਸਦਕਾ ਹਰਵੰਤ ਸਿੰਘ ਦਾ ਬਚਾਅ ਹੋ ਗਿਆ ਪਰ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ।

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਸ ਗੱਲ ਦਾ ਪਤਾ ਲੱਗਦਿਆਂ ਹੀ ਉਹ ਸਾਥੀਆਂ ਸਮੇਤ ਸਿੱਖ ਦੀ ਸਾਰ ਲੈਣ ਪੁੱਜ ਗਏ ਅਤੇ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਕੇ ਦੋਸ਼ੀਆਂ ਖਿਲਾਫ਼ ਕਨੂੰਨੀ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਇਮਾਰਤ ਤੇ ਜ਼ਮੀਨ ‘ਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਪੁਲਿਸ ਨੇ ਦੋਸ਼ੀਆਂ ਖਿਲਾਫ਼ ਥਾਣਾ ਕਨੀਨਾ ਵਿਚ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮੌਕੇ ਉਨ੍ਹਾਂ ਨਾਲ ਭਾਈ ਗੁਰਪ੍ਰਸਾਦ ਸਿੰਘ ਫ਼ਰੀਦਾਬਾਦ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਪਿ੍ਤਪਾਲ ਸਿੰਘ ਆਹਲੂਵਾਲੀਆ, ਭਾਈ ਖੜਕ ਸਿੰਘ ਮਾਨਸਾ, ਭਾਈ ਜਤਿੰਦਰ ਸਿੰਘ ਖਾਲਸਾ ਫਰੀਦਾਬਾਦ, ਭਾਈ ਗੁਰਸੇਵਕ ਸਿੰਘ ਰੰਗੀਲਾ ਤਖਤੂਪੁਰਾ, ਭਾਈ ਇੰਦਰਜੀਤ ਸਿੰਘ ਛਾਬੜਾ ਫਰੀਦਾਬਾਦ, ਭਾਈ ਜਗਰੂਪ ਸਿੰਘ ਬਾਜਵਾ ਦਿੱਲੀ, ਭਾਈ ਮੱਖਣ ਸਿੰਘ ਮੱਲਵਾਲਾ, ਭਾਈ ਜਗਮੀਤ ਸਿੰਘ ਬਰਾੜ ਵੀ ਹਾਜ਼ਰ ਸਨ।

Share This :

Leave a Reply