ਅੰਮ੍ਰਿਤਸਰ, ਮੀਡੀਆ ਬਿਊਰੋ:
ਸਾਢੇ ਤਿੰਨ ਮਹੀਨਿਆਂ ਦੀ ਉਡੀਕ ਤੋਂ ਬਾਅਦ ਆਖ਼ਰ ਇਕ ਅਪ੍ਰੈਲ ਤੋਂ ਦੋਹਾ ਲਈ ਡਾਇਰੈਕਟ ਫਲਾਈਟ ਫਿਰ ਤੋਂ ਉਡਾਣ ਭਰੀ। ਕਤਰ ਏਅਰਵੇਜ਼ ਨੇ ਇਸ ਫਲਾਈਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਿੱਧੀ ਫਲਾਈਟ ਜ਼ਰੀਏ ਇਥੇ ਯਾਤਰੀਆਂ ਦੇ ਸਮੇਂ ’ਚ ਬਚਤ ਹੋਵੇਗੀ, ਉਥੇ ਉਨ੍ਹਾਂ ਦਾ ਕਿਰਾਇਆ ਵੀ ਘੱਟ ਲੱਗੇਗਾ। ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਫਲਾਈਟ ਦਿੱਲੀ ਤੋਂ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਯਾਦ ਰਹੇ ਕਿ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਬਬਲ ਏਅਰਵੇਜ਼ ਤਹਿਤ ਕੀਤੇ ਗਏ ਸਮਝੌਤੇ ਤਹਿਤ ਦਿੱਲੀ ਤੋਂ ਫਲਾਈਟ ਦੀ ਆਗਿਆ ਦਿੱਤੀ ਗਈ ਸੀ ਅਤੇ ਅੰਮ੍ਰਿਤਸਰੋਂ ਇਸ ਨੂੰ ਰੱਦ ਕਰ ਦਿੱਤਾ ਸੀ।
ਤਿੰਨ ਘੰਟੇ 40 ਮਿੰਟ ’ਚ ਤੈਅ ਹੋਵੇਗਾ ਸਫਰ
ਦੋਹਾ ਲਈ ਡਾਇਰੈਕਟ ਫਲਾਈਟ ਦਾ ਸਫਰ ਸਿਰਫ ਤਿੰਨ ਘੰਟੇ 40 ਮਿੰਟ ਵਿਚ ਪੂਰਾ ਹੋ ਜਾਵੇਗਾ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਫਲਾਈਟ ਦਾ ਸਮਾਂ ਰਾਤ ਦਾ ਰਹੇਗਾ। ਅਜਿਹੇ ’ਚ ਬਹੁਤ ਆਸਾਨੀ ਨਾਲ ਦੋਹਾ ਤੋਂ ਵੀ ਅੱਪ-ਡਾਊਨ ਕੀਤਾ ਜਾ ਸਕਦਾ ਹੈ। ਕੋਰੋਨਾ ਕਾਰਨ ਫਲਾਈਟ ਸਤੰਬਰ 2021 ਤਕ ਰੋਜ਼ਾਨਾ ਉਡਾਣ ਭਰਦੀ ਸੀ ਪਰ ਅਕਤੂਬਰ ’ਚ ਇਨ੍ਹਾਂ ਦੀ ਗਿਣਤੀ ਘਟ ਕੇ ਹਫਤੇ ਵਿਚ ਤਿੰਨ ਦਿਨ ਕਰ ਦਿੱਤੀ ਗਈ। ਇਸ ਤੋਂ ਬਾਅਦ 15 ਦਸੰਬਰ 2021 ਨੂੰ ਫਲਾਈਟ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕੇਵਲ ਦਿੱਲੀ ਤੋਂ ਫਲਾਈਟ ਮਿਲ ਰਹੀ ਸੀ। ਸ਼ਡਿਊਲ ਮੁਤਾਬਕ ਪਹਿਲੀ ਅਪ੍ਰੈਲ ਤੋਂ ਦੋਹਾ ਤੋਂ ਫਲਾਈਟ ਉਡਾਣ ਭਰਕੇ ਦੋ ਅਪ੍ਰੈਲ ਰਾਤ 2.10 ਵਜੇ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚੇਗੀ। ਇਸੇ ਤਰ੍ਹਾਂ ਦੋ ਅਪ੍ਰੈਲ ਸਵੇਰੇ 3.20 ਵਜੇ ਫਲਾਈਟ ਦੋਹਾ ਲਈ ਉਡਾਣ ਭਰੇਗੀ।