ਮਾਸੂਮਾਂ ਨਾਲ ਅਜਿਹਾ ਕੋਈ ਕਰਦੈ?

ਪਿਛਲੇ ਕਈ ਮਹੀਨਿਆਂ ਤੋਂ ਸਕੂਲ ਖੁੱਲ ਗਏ ਹਨ ਅਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਾਰਨ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਸਿੱਖਿਆ ਮਹਿਕਮੇ ਦੀਆਂ ਕੋਸ਼ਿਸ਼ਾਂ ਆਨਲਾਈਨ ਪੜ੍ਹਾਈ ’ਤੇ ਨਿਰਭਰਤਾ ਘਟਾਉਣ ਵੱਲ ਹੋਣੀਆਂ ਚਾਹੀਦੀਆਂ ਸੀ ਪਰ ਇਹਨਾਂ ਨੇ ਸਿੱਖਿਆ ਦੇ ਤਕਨੀਕੀਕਰਨ ਦੇ ਨਾਂਅ ’ਤੇ ਅਤੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਨਾਂਅ ’ਤੇ ਆਨਲਾਈਨ ਪੜ੍ਹਾਈ ਜਾਰੀ ਰੱਖੀ ਹੋਈ ਹੈ। ਕਲਾਸਾਂ ਵਿੱਚ ਸਕਰੀਨ ਉੱਪਰ ਵੀਡੀਓ ਚਲਾ ਕੇ ਅਧਿਆਪਕਾਂ ਦੀ ਭੂਮਿਕਾ ਘਟਾਈ ਜਾ ਰਹੀ ਹੈ ਅਤੇ ਅਧਿਆਪਕਾਂ ਨੂੰ ਵਿਹਲੇ ਕਰਕੇ ਨੌਕਰੀਓਂ ਕੱਢਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।

ਆਨਲਾਈਨ ਪੜ੍ਹਾਈ ਨਾਲ਼ ਪਹਿਲਾਂ ਹੀ ਅਧਿਆਪਕ ਤੇ ਵਿਦਿਆਰਥੀਆਂ ਦਾ ਰਿਸ਼ਤਾ ਬੁਰੇ ਰੁਖ ਪ੍ਰਭਾਵਿਤ ਹੋਇਆ ਹੈ। ਹੁਣ ਅਧਿਆਪਕ ਕੁੱਝ ਨਵਾਂ ਸਿਖਾਉਣ ਲਈ ਬੱਚਿਆਂ ਦੇ ਸਹਾਇਕ ਹੋਣ ਦੀ ਬਜਾਏ ਸਿਰਫ ਉੱਪਰੋਂ ਆਏ ਹੁਕਮਾਂ ਨੂੰ ਬੱਚਿਆਂ ਤੱਕ ਭੇਜਣ ਤੱਕ ਸੀਮਿਤ ਰਹਿ ਗਏ ਹਨ।

ਵਿਦਿਆਰਥੀਆਂ ਨੂੰ ਕਈ-ਕਈ ਵਟਸਐਪ ਗਰੁੱਪਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਇੱਥੋਂ ਤੱਕ ਕਿ ਫੇਸਬੁੱਕ ਉੱਪਰ ਖਾਤੇ ਬਣਾਉਣ ਦੇ ਹੁਕਮ ਵੀ ਚਾੜ ਦਿੱਤੇ ਹਨ ਜਿਸ ਸਬੰਧੀ ਅਧਿਆਪਕ ਉੱਪਰ ਮਹਿਕਮੇ ਨੂੰ ਰਿਪੋਰਟ ਕਰਨਗੇ। ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ ਕਿ ਫੇਸਬੁੱਕ ਉੱਪਰ ਸਿੱਖਿਆ ਵਿਭਾਗ ਦੇ ਪੇਜ ’ਤੇ ਪੋਸਟਾਂ ਉੱਪਰ ਬੱਚਿਆਂ ਵੱਲੋਂ ‘ਲਾਈਕ’, ‘ਸ਼ੇਅਰ’ ਅਤੇ ‘ਕਮੈਂਟ’ ਕਰਵਾਏ ਜਾਣ, ਅਤੇ ਇਸ ਬਾਰੇ ਵੀ ਅਧਿਆਪਕ ਉੱਪਰ ਰਿਪੋਰਟ ਕਰਨਗੇ। ਜਦਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੇਸਬੁਕ ਚਲਾਉਣ ਦੀ ਮਨਾਹੀ ਹੈ। ਸਿੱਖਿਆ ਵਿਭਾਗ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੇ ਮਾਪਿਆਂ ਦੀ ਰਜਾਮੰਦੀ ਨਾਲ਼ ਫੇਸਬੁੱਕ ਅਕਾਉਂਟ ਬਣਾ ਸਕਦੇ ਹਨ।

ਅਧਿਆਪਕਾਂ ਨੂੰ ਪੋਸਟਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਵਾਉਣ ਦੇ ਟੀਚੇ ਵੀ ਦਿੱਤੇ ਗਏ, ਜਿਸ ਬਾਰੇ ਉਹਨਾਂ ਨੇ ਇੱਕ ਫਾਰਮ ਭਰ ਕੇ ਸਿੱਖਿਆ ਮਹਿਕਮੇ ਨੂੰ ਜਮ੍ਹਾਂ ਕਰਵਾਉਣਾ ਸੀ ਜਿਸ ਵਿੱਚ ਉਹਨਾਂ ਨੇ ਦੱਸਣਾ ਸੀ ਕਿ ਉਹਨਾਂ ਨੇ ਕਿੰਨੇ ਲਾਈਕ, ਸ਼ੇਅਰ ਅਤੇ ਕਮੈਂਟ ਕਰਵਾਏ ਅਤੇ ਪੇਜ ਦਾ ਲਿੰਕ ਕਿੰਨੇ ਲੋਕਾਂ ਨਾਲ਼ ਸਾਂਝਾ ਕੀਤਾ। ਇਸ ਫੈਸਲੇ ਤੋਂ ਬਾਅਦ ਅਧਿਆਪਕਾਂ ਵੱਲੋਂ ਵਿਰੋਧ ਕੀਤੇ ਜਾਣ ਅਤੇ ਸਿੱਖਿਆ ਮਹਿਕਮੇ ਦੇ ਸਵਾਲਾਂ ਵਿੱਚ ਘਿਰ ਜਾਣ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਮੁੱਕਰਦੇ ਹੋਏ ਕਿਹਾ ਕਿ ਇਹ ਟੀਚੇ ਪੂਰੇ ਕਰਨ ਲਈ ਉਹ ਕਿਸੇ ਵੀ ਅਧਿਆਪਕ ਨਾਲ਼ ਧੱਕਾ ਨਹੀਂ ਕਰ ਰਹੇ। ਜੋ ਅਧਿਆਪਕ ਅਜਿਹਾ ਨਾ ਕਰਨਾ ਚਾਹਵੇ ਉਸਨੂੰ ਕੋਈ ਸਵਾਲ ਨਹੀਂ ਕੀਤਾ ਜਾਵੇਗਾ। ਜਦਕਿ ਉਹਨਾਂ ਨੇ ਇਸ ਕਾਰਵਾਈ ਦੇ ਬੱਚਿਆਂ ਉੱਪਰ ਪੈਣ ਵਾਲ਼ੇ ਮਾਰੂ ਅਸਰਾਂ ਬਾਰੇ ਕੋਈ ਗੱਲ ਨਹੀਂ ਕੀਤੀ।

ਸਿੱਖਿਆ ਮਹਿਕਮੇ ਦੀਆਂ ਨੀਤੀਆਂ ਕਰਕੇ ਮਾਪਿਆਂ ਨੂੰ ਪੜ੍ਹਾਈ ਕਰਵਾਉਣ ਲਈ ਮਜਬੂਰੀ ਵੱਸ ਬੱਚਿਆਂ ਹੱਥ ਫੋਨ ਦੇਣਾ ਪੈ ਰਿਹਾ ਹੈ ਪਰ ਮਾਪੇ ਸਾਰਾ ਦਿਨ ਉਹਨਾਂ ਦੀ ਨਿਗਰਾਨੀ ਨਹੀਂ ਕਰ ਸਕਦੇ, ਕਿਉਂਕਿ ਜ਼ਿਆਦਾਤਰ ਮਾਪੇ ਕੰਮਕਾਰ ਵਾਲ਼ੇ ਹਨ ਅਤੇ ਉਹਨਾਂ ਨੇ ਰੋਜ਼ ਕਮਾ ਕੇ ਗੁਜਾਰਾ ਚਲਾਉਣਾ ਹੁੰਦਾ ਹੈ। ਪਹਿਲਾਂ ਉਹ ਬੱਚਿਆਂ ਨੂੰ ਸਕੂਲ ਤੋਰ ਕੇ ਸੁਰਖਰੂ ਰਹਿੰਦੇ ਸੀ, ਉਹਨਾਂ ਨੂੰ ਤਸੱਲੀ ਹੁੰਦੀ ਸੀ ਕਿ ਬੱਚੇ ਅਧਿਆਪਕਾਂ ਦੀ ਨਿਗ੍ਹਾਸਾਨੀ ’ਚ ਹਨ। ਪਰ ਹੁਣ ਕਿਉਂਕਿ ਅਧਿਆਪਕਾਂ ਅਤੇ ਬੱਚਿਆਂ ਦਾ ਸਿੱਧਾ ਰਾਬਤਾ ਨਾ ਹੋਣ ਅਤੇ ਅਧਿਆਪਕਾਂ ਦੇ ਸਿਰਫ ਉੱਪਰੋਂ ਆਏ ਹੁਕਮ ਪੁਗਾਉਣ ਤੱਕ ਸੀਮਤ ਹੋ ਜਾਣ ਕਰਕੇ ਬੱਚਿਆਂ ਵੱਲ ਉਚੇਚਾ ਧਿਆਨ ਨਹੀਂ ਦਿੱਤਾ ਜਾ ਰਿਹਾ। ਅਜਿਹੇ ਵਿੱਚ ਉਹ ਕੀ ਸਿੱਖਦੇ ਹਨ? ਉਹਨਾਂ ਦੇ ਕੋਮਲ ਮਨਾਂ ’ਤੇ ਕੀ ਅਸਰ ਪੈ ਰਿਹਾ ਹੈ? ਉਹ ਕਿਹੋ ਜਿਹੇ ਮਨੁੱਖ ਵਜੋਂ ਵਿਕਸਿਤ ਹੋ ਰਹੇ ਹਨ? ਇਸ ਬਾਰੇ ਨਾ ਅਧਿਆਪਕ ਅਤੇ ਨਾ ਮਾਪੇ ਜਾਣੂ ਹਨ। ਇਸ ਤਰ੍ਹਾਂ ਦੇ ਵਿਕਾਸ ਦੇ ਨਤੀਜੇ ਬਹੁਤ ਭੈੜੇ ਹੋਣਗੇ।

ਬੱਚਿਆਂ ਦੀ ਜ਼ਿੰਦਗੀ ਵਿੱਚ ਸਕੂਲ ਦਾ ਖਾਸ ਮਹੱਤਵ ਹੁੰਦਾ ਹੈ। ਸਕੂਲਾਂ ਵਿੱਚ ਬੱਚੇ ਸਿਰਫ ਸਲੇਬਸ ਹੀ ਨਹੀਂ ਪੜ੍ਹਦੇ ਸਗੋਂ ਹੋਰ ਵੀ ਬਹੁਤ ਕੁੱਝ ਸਿੱਖਦੇ ਸਨ। ਦੂਜੇ ਬੱਚਿਆਂ ਨਾਲ਼ ਵਿਚਰਣਾ, ਰਲ਼-ਮਿਲ਼ ਕੇ ਕੰਮ ਕਰਨਾ, ਦੂਜਿਆਂ ਦੀ ਮਦਦ ਕਰਨਾ, ਦੋਸਤੀਆਂ, ਪਰਸਪਰ ਭਾਵਨਾਵਾਂ ਅਤੇ ਪਿਆਰ ਤੋਂ ਇਲਾਵਾ ਬਹੁਤ ਸਾਰੇ ਮਨੁੱਖੀ ਗੁਣ ਬੱਚੇ ਸਕੂਲਾਂ ਤੋਂ ਸਿੱਖਦੇ ਹਨ ਪਰ ਪਿਛਲੇ ਸਮੇਂ ਤੋਂ ਸੋਸ਼ਲ ਮੀਡੀਆ ਦੀ ਦੁਨੀਆਂ ’ਚ ਫਸਣ ਕਰਕੇ ਉਹ ਇਹ ਸਾਰੇ ਮਨੁੱਖੀ ਗੁਣ ਸਿੱਖਣ ਤੋਂ ਵਾਂਝੇ ਰਹਿ ਗਏ। ਉਹਨਾਂ ਦੀ ਦਿਮਾਗੀ ਸਮਰੱਥਾ ਨੂੰ ਵੀ ਖੋਰਾ ਲੱਗਿਆ ਹੈ। ਪੇਪਰਾਂ ’ਚ ਸਿਰਫ ਬਹੁਵਿਕਲਪੀ ਪ੍ਰਸ਼ਨ ਪੁੱਛੇ ਜਾ ਰਹੇ ਹਨ।

ਵਿਸ਼ਿਆਂ ’ਤੇ ਵਿਸਥਾਰ ਨਾਲ਼ ਲਿਖਣ ਅਤੇ ਲਗਾਤਾਰ ਸੋਚਣ ਦੀ ਥਾਂ ਬਹੁ-ਵਿਕਲਪੀ ਪ੍ਰਸ਼ਨ ਪੁੱਛਣ ਕਾਰਨ ਬੱਚਿਆਂ ਨੂੰ ਇਕਾਗਰਤਾ ਬਣਾਉਣ ’ਚ ਸਮੱਸਿਆ ਆਉਂਦੀ ਹੈ ਅਤੇ ਉਹ ਕਿਸੇ ਵਿਸ਼ੇ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਅਤੇ ਨਾ ਹੀ ਅਧਿਆਪਕ ਅਤੇ ਮਾਪੇ ਅੰਦਾਜਾ ਲਗਾ ਸਕਦੇ ਹਨ ਕਿ ਬੱਚੇ ਨੇ ਵਿਸ਼ਾ ਕਿਵੇਂ ਸਮਝਿਆ। ਬਹੁ-ਵਿਕਲਪੀ ਪ੍ਰਸ਼ਨ ਬੱਚਿਆਂ ਵਿੱਚ ਰੱਟੇ ਲਾ ਕੇ ਪੜ੍ਹਣ ਦੀ ਆਦਤ ਨੂੰ ਹੱਲਾਸ਼ੇਰੀ ਦੇਣ ਦਾ ਸਾਧਨ ਹਨ। ਪਹਿਲਾਂ ਹੀ ਬਹੁਤ ਬੱਚੇ ਅੱਖਰ ਜੋੜ ਕੇ ਪੜ੍ਹਣਾ ਅਤੇ ਲਿਖਣਾ ਨਹੀਂ ਜਾਣਦੇ ਅਤੇ ਬਹੁਵਿਕਲਪੀ ਪ੍ਰਸ਼ਨ ਕਰਨ ਨਾਲ਼ ਉਹ ਪੜ੍ਹਣ ਅਤੇ ਲਿਖਣ ਨੂੰ ਤਵੱਜੋਂ ਨਹੀਂ ਦੇਣਗੇ ਜਿਸ ਨਾਲ਼ ਉਹਨਾਂ ਦੀ ਭਾਸ਼ਾ ’ਤੇ ਪਕੜ ਵੀ ਨਹੀਂ ਬਣੇਗੀ। ਅਜਿਹੀ ਪੜ੍ਹਾਈ ਉਹਨਾਂ ਨੂੰ ਕਲਪਨਾਵਾਂ ਦੀ ਦੁਨੀਆਂ ਵਿੱਚ ਨਹੀਂ ਲਿਜਾ ਸਕਦੀ। ਪ੍ਰਸਿੱਧ ਵਿਗਿਆਨੀ ਅਲਬਰਟ ਆਇੰਸਟਾਇਨ ਕਹਿੰਦੇ ਹਨ ਕਿ “ਕਲਪਨਾ ਗਿਆਨ ਤੋਂ ਜ਼ਿਆਦਾ ਮਹੱਤਵਪੂਰਣ ਹੈ।” ਪਰ ਬਹੁ-ਵਿਕਲਪੀ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕਵਾਇਦ ਨਾਲ਼ ਤਿਆਰ ਦਿਮਾਗ ਕਲਪਨਾਵਾਂ ਕਿਵੇਂ ਕਰਨਗੇ।

ਸੋਸ਼ਲ ਮੀਡੀਆ ਦੀ ਦੁਨੀਆਂ ਬੱਚਿਆਂ ਅੰਦਰ ਵਿਅਕਤੀਵਾਦ ਅਤੇ ਛੇਤੀ ਮਸ਼ਹੂਰ ਹੋ ਜਾਣ ਦੀ ਇੱਛਾ ਨੂੰ ਪ੍ਰਬਲ ਕਰਦੀ ਹੈ, ਜਿਸਦੇ ਨਤੀਜੇ ਵਜੋਂ ਉਹ ਆਪਣੇ-ਆਪ ਨੂੰ ਸਭ ਤੋਂ ਸਿਆਣਾ ਅਤੇ ਅੱਗੇ ਸਾਬਤ ਕਰਨ ਲਈ ਕਿਸੇ ਮਾੜੇ ਕੰਮ ’ਚ ਵਰਤੇ ਜਾ ਸਕਦੇ ਹਨ। ਸੋਸ਼ਲ ਮੀਡੀਆ ’ਤੇ ਗਲਤ ਜਾਣਕਾਰੀਆਂ ਅਤੇ ਅਜਿਹੀਆਂ ਚੀਜਾਂ ਦੀ ਭਰਮਾਰ ਹੈ ਜੋ ਬੱਚੇ ਦੇ ਸਿਹਤਮੰਦ ਵਿਕਾਸ ਦੇ ਰਾਹ ’ਚ ਅੜਿੱਕਾ ਲਾ ਕੇ ਉਸਨੂੰ ਗਲਤ ਪਾਸੇ ਲੈਜਾ ਸਕਦੀਆਂ ਹਨ, ਉਹ ਪੋਰਨੋਗ੍ਰਾਫੀ, ਨਸ਼ਿਆ ਅਤੇ ਅਪਰਾਧਾਂ ਦੀ ਦੁਨੀਆਂ ਦਾ ਸ਼ਿਕਾਰ ਵੀ ਬਣ ਸਕਦੇ ਹਨ।

ਬਾਲ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਬੱਚਿਆਂ ਦਾ ਕੁਦਰਤ ਨਾਲ਼ ਜਿੰਦਾ ਸੰਪਰਕ ਹੋਣਾ ਜਰੂਰੀ ਹੈ। ਕੁਦਰਤ ਉਹਨਾਂ ਨੂੰ ਗੰਭੀਰ, ਸਹਿਣਸ਼ੀਲ, ਕੋਮਲਭਾਵੀ ਅਤੇ ਕਲਪਨਾਸ਼ੀਲ ਬਣਾਉਂਦੀ ਹੈ ਪਰ ਫੋਨਾਂ ’ਤੇ ਲੰਬਾ ਸਮਾਂ ਬਿਤਾਉਣ ਕਰਕੇ ਬੱਚੇ ਕੁਦਰਤ ਤੋਂ ਟੁੱਟ ਚੁੱਕੇ ਹਨ। ਉਹ ਸੋਸ਼ਲ ਮੀਡੀਆ ਦੀ ਨਕਲੀ ਦੁਨੀਆਂ ਵਿੱਚ ਦੋਸਤ ਬਣਾਉਣਾ ਚਹੁੰਦੇ ਹਨ, ਉਹ ਆਮ ਜੀਵਨ ਵਿੱਚ ਦੱਬੂ ਅਤੇ ਚੁੱਪ-ਚੁੱਪ ਦਿਸਦੇ ਹਨ ਪਰ ਸੋਸ਼ਲ ਮੀਡੀਆ ਉੱਪਰ ਪੂਰੇ ਸਰਗਰਮ ਰਹਿਣ ਲੱਗਦੇ ਹਨ। ਉਹ ਨਾਲ਼ ਦੇ ਦੋਸਤਾਂ ਨਾਲ਼ ਜਿੰਦਾ ਰਾਬਤਾ ਰੱਖਣ, ਖੇਡਣ ਕੁੱਦਣ ਅਤੇ ਰਲ਼-ਮਿਲ਼ ਕੇ ਕੰਮ ਕਰਨ ਵਿੱਚ ਦਿਲਚਸਪੀ ਨੀ ਲੈਣੋ ਹਟ ਜਾਂਦੇ ਹਨ ਅਤੇ ਉਹਨਾਂ ਦੀਆਂ ਖੁਸ਼ੀਆਂ, ਦੁੱਖ, ਪਿਆਰ ਆਦਿ ਸਾਰੀਆਂ ਭਾਵਨਾਵਾਂ ਸਤਹੀ ਹੋ ਜਾਂਦੀਆਂ ਹਨ। ਉਹਨਾਂ ਦੇ ਵਿਅਕਤੀਤਵ ਵਿੱਚ ਗੰਭੀਰਤਾ ਨਹੀਂ ਆਉਂਦੀ। ਉਹ ਕੁਦਰਤੀ ਨਜਾਰਿਆਂ, ਫੁੱਲਾਂ-ਪੌਦਿਆਂ, ਚੰਦ-ਤਾਰਿਆਂ, ਪੰਛੀਆਂ-ਜਾਨਵਰਾਂ ਦੀ ਦੁਨੀਆਂ ਨੂੰ ਜਾਨਣ ਦੀ ਥਾਂ ਆਪਣੀਆਂ ਫੋਟੋਆਂ ਉੱਤੇ ਕੁੱਤੇ-ਬਿੱਲਿਆਂ ਦੇ ਮੂੰਹ ਲਾ ਕੇ ਅਤੇ ਅਨੇਕ ਭੱਦੇ ਤਰੀਕਿਆਂ ਨਾਲ਼ ਲਾਇਕ ਸ਼ੇਅਰ ਕਮੈਂਟ ਕਰਵਾ ਕੇ ਸੰਤੁਸ਼ਟੀ ਮਹਿਸੂਸ ਕਰਦੇ ਹਨ।

ਸਰੀਰਕ ਸਰਗਰਮੀਆਂ ਕੰਮ ਅਤੇ ਖੇਡਾਂ ਦੀ ਥਾਂ ਵੀਡੀਓ ਗੇਮਾਂ ਵਿੱਚ ਸਕੋਰ ਹਾਸਲ ਕਰਕੇ ਖੁਦ ਨੂੰ ਤਾਕਤਵਰ ਹੋਣ ਦੇ ਭਰਮ ਦੀ ਨਕਲੀ ਖੁਸ਼ੀ ਦੇਣਾ ਉਹਨਾਂ ਨੂੰ ਚੰਗਾ ਲੱਗਦਾ ਹੈ। ਇੱਥੋਂ ਤੱਕ ਕਿ ਏਸ ਨਕਲੀ ਦੁਨੀਆਂ ਵਿੱਚ ਉਹ ਏਨੇਂ ਡੁੱਬ ਜਾਂਦੇ ਹਨ ਕਿ ਸਮੇਂ ਸਿਰ ਸੌਣ-ਜਾਗਣ, ਸਿਹਤ ਦਾ ਖਿਆਲ ਰੱਖਣ, ਖਾਣ-ਪੀਣ ਆਦਿ ਨੂੰ ਵੀ ਭੁੱਲ ਜਾਂਦੇ ਹਨ। ਬੱਚਿਆਂ ਵਿੱਚ ਬੇਚੈਨੀ, ਖਿਝ, ਚਿੜਚਿੜਾਪਣ, ਛੇਤੀ ਅੱਕ ਜਾਣਾ, ਅਲਗਾਅ ਅਤੇ ਅਨੁਸ਼ਾਸਨਹੀਣਤਾ ਵਰਗੀਆਂ ਭਿਆਨਕ ਅਲਾਮਤਾਂ ਆ ਰਹੀਆਂ ਹਨ। ਇਹੋ ਜਿਹੇ ਤਰੀਕੇ ਨਾਲ਼ ਪਲ ਰਹੀ ਇਹ ਨਵੀਂ ਪੀੜੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਨਕਾਰਾ ਹੋ ਰਹੀ ਹੈ ਜੋ ਭਵਿੱਖ ਵਿੱਚ ਕੁੱਝ ਸਿਰਜਣਾਤਮਕ ਨਹੀਂ ਕਰ ਸਕਦੀ। ਇਸ ਤਰ੍ਹਾਂ ਅਜੋਕਾ ਵਿੱਦਿਆ ਢਾਂਚਾ ਬੱਚੇ ਦੇ ਫੁੱਲਾਂ ਜਿਹੇ ਕੋਮਲ ਮਨ ਨੂੰ ਹਰ ਪਲ ਮਧੋਲ ਰਿਹਾ ਹੈ ਅਤੇ ਆਮ ਲੋਕਾਂ ਵਿੱਚ ਤਕਨੀਕੀਕਰਨ ਦਾ ਦੰਭ ਰਚਿਆ ਜਾ ਰਿਹਾ ਹੈ ਤਾਂ ਕਿ ਸਾਨੂੰ ਇਹਨਾਂ ਖਤਰਨਾਕ ਅਸਰਾਂ ਦਾ ਅਹਿਸਾਸ ਵੀ ਨਾ ਹੋ ਸਕੇ। ਅੱਜ ਇਸ ਨਵੀਂ ਪੀੜੀ ਨੂੰ ਇਸ ਦਲਦਲ ਵਿੱਚ ਡੂੰਘੇ ਧਸਣ ਤੋਂ ਬਚਾਉਣ ਲਈ ਮਾਪੇ, ਅਧਿਆਪਕ ਅਤੇ ਸਮੁੱਚੇ ਬੁੱਧੀਜੀਵੀ ਤਬਕੇ ਨੂੰ ਇਸ ਘਟੀਆ ਸਿੱਖਿਆ ਪ੍ਰਬੰਧ ਖਿਲਾਫ ਅਵਾਜ ਬੁਲੰਦ ਕਰਨ ਦੀ ਲੋੜ ਹੈ । ਆਓ, ਸਿੱਖਿਆ ਦੇ ਤਕਨੀਕੀਕਰਨ ਦੇ ਨਾਂਅ ’ਤੇ ਸਰਕਾਰ ਦੀਆਂ ਬੱਚਿਆਂ ਵਿਰੋਧੀ ਨੀਤੀਆਂ ਦਾ ਵਿਰੋਧ ਕਰੀਏ ਅਤੇ ਸਰਕਾਰ ਨੂੰ ਬੱਚਿਆਂ ਦੀ ਪੜ੍ਹਾਈ-ਸਿਖਲਾਈ ਵੱਲ ਗੰਭੀਰ ਹੋਣ ਲਈ ਮਜਬੂਰ ਕਰੀਏ।

•ਬਲਜੀਤ ਕੌਰ

Share This :

Leave a Reply