ਖੰਨਾ (ਪਰਮਜੀਤ ਸਿੰਘ ਧੀਮਾਨ) – ਆਪਣੀਆਂ ਹੱਕੀਂ ਮੰਗਾਂ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਹੜਤਾਲ ਕਰ ਰਹੇ ਸਿਵਲ ਹਸਪਤਾਲ ਖੰਨਾ ਦੇ ਡਾਕਟਰਾਂ ਨੇ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਛੇਵੇਂ ਤਨਖਾਹ ਕਮਿਸ਼ਨ ਖਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ। ਇਸ ਮੌਕੇ ਐਮਰਜੈਂਸੀ ਤੇ ਕੋਵਿਡ ਤੋਂ ਇਲਾਵਾ ਓਪੀਡੀ ਦੀਆਂ ਸਾਰੀਆਂ ਸੇਵਾਵਾਂ ਪੂਰਨ ਤੌਰ ’ਤੇ ਬੰਦ ਰੱਖੀਆਂ ਗਈਆਂ।
ਇਸ ਮੌਕੇ ਐਸਸੀਏਸ਼ਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ’ਚ ਉਨ੍ਹਾਂ ਦੇ ਨਾਨ-ਪ੍ਰੈਕਟਿਸ ਅਲਾਊਂਸ (ਐਨ.ਪੀ.ਏ.) ਵਿੱਚ ਕਟੌਤੀ ਕੀਤੀ ਗਈ ਹੈ, ਜਿਸ ਨੂੰ 25 ਤੋਂ ਘਟਾ ਕੇ 20 ਫ਼ੀਸਦੀ ਕਰਨ ਤੇ 25 ਜੂਨ ਤੋਂ ਡਾਕਟਰ ਹੜਤਾਲ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਛੇਵਾਂ ਤਨਖਾਹ ਕਮਿਸ਼ਨ ਸਰਕਾਰ ਦਾ ਡਾਕਟਰਾਂ ਨਾਲ ਕੀਤਾ ਜਾ ਰਿਹਾ ਧੋਖਾ ਹੈ।
ਜੇਕਰ ਸਾਡੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਸੂੁਬਾ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਡਾਕਟਰਾਂ ਵੱਲੋਂ 23 ਜੁਲਾਈ ਨੂੰ ਮੁਹਾਲੀ ਤੋਂ ਮਾਨਵ ਚੈਨ ਬਣਾ ਕੇ ਹੱਕੀ ਮੰਗਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਡਾ. ਹਰੀਸ਼ ਕਿਰਪਾਲ, ਡਾ. ਰਾਘਵ ਅਗਰਵਾਲ, ਡਾ. ਸੰਤਮੀਤ, ਡਾ. ਸੁਧਾਂਸੂ, ਡਾ. ਜਤਿਨ, ਡਾ. ਵਿਨੈ, ਡਾ. ਸੁਦੀਪ ਸਿੱਧੂ, ਡਾ. ਹਰਲੀਨ ਕੌਰ, ਡਾ. ਹਰਵਿੰਦਰ ਸਿੰਘ, ਡਾ. ਕਨਿਕਾ, ਡਾ. ਅਮਿਤਾ ਅਰੋੜਾ ਆਦਿ ਹਾਜ਼ਰ ਸਨ।