ਚੰਡੀਗੜ੍ਹ, ਮੀਡੀਆ ਬਿਊਰੋ:
ਅਸ਼ਲੀਲ ਤੇ ਗੰਨ ਕਲਚਰ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਹੁਣ ਵਿਆਹਾਂ ਤੇ ਹੋਰ ਜਨਤਕ ਸਮਾਗਮਾਂ ਵਿਚ ਨਹੀਂ ਚੱਲ ਸਕਣਗੇ। ਪੰਜਾਬ ਪੁਲਿਸ ਨੇ ਇਹ ਕਦਮ ਅਸ਼ਲੀਲਤਾ ਤੇ ਗੰਨ ਕਲਚਰ ਨੂੰ ਰੋਕਣ ਲਈ ਕੀਤਾ ਹੈ। ਪੰਜਾਬ ਵਿਚ ਹੁਣ ਵਿਆਹ ਸਮਾਗਮਾਂ, ਪਾਰਟੀਆਂ ਵਿਚ ਡੀਜੇ ਵਾਲੇ ਭਡ਼ਕਾਊ, ਅਸ਼ਲੀਲ, ਸ਼ਰਾਬ ਅਤੇ ਹਥਿਆਰਾਂ ਵਾਲੇ ਗਾਣੇ ਨਹੀਂ ਵਜਾ ਸਕਣਗੇ। ਸੂਬੇ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਸਮੂਹ ਪੁਲਿਸ ਕਮਿਸ਼ਨਰਾਂ, ਐੱਸਐੱਸਪੀਜ਼ ਨੂੰ ਇਸ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਨਿਰਦੇਸ਼ਾਂ ਵਿਚ ਐੱਸਐੱਸਪੀ ਨੂੰ ਆਪਣੇ ਥਾਣਾ ਮੁਖੀਆਂ ਨੂੰ ਡੀਜੇ ਵਾਲਿਆਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਤਾਂਕਿ ਗੰਨ ਕਲਚਰ ਅਤੇ ਸ਼ਰਾਬ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਨਾ ਵੱਜਣ। ਇਹ ਦੱਸਿਆ ਗਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਸਬੰਧੀ ਇਕ ਫ਼ੈਸਲਾ ਦਿੱਤਾ ਸੀ, ਜਿਸ ਵਿਚ ਹਥਿਆਰ, ਗੰਨ ਤੇ ਸ਼ਰਾਬ ਕਲਚਰ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਨਾ ਚਲਾਉਣ ਬਾਰੇ ਕਿਹਾ ਗਿਆ ਸੀ। ਇਸ ਦੇ ਬਾਵਜੂਦ ਨਿਰਦੇਸ਼ਾਂ ਦਾ ਪਾਲਣ ਨਹੀਂ ਹੋ ਰਿਹਾ ਹੈ। ਇਸ ਲਈ ਇਨ੍ਹਾਂ ’ਤੇ ਤੁਰੰਤ ਰੋਕ ਲਗਾਈ ਜਾਵੇ।
ਜ਼ਿਕਰਯੋਗ ਹੈ ਕਿ ਚੰਡੀਗਡ਼੍ਹ ਵਿਚ ਰਹਿਣ ਵਾਲੇ ਸਮਾਜਸੇਵੀ ਪੰਡਿਤਰਾਓ ਧਰਨੇਸ਼ਵਰ ਨੇ ਡੀਜੀਪੀ ਵੀਕੇ ਭਾਵਡ਼ਾ ਨੂੰ ਇਸ ਬਾਰੇ ਸ਼ਿਕਾਇਤ ਵੀ ਕੀਤੀ ਸੀ। ਡੀਜੀਪੀ ਨੇ ਏਡੀਜੀਪੀ ਲਾਅ ਐਂਡ ਆਰਡਰ ਨੂੰ ਮਾਮਲੇ ਵਿਚ ਕਾਰਵਾਈ ਕਰਨ ਬਾਰੇ ਕਿਹਾ ਸੀ। ਇਸ ਪਿੱਛੋਂ ਏਡੀਜੀਪੀ ਨੇ ਹੇਠਲੇ ਪੱਧਰ ’ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।