ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਕੋਵਿਡ ਦੇ ਮਾਮਲਿਆਂ ਦੇ ਸਿਖਰਾਂ ’ਤੇ ਪੁੱਜਣ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਬਿਨਾਂ ਜਾਨ ਦੀ ਪ੍ਰਵਾਹ ਕੀਤਿਆਂ ਡਿਊਟੀ ਨਿਭਾਉਣ ਵਾਲੇ ਜ਼ਿਲ੍ਹੇ ਦੇ 133 ਗਾਰਡੀਅਨਜ਼ ਆਫ਼ ਗਵਰਨੈਂਸ ਹੁਣ ਪੰਜਾਬ ਸਰਕਾਰ ਦੇ ਮਿਸ਼ਨ ਫ਼ਹਿਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੋਰਚੇ ਸੰਭਾਲੀ ਬੈਠੇ ਹਨ। ਇਹ ਸਾਬਕਾ ਸੈਨਿਕ ਰੋਜ਼ਾਨਾ ਬਿਨਾਂ ਨਾਗਾ ਪਿੰਡਾਂ ’ਚ ਕੰਮ ਕਰ ਰਹੀ ਮਨਰੇਗਾ ਲੇਬਰ ਨੂੰ ਕੋਵਿਡ ਤੋਂ ਸੁਚੇਤ ਕਰਨ ਅਤੇ ਇਸ ਤੋਂ ਬਚਣ ਲਈ ਉਨ੍ਹਾਂ ਦੇ ਕੰਮ ਸਥਾਨ ’ਤੇ ਜਾ ਕੇ ਖਬਰਦਾਰ ਕਰ ਰਹੇ ਹਨ। ਤਹਿਸੀਲ ਹੈਡ ਨਵਾਂਸ਼ਹਿਰ ਕੈਪਟਨ ਸਤਪਾਲ ਸਿੰਘ ਅਨੁਸਾਰ ਉਨ੍ਹਾਂ ਦੇ ਜੁਆਨ ਆਪਣੇ ਫੌਜੀ ਅਨੁਸ਼ਾਸਨ ਵਾਂਗ ਸਵੇਰੇ ਹੀ ਕੰਮ ਵਾਲੇ ਥਾਂਵਾਂ ’ਤੇ ਪੁੱਜ ਜਾਂਦੇ ਹਨ ਅਤੇ ਮਨਰੇਗਾ ਕਾਮਿਆਂ ਨੂੰ ਕੋਵਿਡ ਦੀ ਖਤਰਨਾਕ ਸਥਿਤੀ ਬਾਰੇ ਦੱਸਦਿਆਂ ਰੋਜ਼ੀ ਕਮਾਉਣ ਦੇ ਨਾਲ-ਨਾਲ ਆਪਣੀ ਸਿਹਤ ਸੁਰੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕਰਦੇ ਹਨ।
ਜ਼ਿਲ੍ਹਾ ਮੁਖੀ ਜੀ ਓ ਜੀ ਕਰਨਲ ਚੂਹੜ ਸਿੰਘ ਅਨੁਸਾਰ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਦੇ ਮਿਸ਼ਨ ਫ਼ਤਿਹ ਨੂੰ ਹੇਠਲੇ ਪੱਧਰ ਤੱਕ ਲੋਕਾਂ ਤੱਕ ਪਹੁੰਚਾ ਕੇ, ਉਨ੍ਹਾਂ ਨੂੰ ਕੋਵਿਡ ਪ੍ਰਤੀ ਜਾਗਰੂਕ ਕਰਨ ਦੇ ਆਦੇਸ਼ਾਂ ਦੇ ਦਿਨ ਤੋਂ ਹੀ ਜੀ ਓ ਜੀ ਬੜੀ ਮੇਹਨਤ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਦੌਰਾਨ ਜੀ ਓ ਜੀਜ਼ ਤੀਸਰੀ ਵੱਡੀ ਜ਼ਿੰਮੇਂਵਾਰੀ ਸੰਭਾਲ ਰਹੇ ਹਨ। ਪਹਿਲੀ ਜ਼ਿੰਮੇਂਵਾਰੀ ਇਨ੍ਹਾਂ ਸਾਬਕਾ ਸੈਨਿਕਾਂ ਨੇ ਮੈਡੀਕਲ ਸਟੋਰਾਂ ਤੋਂ ਪਿੰਡਾਂ ਦੇ ਲੋਕਾਂ ਤੱਕ ਦਵਾਈ ਪਹੁੰਚਾਉਣ ਦੀ ਬੜੀ ਹੀ ਜ਼ਿੰਮੇਂਵਾਰੀ ਨਾਲ ਨਿਭਾਈ ਸੀ। ਇੱਥੋਂ ਤੱਕ ਕਿ ਕੈਮਿਸਟ ਨੂੰ ਆਪਣੀ ਜੇਬ ’ਚੋਂ ਹੀ ਪੈਸੇ ਅਦਾ ਕਰ ਜਾਂਦੇ ਸਨ ਅਤੇ ਅੱਗੋਂ ਮਿਲਣ ਜਾਂ ਨਾ ਮਿਲਣ, ਜਿੱਦ ਨਹੀਂ ਸਨ ਕਰਦੇ। ਉਸ ਤੋਂ ਬਾਅਦ ਜਦੋਂ ਕਣਕ ਦਾ ਸੀਜ਼ਨ ਆਇਆਂ ਤਾਂ ਮੰਡੀਆਂ ’ਚ ਲੋਕਾਂ ਨੂੰ ਅਤੇ ਲੇਬਰ ਨੂੰ ਕੋਵਿਡ ਤੋਂ ਸਾਵਧਾਨ ਕਰਨ ਦੀ ਇੱਕ ਹੋਰ ਵੱਡੀ ਚਣੌਤੀ ਨੂੰ ਖਿੜੇ ਮੱਥੇ ਕਬੂਲਦਿਆਂ ਉਨ੍ਹਾਂ ਇਸ ਜ਼ਿੰਮੇਂਵਾਰੀ ਨੂੰ ਏਨੀ ਤਨਦੇਹੀ ਨਾਲ ਨਿਭਾਇਆ ਕਿ ਇਸ ਸੀਜ਼ਨ ਦੌਰਾਨ ਮੰਡੀਆਂ ’ਚੋਂ ਇੱਕ ਵੀ ਕੇਸ ਕੋਵਿਡ ਦਾ ਨਹੀਂ ਆਇਆ। ਹੁਣ ਤੀਸਰੀ ਜ਼ਿੰਮੇਂਵਾਰੀ ਪਿੰਡਾਂ ’ਚ ਮਨਰੇਗਾ ਵਰਕਰਾਂ ਨੂੰ ਪੰਚਾਇਤਾਂ ਨਾਲ ਰਲ ਕੇ ਕੋਵਿਡ ਤੋਂ ਸਾਵਧਾਨ ਕਰਨ ਦੀ ਹੈ, ਜਿਸ ਨੂੰ ਫ਼ਿਰ ਉਹ ਆਪਣੀ ਜੰਗ ਸਮਝ ਕੇ ਲੜ ਰਹੇ ਹਨ। ਬੰਗਾ ਤਹਿਸੀਲ ਹੈਡ ਸ਼ਰਨਜੀਤ ਸਿੰਘ ਅਨੁਸਾਰ ਸਾਬਕਾ ਸੈਨਿਕਾਂ ’ਚ ਦੇਸ਼ ਸੇਵਾ ਦਾ ਜਜ਼ਬਾ ਏਨਾ ਭਰਿਆ ਹੋਇਆ ਹੈ ਕਿ ਉਹ ਬਿਨਾਂ ਆਪਣੀ ਵੱਡੀ ਉਮਰ ਨਾਲ ਸਬੰਧਤ ਕਿਸੇ ਖਤਰੇ ਦੀ ਪ੍ਰਵਾਹ ਕੀਤਿਆਂ ਸਵੇਰੇ ਹੀ ਡਿਊਟੀ ’ਤੇ ਨਿਕਲ ਜਾਂਦੇ ਹਨ। ਬਲਾਚੌਰ ਦੇ ਤਹਿਸੀਲ ਹੈਡ ਭਗਤ ਰਾਮ ਦੱਸਦੇ ਹਨ ਕਿ ਇਹ ਸਾਬਕਾ ਸੈਨਿਕ ਮਨਰੇਗਾਂ ਵਰਕਰਾਂ ਅਤੇ ਲੋਕਾਂ ਨੂੰ ਕੋਵਿਡ ਦੇ ਇਨ੍ਹਾਂ ਖਤਰਨਾਕ ਦਿਨਾਂ ਤੋਂ ਬਚਾਅ ਲਈ ਮਾਸਕ ਪਹਿਨਣ, ਜਨਤਕ ਥਾਂ ’ਤੇ ਨਾ ਥੁੱਕਣ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣ, ਆਪਣੇ ਆਲੇ ਦੁਆਲੇ ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਆਪਣੇ ਹੱਥਾਂ ਨੂੰ ਮੂੰਹ, ਨੱਕ ਜਾਂ ਅੱਖਾਂ ’ਤੇ ਬਿਨਾਂ ਧੋਤੇ ਨਾ ਲਾਉਣ ਦਾ ਸੁਨੇਹਾ ਦੇ ਰਹੇ ਹਨ। ਇਸ ਤੋਂ ਇਲਾਵਾ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋ ਕੇ ਇਸ ਬਿਮਾਰੀ ਤੋਂ ਬਚਣ ਦਾ ਸੁਨੇਹਾ ਦੇ ਰਹੇ ਹਨ।