ਜ਼ਿਲ੍ਹਾ ਗੁਰਦਾਸਪੁਰ ਨੂੰ “ਆਪ” ਮੰਤਰੀ ਮੰਡਲ ’ਚ ਨਹੀਂ ਮਿਲੀ ਥਾਂ

ਗੁਰਦਾਸਪੁਰ, ਮੀਡੀਆ ਬੀਊਰੋ:

ਸੂਬੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੋ ਚੁੱਕਾ ਹੈ। ਰਾਜ ਭਵਨ ਵਿਚ 10 ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਉਨ੍ਹਾਂ ਜ਼ਿਲ੍ਹਿਆਂ ਤੇ ਹਲਕਿਆਂ ਦੇ ਲੋਕਾਂ ਵਿਚ ਖੁਸ਼ੀ ਹੈ ਜਿੱਥੋਂ ਦੀ ਨੁਮਾਇੰਦਗੀ ਇਹ ਮੰਤਰੀ ਕਰਨਗੇ। ਜਦਕਿ ਜ਼ਿਲ੍ਹਾ ਗੁਰਦਾਸਪੁਰ ਮੰਤਰੀ ਮੰਡਲ ਵਿਚ ਭਾਗੀਦਾਰੀ ਤੋਂ ਵਿਰਵਾ ਹੋ ਗਿਆ ਹੈ। ਇਸ ਤੋਂ ਪਿਛਲੀ ਵਜ਼ਾਰਤ ਵਿਚ ਜ਼ਿਲ੍ਹਾ ਗੁਰਦਾਸਪੁਰ ਕੋਲ ਉਪ ਮੁੱਖ ਮੰਤਰੀ ਸਮੇਤ ਤਿੰਨ ਕੈਬਨਿਟ ਰੈਂਕ ਦੇ ਮੰਤਰੀ ਸਨ। ਇਨ੍ਹਾਂ ਵਿਚ ਹਲਕਾ ਡੇਰਾ ਬਾਬਾ ਨਾਨਕ ਤੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਦੀਨਾਨਗਰ ਤੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਤੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਨ।

ਇਨ੍ਹਾਂ ਤਿੰਨਾਂ ਕੋਲ ਸੂਬਾ ਸਰਕਾਰ ਵਿਚ ਅਹਿਮ ਮਹਿਕਮੇ ਸਨ। ‘ਆਪ’ ਦੀ ਹਨੇਰੀ ਵਿਚ ਜਿੱਤਣ ਦੇ ਬਾਵਜੂਦ ਉਕਤ ਤਿੰਨੋਂ ਵੱਡੇ ਕਾਂਗਰਸੀ ਆਗੂ ਸਿਰਫ਼ ਵਿਧਾਇਕ ਰਹਿ ਕੇ ਅਗਲੇ ਪੰਜ ਸਾਲ ਗੁਜ਼ਾਰਨਗੇ। ‘ਆਪ’ ਦੀ ਹਨੇਰੀ ਦੇ ਬਾਵਜੂਦ ਜ਼ਿਲ੍ਹਾ ਗੁਰਦਾਸਪੁਰ ਵਿਚ ਕਾਂਗਰਸ ਦਾ ਪ੍ਰਦਰਸ਼ਨ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਵਧੀਆ ਰਿਹਾ। ਜ਼ਿਲ੍ਹੇ ਦੀਆਂ 7 ਸੀਟਾਂ ਵਿੱਚੋਂ ਕਾਂਗਰਸ 5 ਸੀਟਾਂ ਜਿੱਤਣ ਵਿਚ ਕਾਮਯਾਬ ਰਹੀ ਜਦਕਿ ਆਮ ਆਦਮੀ ਪਾਰਟੀ ਦੇ ਹਿੱਸੇ ਸਿਰਫ਼ ਬਟਾਲਾ ਤੇ ਹਰਗੋਬਿੰਦਪੁਰ ਦੀਆਂ ਦੋ ਸੀਟਾਂ ਆਈਆਂ। ਜੇ ਕਾਂਗਰਸ ਦੀ ਸਰਕਾਰ ਮੁੜ ਸੱਤਾ ਵਿਚ ਆਉਂਦੀ ਤਾਂ ਇਸ ਜ਼ਿਲ੍ਹੇ ਵਿੱਚੋਂ ਇਸ ਵਾਰ ਘੱਟੋ-ਘੱਟ ਚਾਰ ਕਾਂਗਰਸੀ ਵਿਧਾਇਕਾਂ ਦਾ ਮੰਤਰੀ ਬਣਨਾ ਤੈਅ ਸੀ ਕਿਉਂਕਿ ਉਕਤ ਤਿੰਨ ਕਾਂਗਰਸੀ ਮੰਤਰੀਆਂ ਤੋਂ ਇਲਾਵਾ ਕਾਂਗਰਸ ਦੇ ਵੱਡੇ ਆਗੂ ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਚੋਣ ਜਿੱਤੇ ਹਨ। ਪੰਜਵੇਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਮੰਤਰੀ ਦੀ ਦੌੜ ਵਿਚ ਸ਼ਾਮਲ ਸਨ। ਖ਼ੈਰ, ਇਨ੍ਹਾਂ ਸਾਰਿਆਂ ਦੀਆਂ ਆਸਾਂ ਜਿੱਤਣ ਦੇ ਬਾਵਜੂਦ ਧਰੀਆਂ ਧਰਾਈਆਂ ਰਹਿ ਗਈਆਂ ਹਨ।

ਆਮ ਆਦਮੀ ਪਾਰਟੀ ਦੇ ਆਗੂਆਂ ਦੀ ਗੱਲ ਕਰੀਏ ਤਾਂ ਬਟਾਲਾ ਤੋਂ ਨੌਜਵਾਨ ਸ਼ੈਰੀ ਕਲਸੀ ਪਹਿਲੀ ਵਾਰ ਵਿਧਾਇਕ ਬਣੇ ਹਨ। ਇਸੇ ਤਰ੍ਹਾਂ ਸ੍ਰੀ ਹਰਗੋਬਿੰਦਪੁਰ ਤੋਂ ਅਮਰਪਾਲ ਸਿੰਘ ਪਹਿਲੀ ਵਾਰ ਵਿਧਾਇਕ ਬਣੇ ਹਨ। ਇਨ੍ਹਾਂ ਦੋਵਾਂ ਆਗੂਆਂ ਦੀ ਕਾਰਗੁਜ਼ਾਰੀ ਚੰਗੀ ਰਹੀ ਪਰ ਮੁਕਾਬਲੇ ਵਿਚ ਕੋਈ ਵੱਡਾ ਨਾਮੀ ਤੇ ਚਰਚਿਤ ਚਿਹਰਾ ਨਹੀਂ ਸੀ ਜਿਸ ਕਾਰਨ ਇਨ੍ਹਾਂ ਦੋਵਾਂ ਦੇ ਮੰਤਰੀ ਬਣਨ ਦੀ ਸੰਭਾਵਨਾ ਘੱਟ ਸੀ। ਹੁਣ ਜਿਸ ਤਰ੍ਹਾਂ ਮੰਤਰੀ ਮੰਡਲ ਵਿਚ ਅੱਠ ਪਹਿਲੀ ਵਾਰ ਦੇ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਉਸ ਤੋਂ ਇਨ੍ਹਾਂ ਹਲਕਿਆਂ ਦੇ ਲੋਕਾਂ ਵਿਚ ਵੀ ਆਸ ਦਾ ਸੰਚਾਰ ਹੋਇਆ ਹੈ ਕਿ ਹੋ ਸਕਦਾ ਹੈ ਕਿ ਭਵਿੱਖ ਵਿਚ ਉਨ੍ਹਾਂ ਦੇ ਵਿਧਾਇਕ ਦਾ ਨਾਂ ਵੀ ਮੰਤਰੀ ਮੰਡਲ ਆ ਜਾਵੇ। ਇਨ੍ਹਾਂ ਦੋਵਾਂ ਵਿਧਾਇਕਾਂ ਤੋਂ ਇਲਾਵਾ ਗੁਰਦਾਸਪੁਰ ਤੋਂ ‘ਆਪ’ ਆਗੂ ਰਮਨ ਬਹਿਲ ਤਜਰਬੇਕਾਰ ਨੇਤਾ ਹਨ ਕਿ ਜੇ ਉਹ ਜਿੱਤ ਹਾਸਲ ਕਰਦੇ ਤਾਂ ਸ਼ਾਇਦ ਅੱਜ ਉਹ ਵੀ ਬਤੌਰ ਮੰਤਰੀ ਸਹੁੰ ਚੁੱਕ ਰਹੇ ਹੁੰਦੇ। ਸਮਰਥਕਾਂ ਨੂੰ ਆਸ ਹੈ ਕਿ ਰਮਨ ਬਹਿਲ ਨੂੰ ਕੋਈ ਵੱਡੀ ਚੇਅਰਮੈਨੀ ਦਿੱਤੀ ਜਾਵੇਗੀ।

2012 ’ਚ ਵੀ ਨਹੀਂ ਬਣਿਆ ਸੀ ਕੋਈ ਮੰਤਰੀ

ਜਿਸ ਤਰ੍ਹਾਂ ਅੱਜ 2022 ਵਿਚ ਜ਼ਿਲ੍ਹਾ ਗੁਰਦਾਸਪੁਰ ਤੋਂ ਕੋਈ ਵੀ ਵਿਧਾਇਕ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਹੈ, ਉਸੇ ਤਰ੍ਹਾਂ 2012 ਦੀ ਸਰਕਾਰ ਸਮੇਂ ਵੀ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਕੋਈ ਵਿਧਾਇਕ ਮੰਤਰੀ ਨਹੀਂ ਬਣ ਸਕਿਆ ਸੀ। ਦਿਲਚਸਪ ਗੱਲ ਹੈ ਕਿ ਉਸ ਸਮੇਂ ਅਕਾਲੀ ਦਲ ਦੀ ਹਨੇਰੀ ਸੀ ਪਰ ਜ਼ਿਲ੍ਹਾ ਗੁਰਦਾਸਪੁਰ ਦੀਆਂ 7 ਸੀਟਾਂ ਵਿੱਚੋਂ ਅਕਾਲੀ ਦਲ ਸਿਰਫ ਦੋ ਸੀਟਾਂ ਜਿੱਤ ਸਕਿਆ ਸੀ। ਇਨ੍ਹਾਂ ਵਿੱਚੋਂ ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ ਤੇ ਸ੍ਰੀ ਹਰਗੋਬਿੰਦਪੁਰ ਹਲਕੇ ਤੋਂ ਦੇਸ ਰਾਜ ਧੁੱਗਾ ਜਿੱਤਣ ਵਿਚ ਕਾਮਯਾਬ ਹੋਏ ਸੀ। ਬਾਕੀ 5 ਸੀਟਾਂ ਕਾਂਗਰਸ ਦੀ ਝੋਲੀ ਪਈਆਂ ਸਨ। ਸੀਨੀਅਰ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ, ਨਿਰਮਲ ਸਿੰਘ ਕਾਹਲੋਂ ਤੇ ਸੇਵਾ ਸਿੰਘ ਸੇਖਵਾਂ ਚੋਣ ਹਾਰ ਗਏ ਸਨ। ਬਾਅਦ ਵਿਚ ਅਕਾਲੀ ਸਰਕਾਰ ਨੇ ਬੱਬੇਹਾਲੀ ਨੂੰ ਸੰਸਦੀ ਸਕੱਤਰ ਦਾ ਅਹੁਦਾ ਦੇ ਕੇ ਨਿਵਾਜਿਆ ਸੀ। 5 ਸਾਲ ਬਾਅਦ 2017 ਵਿਚ ਜਦੋਂ ਕਾਂਗਰਸ ਸਰਕਾਰ ਸੱਤਾ ਵਿਚ ਆਈ ਤਾਂ ਇਸ ਜ਼ਿਲ੍ਹੇ ਨੂੰ ਤਿੰਨ ਵਜ਼ੀਰੀਆਂ ਮਿਲੀਆਂ।

Share This :

Leave a Reply