ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਉਰੋ ਬੇਰੁਜ਼ਗਾਰਾਂ ਨੂੰ ਸਵੈ-ਰੁਜ਼ਗਾਰ ਤੇ ਨੌਕਰੀ ਦਿਵਾਉਣ ‘ਚ ਹੋ ਰਿਹਾ ਹੈ ਸਹਾਈ

ਚੰਡੀਗੜ੍ਹ (ਮੀਡੀਆ ਬਿਊਰੋ)- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਸਕੀਮ ਤਹਿਤ ਲੋੜਵੰਦ ਪੜ੍ਹੇ-ਲਿਖੇ ਨੌਜਵਾਨ ਲੜਕੇ ਲੜਕੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਵੱਖ-ਵੱਖ ਸੰਸਥਾਵਾਂ ਅਤੇ ਉਦਯੋਗਾਂ/ ਪ੍ਰਾਈਵੇਟ ਅਦਾਰਿਆਂ ਵਿੱਚ ਨੌਕਰੀ ਮੁੱਹਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ। ਇਸੇ ਸਕੀਮ ਅਧੀਨ ਪਿਛਲੇ ਸਮੇਂ ਵਿੱਚ ਅਨੇਕਾਂ ਨੌਜਵਾਨ ਲੜਕੇ ਲੜਕੀਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੁਆਰਾ ਲਗਾਏ ਜਾਂਦੇ ਸਵੈ-ਰੋਜ਼ਗਾਰ /ਪਲੇਸਮੈਂਟ ਕੈਂਪਾਂ ਦਾ ਲਾਹਾ ਲੈ ਕੇ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਸਫਲ ਹੋਏ ਹਨ।

ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਉਰੋ ਵੱਲੋਂ ਲਗਾਏ ਗਏ ਸਵੈ-ਰੋਜ਼ਗਾਰ ਕੈਂਪ ਤੋਂ ਮਾਰਗਦਰਸ਼ਨ ਲੈ ਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਪਿੰਡ ਦੇ ਨਿਵਾਸੀ ਸਤਨਾਮ ਸਿੰਘ ਨੇ ਵੀ ਲਾਭ ਉਠਾਇਆ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਉਹ ਇੱਕ ਲੋੜਵੰਦ ਪਰਿਵਾਰ ਨਾਲ ਸੰਬੰਧਤ ਹੈ ਅਤੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਨੌਕਰੀ ਦੀ ਤਲਾਸ਼ ਕਰ ਰਿਹਾ ਸੀ।

ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਨੇ ਰੋਜ਼ਗਾਰ ਦਫਤਰ, ਫਿਰੋਜ਼ਪੁਰ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਅਤੇ ਉਨ੍ਹਾਂ ਵੱਲੋਂ ਕੀਤੇ ਮਾਰਗ ਦਰਸ਼ਨ ਅਨੁਸਾਰ ਨੌਕਰੀ ਦੇ ਨਾਲ-ਨਾਲ ਸਵੈ-ਰੋਜ਼ਗਾਰ ਲਈ ਅਰਜ਼ੀ ਦਿੱਤੀ। ਸਤਨਾਮ ਨੇ ਦੱਸਿਆ ਕਿ ਕੁਝ ਦਿਨ ਬਾਅਦ ਉਸ ਨੂੰ ਫੋਨ ਰਾਹੀਂ ਸੂਚਿਤ ਕੀਤਾ ਗਿਆ ਕੇ ਸੰਕਲਪ ਯੋਜਨਾ ਅਧੀਨ ਲੋੜਵੰਦਾਂ ਨੂੰ ਮੁਫ਼ਤ ਇਲੈਕਟ੍ਰੀਸ਼ੀਅਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ।

ਜਿੱਥੋਂ ਕਿੱਟ ਪ੍ਰਾਪਤ ਕਰਨ ਉਪਰੰਤ ਉਸ ਨੇ ਸਵੈ-ਰੋਜ਼ਗਾਰ ਰਾਹੀਂ ਆਪਣਾ ਖੁਦ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਹੁਣ ਉਸ ਨੂੰ ਚੰਗੀ ਆਮਦਨ ਹੋ ਰਹੀ ਹੈ। ਸਤਨਾਮ ਸਿੰਘ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਰੋਜ਼ਗਾਰ ਦਫਤਰ ਦੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਮੈਂ ਆਪਣੇ ਪਰਿਵਾਰ ਨੂੰ ਆਰਥਿਕ ਤੌਰ ‘ਤੇ ਮਦਦ ਕਰ ਸਕਾਂਗਾ। ਸਤਨਾਮ ਸਿੰਘ ਨੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਦਾ ਬਾਕੀ ਪੜੇ-ਲਿਖੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਪ੍ਰਾਪਤੀ ਲਈ ਉਸ ਵਾਂਗ ਫਾਇਦਾ ਉਠਾਉਣ ਲਈ ਸੁਨੇਹਾ ਦਿੱਤਾ।

Share This :

Leave a Reply