ਫਿਰੋਜ਼ਪੁਰ (ਮੀਡੀਆ ਬਿਊਰੋ) ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ, ਸਿਖਲਾਈ, ਫਿਰੋਜਪੁਰ ਵੱਲੋਂ ਸੰਕਲਪ ਸਕੀਮ ਅਧੀਨ ਪਹਿਲੇ ਗੇੜ ਦੌਰਾਨ ਲੋੜਵੰਦ ਨੌਜਵਾਨ ਲੜਕੇ ਲੜਕੀਆਂ ਨੂੰ ਸਵੈ-ਰੋਜ਼ਗਾਰ ਦੇ ਮੰਤਵ ਨਾਲ 100 ਦੇ ਕਰੀਬ ਮੁਫਤ ਸਿਲਾਈ ਮਸ਼ੀਨਾਂ, ਇਲੈਕਟ੍ਰੀਸ਼ਨ ਅਤੇ ਪਲੰਬਰ ਦੀਆਂ ਕਿਟਾਂ ਵੰਡੀਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੂਣ ਕੁਮਾਰ ਸ਼ਰਮਾ ਨੇ ਇਨ੍ਹਾਂ ਬੇਰੁਜ਼ਗਾਰਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕੀਤਾ ਅਤੇ ਇਸ ਸਕੀਮ ਤਹਿਤ ਸਵੈ ਰੁਜ਼ਗਾਰ ਕਰਕੇ ਆਪਣੇ ਜੀਵਨ ਵਿੱਚ ਅੱਗੇ ਵੱਧਣ ਲਈ ਕਿਹਾ।
ਇਸ ਮੌਕੇ ਅਸ਼ੋਕ ਜਿੰਦਲ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਫਿਰੋਜਪੁਰ ਵੱਲੋਂ ਇਸ ਸਕੀਮ ਤਹਿਤ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਪੰਜਾਬ ਸਰਕਾਰ ਦੁਆਰਾ ਸਵੈ ਰੁਜ਼ਗਾਰ ਸਕੀਮ ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਉਂਦਿਆਂ ਆਪਣਾ ਨਾਮ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਫਿਰੋਜਪੁਰ ਵਿਖੇ ਰਜਿਸਟਰਡ ਕਰਨ ਦੇ ਨਾਲ-ਨਾਲ www.pgrkam.com ‘ਤੇ ਵੀ ਆਨਲਾਈਨ ਰਜਿਸਟਰੇਸ਼ਨ ਕਰਨ ਲਈ ਕਿਹਾ ਗਿਆ। ਇਸ ਮੌਕੇ ਤੇ ਗੁਰਜੰਟ ਸਿੰਘ ਪਲੇਸਮੈਂਟ ਅਫਸਰ, ਰਾਹੁਲ ਵੋਹਰਾ ਯੰਗ ਪ੍ਰੋਫੈਸ਼ਨਲ ਮਾਡਲ ਕਰੀਅਰ ਸੈਂਟਰ, ਸਰਬਜੀਤ ਸਿੰਘ, ਡੀ.ਪੀ.ਐਮ.ਯੂ, ਸ਼੍ਰੀ ਨਵਦੀਸ ਅਸੀਜਾ ਅਤੇ ਸ਼੍ਰੀਮਤੀ ਮਨਦੀਪ ਕੌਰ ਆਦਿ ਹਾਜ਼ਿਰ ਸਨ।