Disrespect Case : ਬੇਅਦਬੀ ਮਾਮਲੇ ’ਚ ਡੇਰਾ ਮੁਖੀ ਰਾਮ ਰਹੀਮ ਸਿੰਘ ਸਮੇਤ ਸੱਤ ਖ਼ਿਲਾਫ਼ ਚਲਾਨ ਪੇਸ਼

ਕੋਟਕਪੂਰਾ, ਮੀਡੀਆ ਬਿਊਰੋ:

ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮਾਮਲਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਅੱਜ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਤਰਜਨੀ ਦੀ ਅਦਾਲਤ ਵਿੱਚ ਫਰੀਦਕੋਟ ਵਿਖੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚਲਾਨ ਪੇਸ਼ ਕਰ ਦਿੱਤਾ। ਐੱਸਆਈਟੀ ਦੇ ਮੁਖੀ ਆਈ.ਜੀ. ਐੱਸਪੀਐੱਸ ਪਰਮਾਰ ਅਤੇ ਟੀਮ ਮੈਂਬਰ ਇੰਸ. ਦਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਚਾਲਾਨ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਦਿਨ ਦਿਹਾੜੇ ਚੋਰੀ ਹੋਏ ਪਾਵਨ ਸਰੂਪ ਦੇ ਸਬੰਧ ਵਿੱਚ ਥਾਣਾ ਬਾਜਾਖਾਨਾ ਵਿਖੇ ਦਰਜ ਹੋਏ 63 ਨੰਬਰ ਮਾਮਲੇ ਵਿੱਚ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਉਕਤ ਮਾਮਲੇ ਵਿੱਚ ਨਾਮਜ਼ਦ 7 ਡੇਰਾ ਪ੍ਰੇਮੀਆਂ ਅਤੇ ਡੇਰਾ ਸਿਰਸਾ ਮੁਖੀ ਖਿਲਾਫ ਚਾਲਾਨ ਪੇਸ਼ ਕੀਤੇ ਜਾ ਚੁੱਕੇ ਹਨ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਸੀਬੀਆਈ ਵੱਲੋਂ ਕੀਤੀ ਗਈ ਜਾਂਚ ਦੀਆਂ ਰਿਪੋਰਟਾਂ ਨਾਲ ਲਾ ਕੇ ਦੁਬਾਰਾ ਚਾਲਾਨ ਪੇਸ਼ ਕਰਨ ਦੀ ਨੌਬਤ ਆਈ। ਉਨਾਂ ਮੰਨਿਆ ਕਿ ਅੱਜ ਚਾਲਾਨ ਰਿਪੋਰਟ ਪੇਸ਼ ਕਰਨ ਦੇ ਨਾਲ-ਨਾਲ ਸੀਬੀਆਈ ਦੀਆਂ ਜਾਂਚ ਰਿਪੋਰਟਾਂ ਦੇ ਦਸਤਾਵੇਜ਼ ਵੀ ਪੇਸ਼ ਕੀਤੇ ਗਏ।

ਜਾਣਕਾਰੀ ਮੁਤਾਬਕ ਡੇਰਾ ਮੁਖੀ ਸਮੇਤ 7 ਡੇਰਾ ਪ੍ਰੇਮੀਆਂ ਵਿੱਚ ਸ਼ਾਮਲ ਸੁਖਜਿੰਦਰ ਸੰਨੀ, ਸ਼ਕਤੀ ਸਿੰਘ, ਰਣਦੀਪ ਨੀਲਾ, ਰਣਜੀਤ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ ਆਦਿ ਖਿਲਾਫ ਚਲਾਨ ਪੇਸ਼ ਕੀਤੇ ਗਏ। ਉਕਤ ਮਾਮਲੇ ਵਿੱਚ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਹਨ ਜਿਸ ਕਰਕੇ ਉਕਤਾਨ ਤਿੰਨ ਭਗੌੜੇ ਕਰਾਰ ਦਿੱਤੇ ਗਏ ਡੇਰਾ ਪ੍ਰੇਮੀਆਂ ਖਿਲਾਫ ਚਾਲਾਨ ਦੇਣਾ ਅਜੇ ਬਾਕੀ ਹੈ।

Share This :

Leave a Reply