ਖੰਨਾ (ਪਰਮਜੀਤ ਸਿੰਘ ਧੀਮਾਨ) – ਸੀਵਰੇਜ ਪਾਇਪ ਪਏ ਹੋਣ ਦੇ ਬਾਵਜੂਦ ਖੰਨਾ ਸ਼ਹਿਰ ਦੀਆਂ ਕਈ ਗਲੀਆਂ-ਸੜਕਾਂ ਦੇ ਕੀੜੀ ਚਾਲ ਨਿਰਮਾਣ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਜਿਸ ਖਿਲਾਫ਼ ਇਲਾਕੇ ਦੇ ਲੋਕਾਂ ਨਾਲ ਅਕਾਲੀ ਦਲ ਆਗੂਆਂ ਨੇ ਇਥੋਂ ਦੇ ਰਤਨਹੇੜੀ ਰੋਡ ’ਤੇ ਪ੍ਰਸ਼ਾਸ਼ਨ ਤੇ ਠੇਕੇਦਾਰ ਵੱਲੋਂ ਕੰਮ ਕਰਨ ਦੀ ਸੁਸਤ ਰਫ਼ਤਾਰ ਖ਼ਿਲਾਫ਼ ਅਵਾਜ਼ ਚੁੱਕੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਮਹਿਕਮੇ ਦੇ ਜੇਈ ਤੇ ਐਸ.ਡੀ.ਐਮ ਨਾਲ ਗੱਲਬਾਤ ਕਰਕੇ ਕੰਮ ਜਲਦੀ ਨਾ ਨਿਬੇੜਨ ’ਤੇ ਸੰਘਰਸ਼ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਅਧੂਰੇ ਪਏ ਕੰਮ ਨੂੰ ਪਿਛਲੇ ਸਾਲ ਤੋਂ ਸੁਸਤ ਚਾਲ ਨਾਲ ਹੀ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਥਾਂ-ਥਾਂ ਖੱਡਿਆਂ ਕਾਰਨ ਰੋਜ਼ਾਨਾ ਅਨੇਕਾਂ ਹਾਦਸੇ ਵਾਪਰਦੇ ਹਨ।
ਇਲਾਕਾ ਨਿਵਾਸੀਆਂ ਨੇ ਵਿਧਾਇਕ ਕੋਟਲੀ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਤਿਆਰ ਕੀਤਾ ਜਾਵੇ, ਨਹੀਂ ਤਾਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਇਕਬਾਲ ਸਿੰਘ ਚੰਨੀ, ਰਾਜਿੰਦਰ ਸਿੰਘ ਜੀਤ, ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਹਰਭਜਨ ਸਿੰਘ ਦੁੱਲਵਾਂ, ਸੁਖਵਿੰਦਰ ਸਿੰਘ ਮਾਂਗਟ, ਹਰਬੀਰ ਸਿੰਘ ਸੋਨੂੰ, ਜਗਦੀਪ ਸਿੰਘ ਦੀਪੀ, ਜਤਿੰਦਰਪਾਲ ਸਿੰਘ ਭੋਲੂ, ਮਾ. ਕ੍ਰਿਪਾਲ ਸਿੰਘ ਘੁਡਾਣੀ, ਜਗਜੀਤ ਸਿੰਘ ਬਿੱਟੂ ਕਿਸ਼ਨਗੜ੍ਹ, ਚਰਨਜੀਤ ਸਿੰਘ ਚੰਨੀ, ਬਲਵੰਤ ਸਿੰਘ ਲੋਹਟ, ਬਾਬਾ ਬਹਾਦਰ ਸਿੰਘ ਛੋਟਾ ਖੰਨਾ, ਬਲਜੀਤ ਸਿੰਘ ਭੁੱਲਰ, ਅਵਤਾਰ ਸਿੰਘ ਤਾਰੀ ਇਕੋਲਾਹਾ, ਦੀਦਾਰ ਸਿੰਘ ਨਵਾਂ ਪਿੰਡ ਰਾਮਗੜ੍ਹ ਆਦਿ ਹਾਜ਼ਰ ਸਨ।