ਚੰਡੀਗੜ੍ਹ(ਮੀਡੀਆ ਬਿਊਰੋ): ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਭੇਜ ਕੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਵੱਲੋਂ ਉੱਚ ਸਿਆਸੀ ਸਬੰਧਾਂ ਦਾ ਫ਼ਾਇਦਾ ਉਠਾ ਕੇ ਮੈਡੀਕਲ ਆਧਾਰਿਤ ਪੈਰੋਲ ਲੈਣ ‘ਤੇ ਦਖ਼ਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ। ਚਿੱਠੀ ‘ਚ ਦੋਸ਼ ਲਾਇਆ ਗਿਆ ਹੈ ਕਿ ਹੱਤਿਆ ਤੇ ਜਬਰ ਜਨਾਹ ਵਰਗੇ ਸੰਗੀਨ ਮਾਮਲਿਆਂ ‘ਚ ਸਜ਼ਾਯਾਫ਼ਤਾ ਅਪਰਾਧੀ ਨੂੰ ਬਿਮਾਰੀ ਬਹਾਨੇ ਫਾਈਵ ਸਟਾਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਚਿੱਠੀ ‘ਚ ਸੁਪਰੀਮ ਕੋਰਟ ਦੇ ਇਕ ਫ਼ੈਸਲੇ ਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਮੈਡੀਕਲ ਆਧਾਰਤ ਪੈਰੋਲ ਸਿਰਫ ਮੈਡੀਕਲ ਦਸਤਾਵੇਜ਼ ਦੇ ਆਧਾਰ ‘ਤੇ ਦੇਣੀ ਚਾਹੀਦੀ ਹੈ ਨਾ ਕਿ ਪੈਸੇ ਜਾਂ ਉੱਚ ਪਹੁੰਚ ਦੇ ਆਧਾਰ ‘ਤੇ।
ਹਾਈ ਕੋਰਟ ਦੇ ਚੀਫ ਜਸਟਿਸ ਨੂੰ ਭੇਜੀ ਚਿੱਠੀ ‘ਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਗੁਰਮੀਤ ਸਿੰਘ ਕਦੇ ਮਾਂ ਦੀ ਬਿਮਾਰੀ ਤਾਂ ਕਦੇ ਖ਼ੁਦ ਦੀ ਬਿਮਾਰੀ ਬਹਾਨੇ ਗੁਰੂਗ੍ਰਾਮ ਦੇ ਫਾਰਮ ਹਾਊਸ ‘ਚ ਜਾ ਕੇ ਹਨੀਪ੍ਰੀਤ ਤੇ ਡੇਰੇ ਦੀ ਮੈਨੇਜਮੈਂਟ ਨਾਲ ਗੁਪਤ ਬੈਠਕ ਕਰ ਰਿਹਾ ਹੈ। ਜੇ ਉਹ ਕੋਰੋਨਾ ਪਾਜ਼ੇਟਿਵ ਹੈ ਤਾਂ ਉਸ ਨੇ ਪੀਜੀਆਈ ‘ਚ ਟੈਸਟ ਕਿਉਂ ਨਹੀਂ ਕਰਵਾਇਆ। ਗੁਰਮੀਤ ਸਿੰਘ ਨੂੰ ਵੀ ਜੇਲ੍ਹ ‘ਚ ਆਈਸੋਲੇਟ ਕਰ ਕੇ ਇਲਾਜ ਕੀਤਾ ਜਾਣਾ ਚਾਹੀਦਾ ਹੈ ਪਰ ਡੇਰਾ ਮੁਖੀ ਦੇ ਮਾਮਲੇ ‘ਚ ਵਿਸ਼ੇਸ਼ ਰਿਆਇਤ ਵਰਤੀ ਜਾ ਰਹੀ ਹੈ। ਹੱਤਿਆ ਤੇ ਜਬਰ-ਜਨਾਹ ਵਰਗੇ ਮਾਮਲਿਆਂ ‘ਚ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਦੇਣੀਆਂ ਸੂਬੇ ਲਈ ਖ਼ਤਰਨਾਕ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਕਿਸੇ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਹੈ ਪਰ ਰਾਮ ਰਹੀਮ ਦੇ ਮਾਮਲੇ ‘ਚ ਹਨੀਪ੍ਰੀਤ ਨੂੰ ਅਟੈਂਡੈਂਟ ਕਾਰਡ ਜਾਰੀ ਕੀਤਾ ਗਿਆ ਹੈ।
ਹਨੀਪ੍ਰੀਤ ਦਿਨ ‘ਚ ਕਈ ਵਾਰ ਗੁਰਮੀਤ ਸਿੰਘ ਨਾਲ ਮੁਲਾਕਾਤ ਕਰ ਰਹੀ ਹੈ, ਜਿਸ ਕਾਰਨ ਲੱਗਦਾ ਹੈ ਕਿ ਕੋਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ। ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਗੁਰਮੀਤ ਸਿੰਘ ਨੂੰ ਵੀਆਈਪੀ ਵਰਗੀਆਂ ਸਹੂਲਤ ਦੇਣ ਦਾ ਦੋਸ਼ ਲਾਇਆ ਹੈ। ਅੰਸ਼ੁਲ ਨੇ ਕਿਹਾ ਕਿ ਗੁਰਮੀਤ ਵਰਗੇ ਕੈਦੀ ਨੂੰ ਇਸ ਤਰ੍ਹਾਂ ਮੇਦਾਂਤਾ ਹਸਪਤਾਲ ‘ਚ ਦਾਖ਼ਲ ਕਰਵਾਉਣਾ ਤੇ ਵੀਆਈਪੀ ਸਹੂਲਤਾਂ ਦੇਣੀਆਂ ‘ਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਹਸਪਤਾਲ ‘ਚ ਹਨੀਪ੍ਰੀਤ ਨੂੰ ਗੁਰਮੀਤ ਸਿੰਘ ਦਾ ਅਟੈਂਡੈਂਟ ਬਣਾਉਣ ‘ਤੇ ਵੀ ਸਵਾਲ ਖੜ੍ਹਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਨੀਪ੍ਰੀਤ ਪੰਚਕੂਲਾ ਹਿੰਸਾ ਦੀ ਮੁੱਖ ਮੁਲਜ਼ਮ ਹੈ ਜਿਸ ‘ਚ ਕਈ ਲੋਕਾਂ ਨੂੰ ਜਾਨ ਦੇਣੀ ਪਈ ਸੀ। ਅੰਸ਼ੁਲ ਨੇ ਕਿਹਾ ਕਿ ਗੁਰਮੀਤ ਸਿੰਘ ਨੂੰ ਇਸ ਤਰ੍ਹਾਂ ਦੀ ਸਹੂਲਤ ਦੇਣ ਕੇ ਕਾਨੂੰਨ ਦੀਆਂ ਅੱਖਾਂ ‘ਚ ਘੱਟਾ ਪਾ ਕੇ ਮਜ਼ਾਕ ਬਣਾਇਆ ਜਾ ਰਿਹਾ ਹੈ। ਛੱਤਰਪਤੀ ਨੇ ਕਿਹਾ ਕਿ ਜੇਲ੍ਹਾਂ ‘ਚ ਬੰਦ ਕਿੰਨੇ ਕੈਦੀਆਂ ਨੂੰ ਇਲਾਜ ਲਈ ਫਾਈਵ ਸਟਾਰ ਹਸਪਤਾਲਾਂ ‘ਚ ਲਿਜਾਇਆ ਜਾਂਦਾ ਹੈ। ਚਿੱਠੀ ‘ਚ ਦੱਸਿਆ ਗਿਆ ਕਿ ਡੇਰਾ ਮੁਖੀ ਨਾਲ ਇਕ ਹੋਰ ਮਾਮਲੇ ‘ਚ ਸਹਿ-ਮੁਲਜ਼ਮ ਕ੍ਰਿਸ਼ਨ ਲਾਲ ਨੂੰ ਹਾਈ ਕੋਰਟ ਨੇ ਉਸ ਦੀ ਮਾਂ ਦੀ ਮੌਤ ‘ਤੇ ਪੈਰੋਲ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਅੰਸ਼ੁਲ ਨੇ ਚੀਫ ਜਸਟਿਸ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ‘ਚ ਫੌਰੀ ਦਖ਼ਲਅੰਦਾਜ਼ੀ ਕਰ ਕੇ ਸਰਕਾਰ ਵੱਲੋਂ ਗੁਰਮੀਤ ਸਿੰਘ ਨੂੰ 6 ਜੂਨ ਨੂੰ ਜਾਰੀ ਪੈਰੋਲ ਨੂੰ ਰੱਦ ਕਰ ਕੇ ਉਸ ਨੂੰ ਜੇਲ੍ਹ ‘ਚ ਹੀ ਆਈਸੋਲੇਟ ਕਰਨ ਦੇ ਆਦੇਸ਼ ਜਾਰੀ ਕਰਨ।