ਟਰੈਫਿਕ ਸਟਾਪ ‘ਤੇ ਡਿਪਟੀ ਕੰਸਟੇਬਲ ਦੀ ਗੋਲੀਆਂ ਮਾਰ ਕੇ ਹੱਤਿਆ, ਹੱਤਿਆਰਾ ਮੌਕੇ ਤੋਂ ਹੋਇਆ ਫਰਾਰ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਹੋਸਟਨ (ਹੈਰਿਸ ਕਾਊਂਟੀ) ਵਿਚ ਇਕ ਟਰੈਫਿਕ ਸਟਾਪ ‘ਤੇ ਇਕ ਟੋਇਟਾ ਅਵਾਲੋਨ ਗੱਡੀ ਦੇ ਡਰਾਈਵਰ ਨੇ ਗੋਲੀਆਂ ਮਾਰ ਕੇ ਡਿਪਟੀ ਕੰਸਟੇਬਲ ਦੀ ਹੱਤਿਆ ਕਰ ਦਿੱਤੀ ਤੇ ਬਾਅਦ ਵਿਚ ਫਰਾਰ ਹੋ ਗਿਆ। ਮਾਰੇ ਗਏ ਡਿਪਟੀ ਕੰਸਟੇਬਲ ਦੀ ਪਛਾਣ ਚਾਰਲਸ ਗਾਲੋਵੇ (47) ਵਜੋਂ ਹੋਈ ਹੈ। ਇਹ ਜਾਣਕਾਰੀ ਪੁਲਿਸ ਮੁੱਖੀ ਟਰਾਏ ਫਿਨਰ ਨੇ ਪੱਤਰਕਾਰਾਂ ਨੂੰ ਦਿੱਤੀ ਹੈ। ਮੌਕੇ ਦੇ ਗਵਾਹਾਂ ਅਨੁਸਾਰ ਸ਼ੱਕੀ ਹਮਲਾਵਰ ਹਿਸਪੈਨਿਕ ਮਰਦ ਸੀ ਜਿਸ ਨੇ ਆਪਣੀ ਗੱਡੀ ਵਿਚੋਂ ਨਿਕਲ ਕੇ ਚਾਰਲਸ ਦੇ ਕਈ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਿਆ। ਉਸ ਕੋਲ ਅਸਾਲਟ ਰਾਈਫਲ ਵਰਗਾ ਹੱਥਿਆਰ ਸੀ। ਫਿਨਰ ਨੇ ਕਿਹਾ ਕਿ ਟੋਇਟਾ ਗੱਡੀ ਦੇ ਡਰਾਈਵਰ ਦੀ ਪਛਾਣ ਓਸਕਾਰ ਰੋਸਾਲਸ (51) ਵਜੋਂ ਕੀਤੀ ਗਈ ਹੈ ਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ।

ਫਿਨਰ ਨੇ ਕਿਹਾ ਕਿ ਗੋਲੀਬਾਰੀ ਦੀ ਵੀਡੀਓ ਮਿਲ ਗਈ ਹੈ ਜੋ ਗੋਲੀਬਾਰੀ ਦਾ ਪੁਖਤਾ ਸਬੂਤ ਹੈ। ਰੋਸਾਲਸ ਦੀ ਗ੍ਰਿਫਤਾਰੀ ਵਿਚ ਮੱਦਦ ਕਰਨ ਲਈ ਪੁਲਿਸ ਨੇ 60,000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਮੁੱਖੀ ਨੇ ਕਿਹਾ ਹੈ ਕਿ ਰੋਸਾਲਸ ਹਥਿਆਰਬੰਦ ਹੈ ਤੇ ਉਹ ਹੋਰਨਾਂ ਲਈ ਵੀ ਖਤਰਾ ਹੈ। ਗ੍ਰਿਫਤਾਰੀ ਤੋਂ ਬਚਣ ਲਈ ਉਹ ਆਪਣਾ ਭੇਸ ਵੀ ਬਦਲ ਸਕਦਾ ਹੈ। ਪੁਲਿਸ ਨੇ ਉਸ ਦੀ ਟੋਇਟਾ ਅਵਾਲੋਨ ਗੱਡੀ ਕਬਜ਼ੇ ਵਿਚ ਲੈ ਲਈ ਹੈ। ਪੁਲਿਸ ਨੇ ਰੋਸਾਲਸ ਦੇ ਦੋ ਰਿਸ਼ਤੇਦਾਰਾਂ ਨੂੰ ਹਿਰਾਸਤ ਵਿਚ ਲਿਆ ਹੈ ਜਿਨ੍ਹਾਂ ਉਪਰ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲਾਏ ਗਏ ਹਨ।

Share This :

Leave a Reply