ਖੰਨਾ (ਪਰਮਜੀਤ ਸਿੰਘ ਧੀਮਾਨ) –ਸਥਾਨਕ ਸਮਾਧੀ ਰੋਡ ਸਥਿਤ ਵਾਰਡ ਨੰਬਰ-9 ਨਰੋਤਮ ਨਗਰ ਵਿਖੇ ਡੇਂਗੂ ਨਾਲ ਪਿਛਲੇ ਦਿਨੀਂ ਮੌਤ ਹੋਈ ਸੀ ਅਤੇ ਉਸੇ ਘਰ ਦੇ ਸਾਹਮਣੇ ਸੀਵਰੇਜ ਓਵਰ ਫਲੋਅ ਨਾਲ ਬਦਬੂ ਮਾਰਦਾ ਗੰਦਾ ਪਾਣੀ ਹਰ ਸਮੇਂ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਹਰ ਸਮੇਂ ਕਿਸੇ ਭਿਆਨਕ ਬਿਮਾਰੀ ਦੇ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਸੀਵਰੇਜ ਦੀ ਸਮੱਸਿਆ ਕਦੇ ਠੀਕ ਨਹੀਂ ਹੁੰਦੀ, ਜਿਸ ਕਾਰਨ ਲੋਕਾਂ ਨੂੰ ਇਥੇ ਰਹਿਣਾ ਮੁਸ਼ਕਲ ਹੋ ਗਿਆ ਹੈ ਅਤੇ ਇਸ ਸਬੰਧੀ ਕਈ ਵਾਰ ਕੌਂਸਲਰ ਨੂੰ ਜਾਣੂੰ ਕਰਵਾਇਆ ਗਿਆ ਹੈ, ਪ੍ਰਤੂੰ ਕੋਈ ਹੱਲ ਨਹੀਂ ਨਿਕਲਿਆ। ਇਸ ਮੌਕੇ ਅਨਿਲ ਅਗਰਵਾਲ ਨੇ ਕਿਹਾ ਕਿ ਸਾਡੇ ਘਰ ਦੇ ਸਾਹਮਣੇ ਸੀਵਰੇਜ ਓਵਰ ਫਲੋਅ ਰਹਿੰਦਾ ਹੈ ਅਤੇ ਮੇਰੇ ਬੇਟੇ ਦੀ ਡੇਂਗੂ ਨਾਲ ਮੌਤ ਪਿਛੋਂ ਵੀ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਸਫ਼ਾਈ ਕਰਮਚਾਰੀ ਕਹਿੰਦੇ ਹਨ ਕਿ ਦੋ ਗਟਰਾਂ ਵਿਚਕਾਰ ਦੂਰੀ ਜ਼ਿਆਦਾ ਹੋਣ ਕਾਰਨ ਸਫਾਈ ਸਹੀ ਢੰਗ ਨਾਲ ਨਹੀਂ ਹੋ ਸਕਦੀ, ਜੇਕਰ ਵਿਚਕਾਰ ਇਕ ਹੋਰ ਮੇਨ ਹੋਲ ਬਣਾ ਦਿੱਤਾ ਜਾਵੇ ਤਾਂ ਸਮੱਸਿਆ ਹੱਲ ਹੋ ਸਕਦੀ ਹੈ, ਪ੍ਰਤੂੰ ਇਲਾਕੇ ਦੇ ਲੋਕ ਨਹੀਂ ਬਨਣ ਦੇ ਰਹੇ। ਇਸ ਮੌਕੇ ਪਰਮਜੀਤ ਸਿੰਘ ਸ਼ਾਹੀ, ਅਮਰਜੀਤ ਸਿੰਘ, ਕਰਮਾ ਸਿਆਲ, ਵਰੁਣ ਸਿਆਲ, ਧਰਮਵੀਰ ਗੁਪਤਾ ਆਦਿ ਹਾਜ਼ਰ ਸਨ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਜਲਦ ਹੀ ਹੱਕ ਕਰਵਾ ਦਿੱਤਾ ਜਾਵੇਗਾ। ਹਾਲਾਂਕਿ ਕੌਂਸਲ ਵੱਲੋਂ ਸਫਾਈ ਦੇ ਹੁਕਮ ਜਾਰੀ ਕੀਤੇ ਗਏ ਸਨ, ਪ੍ਰਤੂੰ ਇਲਾਕੇ ਦੇ ਕੁਝ ਵਸਨੀਕ ਅੜਿੱਕੇ ਖੜ੍ਹੇ ਕਰ ਰਹੇ ਹਨ।