ਚੰਡੀਗੜ੍ਹ (ਮੀਡੀਆ ਬਿਊਰੋ): ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸਾ ਜਿਸ ਨੇ ਆਪਣੀ ਵਡਮੁੱਲੀ ਪਛਾਣ ਪੂਰੇ ਵਿਸ਼ਵ ਭਰ ਦੇ ਅੰਦਰ ਬਣਾਈ ਪਰ ਅਜੋਕੀ ਗਾਇਕੀ ਨੇ ਵਿਰਸੇ ਨੂੰ ਜੋੜਨ ਦੀ ਬਜਾਏ ਹਥਿਆਰਾਂ, ਸ਼ਰਾਬ ਨਾਲ ਜੋੜ ਦਿੱਤਾ ਹੈ। ਅੱਜ ਦੇ ਗਾਇਕ ਆਪਣੇ ਗਾਣਿਆਂ ‘ਚ ਸ਼ਰਾਬ ਅਤੇ ਹਥਿਆਰਾਂ ਨੂੰ ਪ੍ਰਫੁੱਲਿਤ ਕਰ ਰਹੇ ਹਨ। ਅਜਿਹੇ ਗਾਇਕਾਂ ਖ਼ਿਲਾਫ਼ ਪਿਛਲੇ ਲੰਬੇ ਸਮੇਂ ਤੋਂ ਪੋ੍ਫੈਸਰ ਪੰਡਿਤ ਰਾਓ ਧਰੇਨਵਰ ਆਪਣੀ ਆਵਾਜ਼ ਬੁਲੰਦ ਕਰ ਕੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਹਿਤ ਨਾਭਾ ਵਿਖੇ ਪਹੁੰਚੇ ਪੋ੍ਫੈਸਰ ਪੰਡਿਤ ਰਾਓ ਧਰੇਨਵਰ ਵੱਲੋਂ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਦੇ ਘਰ ਦੇ ਬਾਹਰ ਸਿਰ ‘ਤੇ ਫਲੈਕਸ ਬੋਰਡ ਰੱਖ ਕੇ ਆਪਣਾ ਰੋਸ ਜਤਾਇਆ ਗਿਆ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਡਿਤ ਰਾਓ ਨੇ ਕਿਹਾ ਕਿ ਜੋ ਕਰਨ ਅੌਜਲਾ ਤੇ ਹਰਜੀਤ ਹਰਮਨ ਦੇ ਨਾਲ ਜੋ ਗਾਣਾ ਸ਼ਰਾਬ ਦੇ ਨਾਲ ਸਬੰਧਤ ਆ ਰਿਹਾ ਹੈ, ਉਸ ਨੂੰ ਰੋਕਣ ਲਈ ਆਇਆ ਹਾਂ। ਪੋ੍ਫੈਸਰ ਪੰਡਿਤ ਰਾਓ ਨੇ ਕਿਹਾ ਕਿ ਹਰਜੀਤ ਹਰਮਨ ਇਕ ਚੰਗੇ ਲੋਕ ਗਾਇਕ ਹਨ, ਜਿਨ੍ਹਾਂ ਨੇ ਚੰਗੀ ਗਾਇਕੀ ਕਰਕੇ ਦੇਸ਼ ਵਿਦੇਸ਼ਾਂ ਵਿਚ ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਨਾਂ ਰੌਸ਼ਨ ਕੀਤਾ ਹੈ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਅਤੇ ਇਕ ਚਿੱਠੀ ਹਰਜੀਤ ਹਰਮਨ ਦੇ ਨਾਂ ‘ਤੇ ਲਿਖ ਕੇ ਵੀ ਜਾ ਰਿਹਾ ਹਾਂ ਤਾਂ ਜੋ ਕਿ ਉਹ ਅਜਿਹੇ ਗਾਇਕ ਤੋਂ ਆਪਣੀ ਦੂਰੀ ਬਣਾ ਕੇ ਰੱਖਣ ਜੋ ਸ਼ਰਾਬ, ਨੰਗੇਜ਼ਵਾਦ ਅਤੇ ਹਥਿਆਰਾਂ ਨੂੰ ਪ੍ਰਫੁੱਲਤ ਕਰਦੇ ਹਨ।
ਪੋ੍. ਰਾਓ ਨੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚੰਗੇ ਤੇ ਸੱਭਿਆਚਾਰਕ ਗੀਤ ਸੁਣਨ ਨੂੰ ਹੀ ਤਰਜੀਹ ਦੇਣ ਜੋ ਕਿ ਸਮਾਜ ਨੂੰ ਸਹੀ ਸੇਧ ਦਿੰਦੇ ਹਨ । ਜ਼ਿਕਰਯੋਗ ਹੈ ਕਿ ਪੋ੍ਫੈਸਰ ਪੰਡਿਤ ਰਾਓ ਧਰੇਨਵਰ ਜੋ ਬੱਸ ਦੇ ਜ਼ਰੀਏ ਚੰਡੀਗੜ੍ਹ ਤੋਂ ਨਾਭਾ ਪਹੁੰਚਿਆ ਅਤੇ ਨਾਭਾ ਬੱਸ ਸਟੈਂਡ ਤੋਂ ਫਲੈਕਸ ਬੋਰਡ ਸਿਰ ਤੇ ਰੱਖ ਕੇ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਦੀ ਕੋਠੀ ਪਹੁੰਚੇ। ਇਸ ਸਬੰਧੀ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਘਰ ਵਿਚ ਮੌਜੂਦ ਨਹੀਂ ਸਨ।