ਕੈਲੀਫੋਰਨੀਆ ਦੇ ਗਵਰਨਰ ਨੂੰ ਵਾਪਿਸ ਬੁਲਾਉਣ ਲਈ ਹੋ ਰਹੀ ਚੋਣ ਵਿਚ ਡੈਮੋਕਰੈਟਿਕ ਪਾਰਟੀ ਦਾ ਰਾਜਸੀ ਭਵਿੱਖ ਦਾਅ ‘ਤੇ ਲੱਗਾ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ ਵਾਪਿਸ ਬੁਲਾਉਣ ਲਈ ਹੋ ਰਹੀ ਮੁੜ ਇਤਿਹਾਸਕ ਚੋਣ ਵਿੱਚ ਡੈਮੋਕਰੈਟਿਕ ਪਾਰਟੀ ਦਾ ਰਾਜਸੀ ਭਵਿੱਖ ਦਾਅ ਉਪਰ ਲੱਗਾ ਹੋਇਆ ਹੈ। ਕੈਲੀਫੋਰਨੀਆ ਇਕ ਅਜਿਹਾ ਰਾਜ ਹੈ ਜਿਥੇ ਰਿਪਬਲੀਕਨਾਂ ਦੀ ਤੁਲਨਾ ਵਿਚ 50 ਲੱਖ ਵਧ ਲੋਕ ਡੈਮੋਕਰੈਟਿਕ ਪਾਰਟੀ ਨਾਲ ਜੁੜੇ ਹਨ। ਗਵਰਨਰ ਗੈਵਿਨ ਦੀ ਕਾਰਗੁਜਾਰੀ ਤੋਂ ਅਸੰਤੁਸ਼ਟ ਲੋਕਾਂ ਦੀ ਮੰਗ ‘ਤੇ ਹੋ ਰਹੀ ਮੁੜ ਚੋਣ ਵਿਚ ਹਾਲਾਂ ਕਿ ਸਰਵੇ ਵਿਚ ਗਵਰਰਨ ਨਿਊਸੋਮ ਦਾ ਪਲੜਾ ਥੋਹੜਾ ਬਹੁਤ ਭਾਰੀ ਦਸਿਆ ਜਾ ਰਿਹਾ ਹੈ ਪਰ ਮਹਿਰਾਂ ਦਾ ਕਹਿਣਾ ਹੈ ਕਿ ਇਸ ਸਮੇ ਕੁਝ ਨਹੀਂ ਕਿਹਾ ਜਾ ਸਕਦਾ।

ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਨਿਊਸੋਮ ਹਾਰ ਜਾਂਦੇ ਹਨ ਤਾਂ ਸਮੁੱਚੇ ਅਮਰੀਕਾ ਵਿਚ ਰਿਪਬਲੀਕਨਾਂ ਦੀ ਚੜ ਮੱਚ ਜਾਵੇਗੀ ਜੋ ਵੈਕਸੀਨ ਤੇ ਹੋਰ ਕੋਵਿਡ-19 ਪਾਬੰਦੀਆਂ ਦਾ ਵਿਰੋਧ ਕਰ ਰਹੇ ਹਨ। ਨਿਊਸੋਮ ਦੀ ਹਾਰ ਨਾਲ ਡੈਮੋਕਰੈਟਿਕ ਪਾਰਟੀ ਦਾ ਅਮਰੀਕੀ ਸੈਨੇਟ ਉਪਰ ਨਿਯੰਤਰਣ ਵੀ ਖਤਰੇ ਵਿਚ ਪੈ ਸਕਦਾ ਹੈ। ਮੁੜ ਚੋਣ ਵਿਚ ਮੱਤਦਾਤਾ ਨੂੰ ਦੋ ਸਵਾਲ ਪੁੱਛੇ ਜਾਣਗੇ।

ਕੀ ਨਿਊਸੋਮ ਨੂੰ ਵਾਪਿਸ ਬੁਲਾਉਣਾ ਚਾਹੀਦਾ ਹੈ? ਜੇਕਰ ਵਾਪਿਸ ਬੁਲਾਉਣਾ ਚਾਹੀਦਾ ਹੈ ਤਾਂ ਉਨਾਂ ਦੇ ਸਥਾਨ ‘ਤੇ ਕੌਣ ਗਵਰਨਰ ਹੋਣਾ ਚਾਹੀਦਾ ਹੈ? ਗਵਰਨਰ ਨੂੰ ਵਾਪਿਸ ਬੁਲਾਉਣ ਲਈ ਪਹਿਲੇ ਸਵਾਲ ਦੇ ਸਮਰਥਨ ਵਿੱਚ ਬਹੁਗਿਣਤੀ ਵੋਟਾਂ ਪੈਣੀਆਂ ਚਾਹੀਦੀਆਂ ਹਨ। ਰਾਸ਼ਟਰਪਤੀ ਜੋ ਬਾਈਡਨ ਤੇ ਹੋਰ ਡੈਮੋਕਰੈਟਿਕ ਆਗੂਆਂ ਨੇ ਵੀ ਨਿਊਸੋਮ ਦੇ ਹੱਕ ਵਿਚ ਚੋਣ ਮੁਹਿੰਮ ਵਿੱਚ ਹਿੱਸਾ ਲਿਆ ਹੈ।

ਇਸ ਚੋਣ ਵਿਚ 9 ਡੈਮੋਕਰੈਟਿਕ ਤੇ 24 ਰਿਪਬਲੀਕਨਾਂ ਸਮੇਤ 46 ਉਮੀਦਵਾਰ ਮੈਦਾਨ ਵਿਚ ਹਨ। ਇਥੇ ਜਿਕਰਯੋਗ ਹੈ ਕਿ ਅਮਰੀਕਾ ਦੇ ਇਤਿਹਾਸ ਵਿਚ ਹੁਣ ਤੱਕ ਮੁੜ ਹੋਈ ਚੋਣ ਵਿਚ 2 ਗਵਰਨਰਾਂ ਨੂੰ ਅਹੁੱਦਾ ਛੱਡਣਾ ਪਿਆ ਸੀ। 1921 ਵਿਚ ਹੋਈ ਮੁੜ ਚੋਣ ਵਿੱਚ ਉੱਤਰੀ ਡਕੋਟਾ ਦੇ ਗਵਰਨਰ ਨੂੰ ਅਹੁੱਦਾ ਛੱਡਣਾ ਪਿਆ ਸੀ ਤੇ 2003 ਵਿਚ ਕੈਲੀਫੋਰਨੀਆ ਦੇ ਗਵਰਨਰ ਗਰੇਅ ਡੇਵਿਸ ਵਿਰੁੱਧ ਫਤਵਾ ਦਿੱਤਾ ਗਿਆ ਸੀ ਤੇ ਉਸ ਦੀ ਥਾਂ ‘ਤੇ ਫਿਲਮ ਅਦਾਕਾਰ ਅਰਨੋਲਡ ਸ਼ਵਰਜ਼ੇਨੇਗਰ ਚੋਣ ਜਿੱਤੇ ਸਨ।

Share This :

Leave a Reply