ਭਵਾਨੀਗੜ੍ਹ, ਮਿਡਿਆ ਬਿਊਰੋ:
ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲਗਾਤਾਰ ਦੂਜੀ ਵਾਰ ਬੁਰੀ ਤਰਾਂ ਨਾਲ ਹੋਈ ਹਾਰ ਤੋਂ ਨਿਰਾਸ਼ ਹੋਏ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ ਨੇ ਆਪਣੇ ਜ਼ਿਲ੍ਹਾ ਪ੍ਰਧਾਨ ਦੇ ਆਹੁਦੇ ਤੋਂ ਅਸਤੀਫ਼ਾ ਦਿੰਦਿਆਂ ਹਾਰ ਸਵੀਕਾਰਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਵੀ ਅਸਤੀਫ਼ੇ ਦੀ ਮੰਗ ਕੀਤੀ।
ਇਸ ਸਬੰਧੀ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਇਕੱਠੇ ਹੋਏ ਦਲ ਦੇ ਸੀਨੀਅਰ ਆਗੂਆਂ ਜਿਨਾਂ ਵਿਚ ਦਲ ਦੇ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਜਥੇ: ਇੰਦਰਜੀਤ ਸਿੰਘ ਤੂਰ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਭਰਪੂਰ ਸਿੰਘ ਫੱਗੂਵਾਲਾ, ਕਿਸਾਨ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਿਲਬਾਗ ਸਿੰਘ ਆਲੋਅਰਖ਼, ਹਰਵਿੰਦਰ ਸਿੰਘ ਬੰਟੀ ਢਿੱਲੋਂ, ਜੀਤ ਸਿੰਘ ਚਹਿਲ ਅਤੇ ਹੋਰ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਲਗਾਤਾਰ ਦੂਜੀ ਵਾਰ ਪਾਰਟੀ ਬੁਰੀ ਤਰਾਂ ਪਛੜ ਕੇ ਖ਼ਤਮ ਹੋਣ ਦੇ ਕੰਢੇ ’ਤੇ ਪਹੁੰਚ ਗਈ, ਜਿਸ ਕਰਕੇ ਸੂਬੇ ਵਿਚ ਅਕਾਲੀ ਆਗੂ ਅਤੇ ਵਰਕਰ ਪੂਰੀ ਤਰਾਂ ਨਿਰਾਸ਼ ਹੋ ਰਹੇ ਹਨ।
ਉਨਾਂ ਕਿਹਾ ਕਿ 25 ਸਾਲ ਦੇ ਰਾਜ ਕਰਨ ’ਤੇ ਦਾਅਵੇ ਕਰਨ ਵਾਲੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਮਹਿਜ 3 ਸੀਟਾਂ ਹੀ ਜਿੱਤ ਸਕੀ, ਜਿਸ ਕਰਕੇ ਦਿਨ ਰਾਤ ਮਿਹਨਤ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦੇ ਹੌਂਸਲੇ ਪਸਤ ਹੋ ਗਏ ਹਨ। ਇਸ ਮੌਕੇ ’ਤੇ ਸ: ਕਾਕੜਾ ਨੇ ਕਿਸਾਨ ਵਿੰਗ ਦੀ ਜ਼ਿਲਾ ਪ੍ਰਧਾਨਗੀ ਤੋਂ ਅਸਤੀਫ਼ਾ ਦਿੰਦਿਆਂ ਹੋਰ ਆਗੂਆਂ ਸਮੇਤ ਪਾਰਟੀ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨਾਂ ਇਹ ਵੀ ਕਿਹਾ ਕਿ ਉਹ ਸਿਰਫ਼ ਆਪਣੇ ਜ਼ਿਲਾ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ, ਜਦੋਂ ਕਿ ਪਾਰਟੀ ਦੇ ਵਫ਼ਾਦਾਰ ਸਿਪਾਹੀ ਬਣੇ ਰਹਿਣਗੇ। ਇਸ ਮੌਕੇ ਕਰਨੈਲ ਸਿੰਘ ਆਲੋਅਰਖ਼, ਗੁਰਮੇਲ ਸਿੰਘ ਆਦਿ ਹਾਜ਼ਰ ਸਨ।