ਅੰਮ੍ਰਿਤਸਰ (ਮੀਡੀਆ ਬਿਊਰੋ): ਸਾਕਾ ਨੀਲਾ ਤਾਰਾ (Operation Blue Star) ਦੀ ਬਰਸੀ ‘ਤੇ ਪੰਜਾਬੀ ਅਦਾਕਾਰ ਤੇ ਲਾਲ ਕਿਲਾ ਹਿੰਸਾ ਦਾ ਮੁਲਜ਼ਮ ਦੀਪ ਸਿੱਧੂ (Deep Sidhu) ਵੀ ਪੁੱਜਾ। ਉਸ ਦੇ ਨਾਲ ਡਾ. ਸੁਖਪ੍ਰੀਤ ਉਧੂਕੇ ਅਕਾਲ ਤਖ਼ਤ ‘ਤੇ ਪਹੁੰਚੇ। ਦਰਬਾਰ ਸਾਹਿਬ (Darbar Sahib) ਵਿਖੇ ਨਤਮਸਤਕ ਹੋਣ ਤੋਂ ਬਾਅਦ ਦੀਪ ਸਿੱਧੂ ਨੇ ਕਿਹਾ ਕਿ 37 ਸਾਲ ਵੀ ਇਤਿਹਾਸ ਸੱਚ ਬੋਲ ਰਿਹਾ ਹੈ। ਦਰਬਾਰ ਸਾਹਿਬ ‘ਤੇ ਗੋਲ਼ੀਆਂ ਲੱਗੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ਖ਼ਮੀ ਹੋਏ, ਸ਼ਹੀਦੀਆਂ ਹੋਈਆਂ, ਬੇਦੋਸ਼ੇ ਬੱਚਿਆਂ ਤੇ ਲੋਕਾਂ ਨੂੰ ਮਾਰਿਆ ਗਿਆ। ਸੱਚ ਕਦੇ ਵੀ ਨਹੀਂ ਛਿਪਦਾ। ਅੱਜ ਪੂਰਾ ਪੰਜਾਬ ਸ਼ਹੀਦੀ ਦਿਵਸ ‘ਤੇ ਪੁੱਜਾ ਤੇ ਸ਼ਾਂਤਮਈ ਢੰਗ ਨਾਲ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ।
1984 ‘ਚ ਜੋ ਕੌਮ ਦੇ ਨਾਲ ਹੋਇਆ, ਉਸ ਤੋਂ ਸਬਕ ਲੈਂਦੇ ਹੋਏ ਅੱਜ ਅਸੀਂ ਅੱਗੇ ਵਧ ਰਹੇ ਹਾਂ। 37 ਸਾਲ ਬਾਅਦ ਵੀ ਕੌਮ ਨੂੰ ਨਿਆਂ ਨਾ ਮਿਲਣ ਲਈ ਸਿਆਸੀ ਸਿਸਟਮ ਦੋਸ਼ੀ ਹੈ। ਇਨਸਾਫ਼ ਲੈਣ ਜਾਂਦੇ ਹੋ ਤਾਂ ਸਿਆਸੀ ਸਿਸਟਮ ਹੀ ਅਜਿਹਾ ਬਣਿਆ ਹੋਇਆ ਕਿ ਤੁਸੀਂ ਆਪਣੇ ਹੱਕ ਦੀ ਗੱਲ ਨਹੀਂ ਕਰ ਸਕਦੇ।
ਇਕ ਪਾਸੇ ਰੱਖਿਆ ਮੰਤਰੀ ਸਿੱਖ ਰੈਜੀਮੈਂਟ ਨੂੰ ਉਤਸ਼ਾਹਤ ਕਰਦੇ ਹਨ, ਉੱਥੇ ਹੀ ਜੇਕਰ ਅਸੀਂ ਕਿਸਾਨ ਅੰਦੋਲਨ ‘ਚ ਆਪਣਾ ਹੱਕ ਮੰਗਦੇ ਹਾਂ ਤਾਂ ਅਸੀਂ ਦੇਸ਼ ਵਿਰੋਧੀ ਲੱਗਦੇ ਹਾਂ। ਕਾਂਗਰਸ ਹੋਵੇ ਜਾਂ ਭਾਜਪਾ ਕਿਸੇ ਨੇ ਵੀ ਨਿਆਂ ਨਹੀਂ ਦਿੱਤਾ।
ਉਸ ਨੇ ਕਿਹਾ ਕਿ ਲੋਕਤੰਤਰ ‘ਚ ਜੇਕਰ ਸ਼ਾਂਤਮਈ ਹੱਕ ਲਈ ਪ੍ਰਦਰਸ਼ਨ ਹੁੰਦਾ ਹੈ ਤਾਂ ਉਸ ਦੀ ਉਸ ਵਿਚ ਜਗ੍ਹਾ ਹੋਣੀ ਚਾਹੀਦੀ ਹੈ। ਪਰ ਇਸ ਨੂੰ ਵਿਡੰਬਨਾ ਹੀ ਕਹਾਂਗੇ ਕਿ ਸਾਡੇ ਸਿਸਟਮ ‘ਚ ਅਜਿਹਾ ਨਹੀਂ ਹੋ ਰਿਹਾ। ਖੇਤੀ ਕਾਨੂੰਨ ਸਟੇਟ ਸਬਜੈਕਟ ਹੈ, ਇਸ ਨੂੰ ਕੇਂਦਰ ਨੇ ਥੋਪਿਆ ਤਾਂ ਹੀ ਅਜਿਹੇ ਹਾਲਾਤ ਬਣੇ। ਸਿੱਖ ਕਦੀ ਵੀ ਹਿੰਸਕ ਨਹੀਂ ਹੋ ਸਕਦਾ। ਸਿੱਖ ਕੌਮ ਨੇ ਹਮੇਸ਼ਾ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ।