ਚੰਡੀਗੜ੍ਹ (ਮੀਡੀਆ ਬਿਊਰੋ) ਡਿਪਟੀ ਕਮਿਸ਼ਨਰ ਫਿਰੋਜਪੁਰ ਗੁਰਪਾਲ ਸਿੰਘ ਚਾਹਲ ਅਤੇ ਪੰਜਾਬ ਦੇ ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਸੋਢੀ ਨੇ ਅੱਜ ਗੁਰੂ ਹਰਸਹਾਏ ਦੀ ਕਰਮਾਂ ਵਾਲੀ ਧਰਤੀ ਤੇ 6 ਸ਼ਖਸ਼ੀਅਤਾਂ ਨੂੰ ਚੋਟੀ ਦੇ ਗੱਤਕਾ ਐਵਾਰਡਾਂ ਨਾਲ ਸਨਮਾਨਤ ਕੀਤਾ ਜਿਸ ਨਾਲ ਗੱਤਕਾ ਇਤਿਹਾਸ ਵਿੱਚ ਇਕ ਨਵਾਂ ਅਧਿਆਏ ਜੁੜ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਦੁਨੀਆਂ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ’ ਵੱਲੋਂ ਸਿੱਖ ਵਿਰਾਸਤ ਦੀ ਖੇਡ ਗੱਤਕੇ ਦੀ ਪ੍ਰਫੁੱਲਤਾ ਲਈ ਭਰਪੂਰ ਯੋਗਦਾਨ ਪਾਉਣ ਅਤੇ ਗੱਤਕਾ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਕਰਨ ਬਦਲੇ ਸਾਲ 2020 ਅਤੇ ਸਾਲ 2021 ਲਈ ਚਾਰ ਪ੍ਰਮੁੱਖ ਗੱਤਕਾ ਸ਼ਖਸ਼ੀਅਤਾਂ ਅਤੇ ਦੋ ਨਾਮਵਰ ਖਿਡਾਰੀਆਂ ਨੂੰ ਵੱਕਾਰੀ ਗੱਤਕਾ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੁਬਾਰਕ ਮੌਕੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਹੁੰਚਣਾ ਸੀ ਪਰ ਜ਼ਰੂਰੀ ਰੁਝੇਵੇਂ ਕਾਰਨ ਉਂਨਾਂ ਦੀ ਥਾਂ ਤੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਸੋਢੀ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵੱਲੋਂ ਗੱਤਕਾ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਬਦਲੇ ਸ. ਬਲਦੇਵ ਸਿੰਘ ਬੋਪਾਰਾਏ ਗੁਰਦਾਸਪੁਰ ਅਤੇ ਸ. ਅਵਤਾਰ ਸਿੰਘ ਪਟਿਆਲਾ ਨੂੰ ਸਰਵਉੱਚ ‘ਗੱਤਕਾ ਗੌਰਵ ਐਵਾਰਡ’ ਨਲ ਸਨਮਾਨਿਤ ਕੀਤਾ ਗਿਆ।
ਗੱਤਕਾ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰਨ ਬਦਲੇ ਗੱਤਕੇਬਾਜ਼ ਸਿਮਰਨਜੀਤ ਸਿੰਘ ਚੰਡੀਗੜ ਅਤੇ ਅਕਵਿੰਦਰ ਕੌਰ ਕਪੂਰਥਲਾ ਨੂੰ ‘ਐਨ.ਜੀ.ਏ.ਆਈ. ਗੱਤਕਾ ਐਵਾਰਡ’ ਪ੍ਰਦਾਨ ਜਦਕਿ ਗੱਤਕੇ ਦੇ ਪ੍ਰਚਾਰ-ਪਸਾਰ ਵਿੱਚ ਵਡਮੁੱਲੀਆਂ ਸੇਵਾਵਾਂ ਦੇਣ ਬਦਲੇ ਸੁਖਚੈਨ ਸਿੰਘ ਕਲਸਾਣੀ ਹਰਿਆਣਾ ਅਤੇ ਗੁਰਵਿੰਦਰ ਕੌਰ ਸੀਚੇਵਾਲ, ਸੁਲਤਾਨਪੁਰ ਲੋਧੀ ਨੂੰ ‘ਪ੍ਰੈਜੀਡੈਂਟਜ਼ ਗੱਤਕਾ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਗੱਤਕਾ ਪ੍ਰਮੋਟਰ ਗਰੇਵਾਲ ਨੇ ਕਿਹਾ ਕਿ ਇਹ ਗੱਤਕਾ ਐਵਾਰਡ ਹਰ ਸਾਲ ਦਿੱਤੇ ਜਾਇਆ ਕਰਨਗੇ।
ਇਸ ਮੌਕੇ ਉਨ੍ਹਾਂ ਗੱਤਕਾ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ 5ਵੇਂ ਕੌਮਾਂਤਰੀ ਗੱਤਕਾ ਦਿਵਸ ਮੌਕੇ ਵਿਰਾਸਤੀ ਗੱਤਕਾ ਮੁਕਾਬਲਿਆਂ ਵਿਚ ਭਾਗ ਲਿਆ ਸੀ। ਇਨ੍ਹਾਂ ਵਿੱਚ ਸ਼ਸ਼ਤਰ ਪ੍ਰਦਰਸ਼ਨ ਕਲਾ ਵਿੱਚ ਜੇਤੂ ਰਹੀ ਸਰਦਾਰ ਹਰੀ ਸਿੰਘ ਨਲਵਾ ਗੱਤਕਾ ਅਖਾੜਾ ਭੁੱਚੋ ਖੁਰਦ, ਬਠਿੰਡਾ ਦੀ ਟੀਮ ਅਤੇ ਦੂਜੇ ਥਾਂ ਤੇ ਆਈ ਖਾਲਸਾ ਗੱਤਕਾ ਅਕੈਡਮੀ ਸ਼ਾਹਬਾਦ, ਹਰਿਆਣਾ ਦੀ ਟੀਮ ਸਮੇਤ ਵਿਅਕਤੀਗਤ ਸ਼ਸ਼ਤਰ ਪ੍ਰਦਰਸ਼ਨ ਕਲਾ ਵਿੱਚ ਜੇਤੂ ਏਕਸ ਪਿਤਾ ਏਕਸ ਕੇ ਹਮ ਬਾਰਿਕ ਗੱਤਕਾ ਅਖਾੜਾ ਮੁੰਡੀ ਖਰੜ, ਜਿਲ੍ਹਾ ਐਸ.ਏ.ਐਸ. ਨਗਰ ਦੇ ਗੱਤਕੇਬਾਜ਼ ਜਸਕਰਨ ਸਿੰਘ ਨੂੰ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਮੌਕੇ ਡਾ. ਪ੍ਰੀਤਮ ਸਿੰਘ ਮੀਤ ਪ੍ਰਧਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ, ਹਰਜਿੰਦਰ ਕੁਮਾਰ ਜਾਇੰਟ ਸਕੱਤਰ, ਬਲਜੀਤ ਸਿੰਘ ਵਿੱਤ ਸਕੱਤਰ, ਹਰਬੀਰ ਸਿੰਘ ਪ੍ਰਧਾਨ ਪੰਜਾਬ ਗੱਤਕਾ ਐਸੋਸੀਏਸ਼ਨ, ਕਮਲ ਪਾਲ ਸਿੰਘ ਪ੍ਰਧਾਨ ਜਿਲਾ ਗੱਤਕਾ ਐਸੋਸੀਏਸ਼ਨ ਫਿਰੋਜ਼ਪੁਰ ਅਤੇ ਸਕੂਲ ਦੇ ਪ੍ਰਿੰਸੀਪਲ ਡਾ: ਪੰਕਜ ਧਮੀਜਾ ਵੀ ਮੌਜੂਦ ਸਨ।