ਨਵੀਂ ਦਿੱਲੀ ((ਮੀਡੀਆ ਬਿਊਰੋ)) : ਪੰਜ ਚੋਣਾਂ ਵਾਲੇ ਸੂਬਿਆਂ ਵਿਚ ਕੋਰੋਨਾ ਦੀ ਸਥਿਤੀ ਦਾ ਮੁਲਾਂਕਣ ਕਰਨ ਦੇ ਕੁਝ ਹੀ ਦਿਨਾਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਤੋਂ ਟੀਕਾਕਰਨ ਵਧਾਉਣ ਅਤੇ ਚੋਣ ਡਿਊਟੀ ’ਤੇ ਤਾਇਨਾਤ ਕੀਤੇ ਜਾਣ ਵਾਲੇ ਮੁਲਾਜ਼ਮਾਂ ਦਾ ਪੂਰਨ ਟੀਕਾਕਰਨ ਯਕੀਨੀ ਬਣਾਉਣ ਲਈ ਕਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਨੀਪੁਰ ਅਤੇ ਪੰਜਾਬ ਦੇ ਮੁੱਖ ਸਕੱਤਰਾਂ ਨੂੰ ਹਾਲ ਵਿਚ ਲਿਖੇ ਪੱਤਰ ਵਿਚ ਕਮਿਸ਼ਨ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਹੈ ਕਿ ਮਤਦਾਨ ਕਰਵਾਉਣ ਵਾਲੇ ਮੁਲਾਜ਼ਮ ਫਰੰਟਲਾਈਨ ਵਰਕਰਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ ਅਤੇ ਉਹ ਚੌਕਸੀ (ਪ੍ਰੀਕਾਸ਼ਨ) ਡੋਜ਼ ਦੇ ਪਾਤਰ ਹਨ। ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਸੂਬਿਆਂ ਵਿਚ ਤਾਇਨਾਤ ਕੀਤੇ ਜਾਣ ਵਾਲੇ ਚੋਣ ਮੁਲਾਜ਼ਮਾਂ ਦਾ ਪੂਰਨ ਟੀਕਾਕਰਨ ਹੋਣਾ ਚਾਹੀਦਾ ਹੈ ਅਤੇ ਜਿਹੜੇ ਵੀ ਦੂਜੇ ਟੀਕੇ ਲਈ ਪਾਤਰ ਹਨ, ਉਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਦੂਜੀ ਡੋਜ਼ ਲਾਈ ਜਾਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ 27 ਦਸੰਬਰ ਨੂੰ ਚੋਣ ਕਮਿਸ਼ਨ ਨੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨਾਲ ਪੰਜਾਂ ਚੋਣਾਂ ਵਾਲੇ ਸੂਬਿਆਂ ਦੀ ਕੋਰੋਨਾ ਸਥਿਤੀ ਦਾ ਮੁਲਾਂਕਣ ਕੀਤਾ ਸੀ। ਇਸ ਵਿਚ ਇਸ ਗੱਲ ’ਤੇ ਨੋਟਿਸ ਲਿਆ ਗਿਆ ਸੀ ਕਿ ਉੱਤਰ ਪ੍ਰਦੇਸ਼, ਪੰਜਾਬ ਅਤੇ ਮਨੀਪੁਰ ’ਚ ਟੀਕੇ ਦੀ ਪਹਿਲੀ ਡੋਜ਼ ਲੈਣ ਵਾਲਿਆਂ ਦੀ ਗਿਣਤੀ ਹਾਲੇ ਵੀ ਘੱਟ ਹੈ ਜਦਕਿ ਉੱਤਰਾਖੰਡ ਅਤੇ ਗੋਆ ਵਿਚ ਇਹ 100 ਫ਼ੀਸਦੀ ਦੇ ਨੇੜੇ ਪਹੁੰਚ ਚੁੱਕੀ ਹੈ।