ਅੰਮਿ੍ਤਸਰ (ਮੀਡੀਆ ਬਿਊਰੋ): ਕੋਰੋਨਾ ਲਾਗ ਦੇ ਨਾਲ ਹੀ ਬਲੈਕ ਫੰਗਸ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਅੰਮਿ੍ਤਸਰ ਵਿਚ ਪਹਿਲੀ ਵਾਰ ਬਲੈਕ ਫੰਗਸ ਮਿਊਕਰਮਾਇਕੋਸਿਸ ਤੋਂ ਪੀੜਤ ਤਿੰਨ ਮਰੀਜ਼ਾਂ ਦੀਆਂ ਅੱਖਾਂ ਕੱਢਣੀਆਂ ਪਈਆਂ ਹਨ। ਜੇ ਉਨ੍ਹਾਂ ਦੀ ਅੱਖ ਨਾ ਕੱਢੀ ਜਾਂਦੀ ਤਾਂ ਫੰਗਸ ਉਨ੍ਹਾਂ ਦੇ ਦਿਮਾਗ਼ ਤਕ ਪੁੱਜ ਜਾਣਾ ਸੀ ਤੇ ਜਾਨ ਜਾ ਸਕਦੀ ਸੀ।
ਦਰਅਸਲ, ਤਿੰਨਾਂ ਮਰੀਜ਼ਾਂ ਦੀ ਉਮਰ 60 ਸਾਲ ਤੋਂ ਵੱਧ ਹੈ। ਲੰਘੇ ਹਫ਼ਤੇ ਉਹ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਕਰਾ ਰਹੇ ਹਨ। ਕੋਰੋਨਾ ਪੀੜਤ ਰਿਪੋਰਟ ਹੋਣ ਮਗਰੋਂ ਡਾਕਟਰਾਂ ਨੇ ਇਨ੍ਹਾਂ ਦਾ ਇਲਾਜ ਆਈਸੀਐੱਮਆਰ ਦੇ ਪ੍ਰਰੋਟੋਕਾਲ ਨਾਲ ਸ਼ੁਰੂ ਕੀਤਾ। ਆਕਸੀਜਨ ਸਪੋਰਟ ਦੇ ਨਾਲ ਨਾਲ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮਰੀਜ਼ ਕੋਰੋਨਾ ਮੁਕਤੀ ਵੱਲ ਵੱਧ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਸੋਜ ਨਜ਼ਰੀਂ ਪਈ। ਡਾਕਟਰਾਂ ਨੇ ਜਾਂਚ ਕੀਤੀ ਤਾਂ ਇਹ ਬਲੈਕ ਫੰਗਸ ਸੀ। ਇਹ ਫੰਗਸ ਉਨ੍ਹਾਂ ਦੀਆਂ ਅੱਖਾਂ ਤਕ ਪੁੱਜ ਸਕਦਾ ਸੀ ਤੇ ਦਿਮਾਗ਼ ਨੂੰ ਨੁਕਸਾਨ ਪੁੱਜਣ ਦੇ ਆਸਾਰ ਬਣ ਗਏ ਸਨ।
ਈਐੱਨਟੀ ਵਿਭਾਗ ਦੇ ਡਾਕਟਰਾਂ ਦੀ ਟੀਮ ਨੇ ਰਿਪੋਰਟਾਂ ਦਾ ਅਧਿਐਨ ਕੀਤਾ ਤਾਂ ਤਿੰਨਾਂ ਦੀ ਇਕ-ਇਕ ਅੱਖ ਕੱਢਣੀ ਪਈ। ਹਾਲਾਂਕਿ ਮਰੀਜ਼ਾਂ ਦੀ ਦੂਜੀ ਅੱਖ ਸੁਰੱਖਿਅਤ ਹੈ। ਬਲੈਕ ਫੰਗਸ ਦਿਮਾਗ਼ ਤਕ ਨਾ ਪੁੱਜਣ ਕਾਰਨ ਦੋਵੇਂ ਮਰੀਜ਼ਾਂ ਦੀ ਹਾਲਤ ਹੁਣ ਸਥਿਰ ਹੈ।
ਇਨ੍ਹਾਂ ਤਿੰਨਾਂ ਵਿੱਚੋਂ ਇਕ ਕੋਰੋਨਾ ਮਰੀਜ਼ ਨਿੱਜੀ ਹਸਪਤਾਲ ਵਿੱਚੋਂ ਜੀਐੱਨਡੀਐੱਚ ਵਿਚ ਰੈਫਰ ਕੀਤਾ ਗਿਆ ਸੀ। ਡਾਕਟਰਾਂ ਮੁਤਾਬਕ ਇਸ ਮਰੀਜ਼ ਨੂੰ ਨਿੱਜੀ ਹਸਪਤਾਲ ਵਿਚ 20 ਤੋਂ ਵੱਧ ਐਮਫੋਟੇਰੀਸਿਨ-ਬੀ ਦੇ ਟੀਕੇ ਲਾਏ ਸਨ। ਇਸ ਨਾਲ ਉਸ ਦੇ ਗੁਰਦਿਆਂ ‘ਤੇ ਅਸਰ ਪਿਆ, ਉਸ ਦੇ ਦੋਵੇਂ ਗੁਰਦੇ ਫੇਲ੍ਹ ਹੋ ਚੁੱਕੇ ਹਨ। ਇਸ ਮਰੀਜ਼ ਦੀ ਅੱਖ ਕੱਢੀ ਗਈ ਹੈ ਪਰ ਗੁਰਦੇ ਖ਼ਰਾਬ ਹੋਣ ਕਾਰਨ ਬੁਰੀ ਹਾਲਤ ਹੈ।
ਕਾਬਿਲੇ ਜ਼ਿਕਰ ਹੈ ਕਿ ਇਸ ਜ਼ਿਲ੍ਹੇ ਵਿੱਚੋਂ ਹੁਣ ਤਕ 45 ਕੇਸ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 6 ਦੀ ਮੌਤ ਹੋਈ ਹੈ ਜਦਕਿ 9 ਜਣੇ ਸਿਹਤਯਾਬ ਹੋਏ ਹਨ। ਹੁਣ ਐਕਟਿਵ ਕੇਸ 31 ਹਨ। 6 ਇਹੋ ਜਿਹੇ ਮਰੀਜ਼ ਵੀ ਹਨ, ਜਿਨ੍ਹਾਂ ਨੂੰ ਬਲੈਕ ਫੰਗਸ ਹੋਣ ਦੀ ਸੰਭਾਵਨਾ ਹੈ, ਡਾਕਟਰਾਂ ਨੇ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਰਿਪੋਰਟ ਆਉਣੀ ਰਹਿੰਦੀ ਹੈ।