ਸੈਕਰਾਮੈਂਟੋ (ਹੁਸਨ ਲੜੋਆ ਬੰਗਾ)– ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਮਾਮਲੇ ਤੇ ਮੌਤਾਂ ਵਧ ਰਹੀਆਂ ਹਨ। ਇਸ ਲਈ ਟੀਕਾਕਰਣ ਵਿਚ ਤੇਜੀ ਲਿਆਉਣੀ ਤੇ ਇਹਤਿਆਤ ਵਰਤਣਾ ਜਰੂਰੀ ਹੈ। ਹਾਲ ਹੀ ਵਿਚ ਕੋਰੋਨਾ ਮਾਮਲਿਆਂ ਵਿੱਚ ਆਏ ਉਛਾਲ ਕਾਰਨ ਅਮਰੀਕਾ ਵਿਚ ਸਭ ਤੋਂ ਵਧ ਆਬਾਦੀ ਵਾਲੀ ਕਾਊਂਟੀ ਲਾਸ ਏਂਜਲਸ ਵਿਚ ਇਨਡੋਰ ਸਮਾਗਮਾਂ ਜਾਂ ਇਕੱਠਾਂ ਦੌਰਾਨ ਲੋਕਾਂ ਲਈ ਮਾਸਕ ਪਾਉਣਾ ਲਾਜਮੀ ਹੋਵੇਗਾ। ਉਨਾਂ ਲੋਕਾਂ ਨੂੰ ਵੀ ਮਾਸਕ ਪਾਉਣ ਦੀ ਲੋੜ ਹੈ ਜਿਨਾਂ ਦਾ ਮੁਕੰਮਲ ਜਾਂ ਅੱਧਾ ਟੀਕਾਕਰਣ ਹੋ ਚੁੱਕਾ ਹੈ। ਕੈਲੀਫੋਰਨੀਆ ਦੇ ਕੋਰੋਨਾ ਪਾਬੰਦੀਆਂ ਤੋਂ ਮੁਕਤ ਹੋਣ ਤੋਂ ਇਕ ਮਹੀਨੇ ਬਾਅਦ ਮੁੜ ਮਾਸਕ ਪਹਿਣਨਾ ਜਰੂਰੀ ਕੀਤਾ ਗਿਆ ਹੈ। ਇਹ ਆਦੇਸ਼ ਸ਼ਨੀਵਾਰ ਠੀਕ 11 ਵਜ ਕੇ 59 ਮਿੰਟ ‘ਤੇ ਲਾਗੂ ਹੋ ਜਾਵੇਗਾ।
ਕਾਊਂਟੀ ਦੇ ਸਿਹਤ ਅਧਿਕਾਰੀ ਡਾ ਮੂੰਟੂ ਡੇਵਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਗੰਭੀਰ ਸਮਾਂ ਹੈ। ਅਸੀਂ ਇਹਤਿਆਤ ਵਰਤ ਕੇ ਸੰਜਮ ਨਾਲ ਸਥਿੱਤੀ ਨੂੰ ਨਿਯੰਤਰਣ ਵਿੱਚ ਕਰ ਸਕਦੇ ਹਾਂ। ਜੌਹਨ ਹੋਪਕਿਨਜ ਯੁਨੀਵਰਸਿਟੀ ਵੱਲੋਂ ਬੁੱਧਵਾਰ ਨੂੰ ਖਤਮ ਹੋਏ ਹਫਤੇ ਦੌਰਾਨ ਇਕੱਠੇ ਕੀਤੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਵਿਚ ਹਰ ਘੰਟੇ ਵਿੱਚ ਕੋਰੋਨਾ ਦੇ 1000 ਤੋਂ ਵਧ ਨਵੇਂ ਮਾਮਲੇ ਦਰਜ ਹੋ ਰਹੇ ਹਨ। ਪ੍ਰਤੀ ਦਿਨ ਔਸਤ 25300 ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਜੂਨ 22 ਨੂੰ ਖਤਮ ਹੋਏ ਹਫਤੇ ਨਾਲੋਂ ਦੁੱਗਣੇ ਹਨ।
ਲੋਵਾ ਤੇ ਦੱਖਣੀ ਡਕੋਤਾ ਨੂੰ ਛੱਡ ਕੇ ਅਮਰੀਕਾ ਦੇ 48 ਰਾਜਾਂ ਵਿਚ ਮਾਮਲੇ ਵਧੇ ਹਨ ਹਾਲਾਂ ਕਿ ਇਹ ਮਾਮਲੇ ਜਦੋਂ ਕੋਰੋਨਾ ਮਹਾਮਾਰੀ ਸਿਖਰ ‘ਤੇ ਸੀ, ਦਾ 10% ਹੀ ਬਣਦੇ ਹਨ। ਫਲੋਰੀਡਾ , ਟੈਕਸਾਸ ਤੇ ਕੈਲੀਫੋਰਨੀਆ ਅਜਿਹੇ ਰਾਜ ਹਨ ਜਿਥੇ ਸਭ ਤੋਂ ਵਧ ਨਵੇਂ ਕੋਰੋਨਾ ਮਾਮਲੇ ਆਏ ਹਨ। ਫਲੋਰੀਡਾ ਵਿਚ 7011 , ਟੈਕਸਾਸ 3611 ਤੇ ਕੈਲੀਫੋਰਨੀਆ ਵਿਚ 3439 ਨਵੇਂ ਮਾਮਲੇ ਦਰਜ ਹੋਏ ਹਨ। ਜਾਰਜੀਆ ਸਟੇਟ ਯੁਨੀਵਰਸਿਟੀ ਦੇ ਜਨ ਸਿਹਤ ਬਾਰੇ ਪ੍ਰੋਫੈਸਰ ਸਾਰਾਹ ਮੈਕੂਲ ਅਨੁਸਾਰ ਨਵੇਂ ਮਾਮਲੇ ਟੀਕਾਕਰਣ ਦੀ ਮੱਠੀ ਰਫਤਾਰ, ਮਾਸਕ ਪਹਿਣਨ ਤੇ ਹੋਰ ਇਹਤਿਆਤੀ ਪਾਬੰਦੀਆਂ ਵਿਚ ਢਿੱਲ ਦੇਣ ਤੇ ਵਾਇਰਸ ਦੇ ਡੈਲਟਾ ਰੂਪ ਦੇ ਫੈਲਾਅ ਕਾਰਨ ਵਧੇ ਹਨ।
ਅਮਰੀਕਾ ਦੇ ਜਿਆਦਾਤਰ ਰਾਜਾਂ ਵਿਚ ਮੌਤਾਂ ਦੀ ਗਿਣਤੀ ਵੀ ਵਧੀ ਹੈ। ਇਹ ਵਾਧਾ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਵੀ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆ ਭਰ ਵਿਚ 9 ਹਫਤਿਆਂ ਦੌਰਾਨ ਨਿਰੰਤਰ ਮੌਤਾਂ ਘਟਣ ਤੋਂ ਬਾਅਦ ਪਿਛਲੇ ਹਫਤੇ ਮੌਤਾਂ ਵਧੀਆਂ ਹਨ। ਪਿਛਲੇ ਹਫਤੇ 55000 ਜਾਨਾਂ ਗਈਆਂ ਹਨ ਜੋ ਕਿ ਇਕ ਹਫਤਾ ਪਹਿਲਾਂ ਦੀ ਤੁਲਨਾ ਵਿਚ 3% ਜਿਆਦਾ ਹਨ। ਵਿਸ਼ਵ ਵਿਚ ਪਿਛਲੇ ਹਫਤੇ ਕੋੋਰੋਨਾ ਮਾਮਲਿਆਂ ਵਿੱਚ 10% ਦਾ ਵਾਧਾ ਹੋਇਆ ਹੈ ਤੇ ਤਕਰੀਬਨ 30 ਲੱਖ ਨਵੇਂ ਮਾਮਲੇ ਦਰਜ ਹੋਏ ਹਨ।