ਪੀਜੀਆਈ ਚੰਡੀਗੜ੍ਹ ‘ਚ ਕੋਰੋਨਾ ਧਮਾਕਾ : 87 ਡਾਕਟਰ ਤੇ ਨਰਸਿੰਗ ਸਟਾਫ ’ਚੋਂ 109 ਜਣੇ ਪਾਜ਼ੇਟਿਵ, ਓਪੀਡੀ, ਸਰਜਰੀ ਤੇ ਕੋਵਿਡ ਵਾਰਡ ਦੀਆਂ ਸੇਵਾਵਾਂ ਪ੍ਰਭਾਵਤ

ਚੰਡੀਗੜ੍ਹ, ਮੀਡੀਆ ਬਿਊਰੋ:

ਪੀਜੀਆਈ ਵਿਚ ਕੋਰੋਨਾ ਦਾ ਧਮਾਕਾ ਹੋਇਆ ਹੈ। 87 ਡਾਕਟਰ ਤੇ 109 ਨਰਸਿੰਗ ਸਟਾਫ ਕੋਰੋਨਾ ਪਾਜ਼ੀਟਿਵ ਆਏ ਹਨ। 70 ਦੇ ਕਰੀਬ ਸੈਂਪਲ ਜਾਂਚ ਲਈ ਘੱਲੇ ਗਏ ਹਨ। ਆਉਂਦੇ ਦਿਨੀਂ ਲਾਗਗ੍ਰਸਤ ਡਾਕਟਰਾਂ ਤੇ ਨਰਸਿੰਗ ਅਮਲੇ ਦਾ ਇਹ ਅੰਕੜਾ 250 ਤਕ ਜਾਣ ਦੇ ਆਸਾਰ ਹਨ। ਇੰਨੀ ਵੱਡੀ ਗਿਣਤੀ ਵਿਚ ਡਾਕਟਰਾਂ, ਨਰਸਿੰਗ ਅਮਲੇ ਤੇ ਸਿਹਤ ਕਾਮਿਆਂ ਦੇ ਪਾਜ਼ੀਟਿਵ ਆਉਣ ਕਾਰਨ ਪੀਜੀਆਈ ਦੀਆਂ ਸੇਵਾਵਾਂ ਪ੍ਰਭਾਵਤ ਹੋ ਰਹੀਆਂ ਹਨ।

ਪੀਜੀਆਈ ਵਿਚ ਆਉਂਦੇ 10-15 ਦਿਨਾਂ ਦੌਰਾਨ ਓਪੀਡੀ, ਸਰਜਰੀ ਤੋਂ ਲੈ ਕੇ ਕੋਵਿਡ ਵਾਰਡ ਦੀਆਂ ਸੇਵਾਵਾਂ ਪ੍ਰਭਾਵਤ ਹੋਣਗੀਆਂ ਕਿਉਂਜੋ ਬਾਕੀ ਡਾਕਟਰਾਂ ਤੇ ਨਰਸਿੰਗ ਸਟਾਫ ’ਤੇ ਹੀ ਐਮਰਜੈਂਸੀ, ਟਰਾਮਾ ਸੈਂਟਰ, ਓਪੀਡੀ ਤੇ ਕੋਵਿਡ ਵਾਰਡ ਵਿਚ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਹੋਵੇਗੀ।

ਪੀਜੀਆਈ ਦੇ ਮੈਡੀਕਲ ਸੁਪਰਡੈਂਟ ਪ੍ਰੋ. ਵਿਪਨ ਨੇ ਦੱਸਿਆ ਕਿ ਇਹ 196 ਲਾਗਗ੍ਰਸਤ ਮਾਮਲੇ ਲੰਘੀ 26 ਦਸੰਬਰ 2021 ਤੋਂ ਲੈ ਕੇ ਨਵੇਂ ਵਰ੍ਹੇ ਦੀ ਪੰਜ ਜਨਵਰੀ ਤਕ ਦੇ ਹਨ। ਪ੍ਰੋ. ਵਿਪਨ ਨੇ ਦੱਸਿਆ ਕਿ ਘਬਰਾਉਣ ਦੀ ਲੋੜ ਨਹੀਂ ਹੈ, ਜਿਹੜੇ ਪਾਜ਼ੀਟਿਵ ਆਏ ਹਨ, ਉਨ੍ਹਾਂ ਵਿਚ ਮਾਈਲਡ ਕੋਵਿਡ ਦੀ ਪੁਸ਼ਟੀ ਹੋਈ ਹੈ, ਉਹ ਸਾਰੇ ਮਰੀਜ਼ ਠੀਕ ਹਨ। ਉਨ੍ਹਾਂ ਨੂੰ ਘਰ ਵਿਚ ਇਕਾਂਤਵਾਸ ਕੀਤਾ ਹੈ। ਸਿਰਫ਼ ਇਕ ਡਾਕਟਰ ਵਿਚ ਕੋਰੋਨਾ ਲਾਗ ਦੇ ਜ਼ਿਆਦਾ ਲੱਛਣ ਹੋਣ ਕਰ ਕੇ ਉਸ ਨੂੰ ਦਾਖ਼ਲ ਕੀਤਾ ਹੈ।

ਪੀਜੀਆਈ ਵਿਚ ਇਸ ਸਮੇਂ 78 ਮਰੀਜ਼ ਦਾਖ਼ਲ

ਕੋਵਿਡ ਵਾਰਡ ਵਿਚ ਇਸ ਸਮੇਂ 78 ਕੋਰੋਨਾ ਮਰੀਜ਼ ਦਾਖ਼ਲ ਹਨ। ਇਨ੍ਹਾਂ ਵਿੱਚੋਂ 34 ਜਣੇ ਪੁਰਸ਼ ਤੇ 44 ਔਰਤਾਂ ਹਨ। ਕੋਵਿਡ ਆਈਸੀਯੂ ਵਾਰਡ ਵਿਚ 6, ਐੱਚਡੀਯੂ ਵਾਰਡ ਵਿਚ 28, ਸਟੈੱਪਡਾਊਨ ਵਾਰਡ ਵਿਚ 26, ਪੀਡੀਆਟ੍ਰਿਕ ਕੋਵਿਡ ਵਾਰਡ ਵਿਚ ਇਕ ਤੇ ਹੋਰ ਵਾਰਡ ਵਿਚ 17 ਲਾਗਗ੍ਰਸਤ ਮਰੀਜ਼ ਜ਼ੇਰੇ ਇਲਾਜ ਹਨ। ਇਨ੍ਹਾਂ ਮਰੀਜ਼ਾਂ ਵਿਚੋਂ ਚੰਡੀਗੜ੍ਹ ਦੇ 34 ਜਣੇ, ਪੰਜਾਬ ਦੇ 21, ਹਿਮਾਚਲ ਦੇ 9, ਹਰਿਆਣਾ ਦੇ 7, ਰਾਜਸਥਾਨ ਦੇ ਤਿੰਨ ਅਤੇ ਦਿੱਲੀ, ਤਾਮਿਲਨਾਡੂ, ਝਾਰਖੰਡ ਤੇ ਉੱਤਰ ਪ੍ਰਦੇਸ਼ ਦਾ ਇਕ ਇਕ ਕੋਰੋਨਾ ਮਰੀਜ਼ ਦਾਖ਼ਲ ਕੀਤਾ ਹੈ।

Share This :

Leave a Reply