ਭਗਤ ਪੂਰਨ ਸਿੰਘ ਕਮਿਊਨਿਟੀ ਸੈਂਟਰ ਦਾ ਨਾਂਅ ਬਦਲਕੇ ਬੇਅੰਤ ਸਿੰਘ ਦੇ ਨਾਂਅ ਕਰਨ ’ਤੇ ਛਿੜਿਆ ਵਿਵਾਦ

ਖੰਨਾ (ਪਰਮਜੀਤ ਸਿੰਘ ਧੀਮਾਨ)- ਇਥੋਂ ਦੇ ਵਾਰਡ ਨੰਬਰ-26 ’ਚ ਬਣ ਰਹੇ ਭਗਤ ਪੂਰਨ ਸਿੰਘ ਕਮਿਊਨਿਟੀ ਸੈਂਟਰ ਦਾ ਨਾਂਅ ਬਦਲਕੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਂਅ ਤੇ ਰੱਖਣ ਨੂੰ ਲੈ ਕੇ ਵਿਵਾਦ ਪੈਂਦਾ ਹੋ ਗਿਆ ਹੈ। ਇਸ ਖਿਲਾਫ਼ ਅਕਾਲੀ ਦਲ ਤੇ ਭਗਤ ਪੂਰਨ ਸਿੰਘ ਦੇ ਜੱਦੀਂ ਪਿੰਡ ਰਾਜੇਵਾਲ ਦੇ ਲੋਕਾਂ ਵੱਲੋਂ ਕਾਂਗਰਸ ਖਿਲਾਫ਼ ਮੋਰਚਾ ਖੋਲਿ੍ਹਆ ਗਿਆ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜੱਥੇ.ਦਵਿੰਦਰ ਸਿੰਘ ਖੱਟੜਾ ਨੇ ਕਿਹਾ ਕਿ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਕਾਂਗਰਸ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੋ ਦੁਨੀਆ ਭਰ ’ਚ ਮਾਨਵਤਾ ਦੀ ਸੇਵਾ ਦੀ ਮਿਸਾਲ ਭਗਤ ਪੂਰਨ ਸਿੰਘ ਦੇ ਨਾਂਅ ਨੂੰ ਮਿਟਾਉਣਾ ਚਾਹੁੰਦੀ ਹੈ। ਕਾਂਗਰਸ ਦੀ ਇਸ ਰਾਜਨੀਤੀ ਨੂੰ ਸ਼੍ਰੋਮਣੀ ਕਮੇਟੀ ਕਦੇ ਬਰਦਾਸ਼ਤ ਨਹੀਂ ਕਰੇਗੀ।

ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਕਾਂਗਰਸ ਕਮੇਟੀ ਦੀ ਪਹਿਲੀ ਬੈਠਕ ਵਿਚ ਹੀ ਮੰਦਭਾਗਾ ਏਜੰਡਾ ਲਿਆਂਦਾ ਜਾ ਰਿਹਾ ਹੈ। ਵਿਧਾਇਕ ਕੋਟਲੀ ਦੀ ਇਹ ਬੇਹੱਦ ਮਾੜੀ ਗੱਲ ਹੈ, ਜੇਕਰ ਕਮਿਊਨਿਟੀ ਸੈਂਟਰ ਦਾ ਨਾਂਅ ਭਗਤ ਪੂਰਨ ਸਿੰਘ ਦੇ ਨਾਂਅ ਤੋਂ ਹਟਾ ਕੇ ਆਪਣੇ ਦਾਦੇ ਦਾ ਨਾਂਅ ਹੀ ਚਮਕਾਉਣਾ ਸੀ ਤਾਂ ਹਲਕੇ ’ਚ ਕੋਈ ਸ਼ਹਿਰ ’ਚ ਕੋਈ ਸਰਕਾਰੀ ਕਾਲਜ, ਬੱਸ ਸਟੈਂਡ ਜਾਂ ਕੋਈ ਵੱਡਾ ਕਾਰਜ ਕਰਦੇ, ਜਿਸਦਾ ਲੋਕਾਂ ਨੂੰ ਫਾਇਦਾ ਮਿਲਦਾ, ਪ੍ਰਤੂੰ ਉਨ੍ਹਾਂ ਦੇ ਇਸ ਕਾਰਜ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ, ਪਰਮਪ੍ਰੀਤ ਸਿੰਘ ਪੌਂਪੀ, ਜਤਿੰਦਰਪਾਲ ਸਿੰਘ, ਹਰਦੀਪ ਸਿੰਘ, ਬੂਟਾ ਸਿੰਘ, ਇੰਦਰਜੀਤ ਸਿੰਘ, ਹਰਜੀਤ ਸਿੰਘ ਭਾਟੀਆ, ਕਰਨੈਲ ਸਿੰਘ, ਜਗਤਾਰ ਸਿੰਘ, ਸਰਬਦੀਪ ਸਿੰਘ ਕਾਲੀਰਾਓ, ਜਗਦੀਪ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਵੀਰ ਸਿੰਘ ਸੋਨੂੰ ਆਦਿ ਹਾਜ਼ਰ ਸਨ।

Share This :

Leave a Reply