ਐਸਐਸਪੀ ਹੁਸ਼ਿਆਰਪੁਰ ਦੇ ਤਬਾਦਲੇ ਨੂੰ ਲੈ ਕੇ ਕਾਂਗਰਸੀਆਂ ਨੇ ਸਰਕਾਰ ਨੂੰ ਕੀਤੇ ਸਵਾਲ

ਹੁਸ਼ਿਆਰਪੁਰ, ਮੀਡੀਆ ਬਿਊਰੋ:

ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਬਦਲੇ ਗਏ ਐੱਸਐੱਸਪੀਜ਼ ਵਿੱਚੋਂ ਇੱਕ ਧਰੂਮਨ ਐੱਚ ਨਿੰਬਾਲੇ ਦੀ ਬਦਲੀ ਨੂੰ ਕਾਂਗਰਸੀ ਵਿਧਾਇਕ ਪਰਗਟ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਮਾਈਨਿੰਗ ਮਾਫ਼ੀਆ ਸਬੰਧੀ ਕੀਤੀ ਕਾਰਵਾਈ ਨਾਲ ਜੋੜਦੇ ਹੋਏ ਚਰਚਾ ਵਿਚ ਲਿਆ ਦਿੱਤਾ ਗਿਆ ਹੈ।

ਪਰਗਟ ਸਿੰਘ ਨੇ ਆਪਣੇ ਟਵਿੱਟਰ ਖ਼ਾਤੇ ’ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਉਕਤ ਮਾਮਲੇ ਸਬੰਧੀ ਜਾਰੀ ਪ੍ਰੈੱਸ ਨੋਟ, ਫੜੇ ਗਏ ਮੁਲਜ਼ਮਾਂ ਅਤੇ ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਦੀ ਤਸਵੀਰ ਵੀ ਪੋੋਸਟ ਕੀਤੀ ਹੈ। ਪੋਸਟ ਵਿੱਚ ਪਰਗਟ ਸਿੰਘ ਨੇ ਲਿਖਿਆ ਹੈ ਕਿ ਆਪ ਸਰਕਾਰ ਨੇ ਐੱਸਐੱਸਪੀ ਹੁਸ਼ਿਆਰਪੁਰ ਦੀ ਬਦਲੀ ਕਰ ਦਿੱਤੀ ਜਿਸਨੇ ਮਾਈਨਿੰਗ ਮਾਫ਼ੀਆ ਖਿਲਾਫ਼ ਮਾਮਲਾ ਦਰਜ ਕਰਨ ਦਾ ਹੌਸਲਾ ਕੀਤਾ ਸੀ। ਗੁੰਡਾ ਟੈਕਸ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 1.53 ਕਰੋੜ ਦੀ ਰਾਸ਼ੀ ਵੀ ਜ਼ਬਤ ਕੀਤੀ ਸੀ, ਦੀ ਮਾਈਨਿੰਗ ਮਾਫ਼ੀਆ ਖਿਲਾਫ਼ ਕਾਰਵਾਈ ਲਈ ਅਜਿਹੇ ਇਮਾਨਦਾਰ ਅਫ਼ਸਰ ਨੂੰ ਸਾਬਾਸ਼ ਦੀ ਥਾਂ ’ਤੇ ਭਗਵੰਤ ਮਾਨ ਸਰਕਾਰ ਨੇ ਉਸਦੀ ਬਦਲੀ ਕਰ ਦਿੱਤੀ ਹੈ। ਮੈਨੂੰ ਨਹੀਂ ਲਗਦਾ ਕਿ ਇਹ ਬਦਲਾਅ ਹੈ। ਦੱਸਣਾ ਬਣਦਾ ਹੈ ਕਿ ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਨੂੰ ਹੁਸ਼ਿਆਰਪੁਰ ਤੋਂ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਦਾ ਐੱਸਐੱਸਪੀ ਲਗਾਇਆ ਗਿਆ ਹੈ। ਜਦਕਿ ਸਰਤਾਜ ਸਿੰਘ ਚਾਹਲ ਨੇ ਫਤਿਹਗੜ੍ਹ ਸਾਹਿਬ ਤੋਂ ਬਦਲੀ ਹੋਣ ਉਪਰੰਤ ਬਤੌਰ ਐੱਸਐੱਸਪੀ ਹੁਸ਼ਿਆਰਪੁਰ ਦਾ ਚਾਰਜ ਸੰਭਾਲਿਆ ਹੈ।

ਕੀ ਹੈ ਮਾਮਲਾ ?

ਦੱਸਣਾ ਬਣਦਾ ਹੈ ਕਿ ਲੰਘੀ 29 ਮਾਰਚ ਨੂੰ ਜਦੋਂ ਧਰੂਮਨ ਐੱਚ ਨਿੰਬਾਲੇ ਐੱਸਐੱਸਪੀ ਹੁਸ਼ਿਆਰਪੁਰ ਵਜੋਂ ਤਾਇਨਾਤ ਸਨ ਤਾਂ ਜ਼ਿਲ੍ਹਾ ਪੁਲਿਸ ਨੇ ਕੁਝ ਦਿਨਾਂ ਵਿੱਚ ਹੀ ਮਾਈਨਿੰਗ ਮਾਫ਼ੀਆ ਵਜੋਂ ਕੰਮ ਕਰ ਰਹੇ ਇੱਕ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 1 ਕਰੋੜ 65 ਹਜ਼ਾਰ ਦੀ ਨਕਦੀ ਸਮੇਤ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਇਹ ਲੋਕ ਜਬਰੀ ਵਸੂਲੀ ਨਾਲ ਜੁੜੇ ਹੋਏ ਸਨ ਅਤੇ ਉਕਤ ਮੁਲਜ਼ਮ ਟਿੱਪਰਾਂ ਤੇ ਟਰੱੱਕ ਡਰਾਇਵਰਾਂ ਜੋ ਰੇਤਾ ਜਾਂ ਬਜਰੀ ਦੀ ਢੋੋਆ ਢੁਆਈ ਕਰਦੇ ਹਨ, ਉਨ੍ਹਾਂ ਨੂੰ ਰੋਕ ਕੇ ਜਬਰਨ ਪੈਸੇ ਦੀ ਵਸੂਲੀ ਕਰਦੇ ਸਨ। ਉਕਤ ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਜਿੱਥੇ ਮਾਇਨਿੰਗ ਦੀ ਵਸੂਲੀ ਸਬੰਧੀ ਭਾਰੀ ਮਾਤਰਾ ਵਿੱਚ ਭਾਰਤੀ ਕਰੰਸੀ ਨੋਟ, ਫਰਜੀ ਰਸੀਦਾਂ, ਰਜਿਸਟਰ, ਬੋਲੇਰੋ ਜੀਪਾਂ, ਲੈਪਟਾਪ, ਕੰਪਿਊਟਰ, ਨੋਟ ਗਿਣਨ ਵਾਲੀ ਮਸ਼ੀਨ ਅਤੇ ਹੋੋਰ ਸਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ਉਥੇ ਹੀ ਇਸ ਜਬਰੀ ਵਸੂਲ ਕਰਨ ਦੀਆਂ ਕਈ ਗੈਰਕਾਨੂੰਨੀ ਫਲਾਇੰਗ ਟੀਮਾਂ ਬਣਾਈਆਂ ਹੋਈਆਂ ਹਨ, ਜੋ ਕਿ ਪਠਾਨਕੋਟ, ਹੁਸ਼ਿਆਰਪੁਰ, ਐੱਸਬੀਐੱਸ ਨਗਰ, ਰੋਪੜ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਗਰਮ ਹਨ। ਪੁਲਿਸ ਵੱਲੋਂ ਇਹਨਾਂ ਵਿਅਕਤੀਆਂ ਪਾਸੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਗੈਰਕਾਨੂੰਨੀ ਮਾਈਨਿੰਗ ਸਬੰਧੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਦਰਸਾਈ ਜਾ ਰਹੀ ਸੀ। ਪੁਲਿਸ ਨੇ ਇਸ ਮਾਮਲੇ ਨਾਲ ਜੁੜੇ ਮੁੱਖ ਸਰਗਣਾ ਬਾਰੇ ਵੀ ਡੂੰਘਾਈ ਨਾਲ ਪੁੱਛ ਪੜਤਾਲ ਕਰਨ ਦੀ ਗੱਲ ਕਹਿੰਦੇ ਹੋਏ ਜਲਦੀ ਤੋਂ ਜਲਦੀ ਪਹਿਚਾਣ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਣ ਦੀ ਸੰਭਾਵਨਾ ਜਤਾਈ ਸੀ।

Share This :

Leave a Reply