ਖੰਨਾ, (ਪਰਮਜੀਤ ਸਿੰਘ ਧੀਮਾਨ) – ਕੇਂਦਰ ਸਰਕਾਰ ਵੱਲੋਂ ਰੋਜ਼ਾਨਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਖਿਲਾਫ਼ ਰੋਜ਼ਾਨਾ ਵੱਖ ਵੱਖ ਪਾਰਟੀਆਂ ਵੱਲੋਂ ਪੈਟਰੋਲ ਪੰਪਾਂ ਤੇ ਧਰਨਾ ਲਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਦਿਸ਼ਾ ਨਿਰਦੇਸ਼ਾਂ ਹੇਠਾਂ ਇਥੋਂ ਦੇ ਅਮਲੋਹ ਰੋਡ ਸਥਿਤ ਪੈਟਰੋਲ ਪੰਪ ਤੇ ਜ਼ੋਰਦਾਰ ਧਰਨਾ ਲਾਉਂਦਿਆਂ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕੌਂਸਲਰ ਹਰਦੀਪ ਸਿੰਘ ਨੀਨੂੰ ਨੇ ਕਿਹਾ ਕਿ ਇਕ ਪਾਸੇ ਕਰੋਨਾ ਮਹਾਂਮਾਰੀ ਕਾਰਨ ਆਮ ਲੋਕਾਂ ਨੂੰ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ, ਦੂਜੇ ਪਾਸੇ ਭਾਜਪਾ ਸਰਕਾਰ ਦਿਨੋਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦਾ ਕੰਚੂਮਰ ਕੱਢ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਵੱਧ ਰਹੀ ਮਹਿੰਗਾਈ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਮੋਦੀ ਸਰਕਾਰ ਨੂੰ ਦੇਸ਼ ਦੀ ਜਨਤਾ ਨਾਲ ਕੋਈ ਹਮਦਰਦੀ ਨਹੀਂ, ਇਹ ਸਿਰਫ਼ ਪੂੰਜੀਪਤੀਆਂ ਨੂੰ ਮੁਨਾਫ਼ਾ ਦੇਣ ਵਿਚ ਲੱਗੀ ਹੋਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਗੁਰਮੀਤ ਨਾਗਪਾਲ, ਸੰਦੀਪ ਘਈ, ਸੁਰਿੰਦਰ ਕੁਮਾਰ ਬਾਵਾ, ਪ੍ਰੀਆ ਧੀਮਾਨ, ਗੁਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।