ਮਾਝੇ ਤੇ ਅੰਮ੍ਰਿਤਸਰ ਪੂਰਬੀ ਸੀਟ ‘ਤੇ ਸਖ਼ਤ ਮੁਕਾਬਲਾ
ਅੰਮ੍ਰਿਤਸਰ, ਮੀਡੀਆ ਬਿਊਰੋ:
ਸਿਖ਼ਰ ’ਤੇ ਪਹੁੰਚ ਚੁੱਕੀ ਪੰਜਾਬ ਚੋਣ ਮੁਹਿੰਮ ’ਚ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਇਕ ਦੂਜੇ ਨੂੰ ਪਛਾਡ਼ਨ ਲਈ ਜ਼ੋਰ ਲਗਾ ਰਹੀਆਂ ਹਨ, ਉੱਥੇ ਹਾਕਮ ਕਾਂਗਰਸ ਪਾਰਟੀ ਹੁਣ ਵੀ ਪਹਿਲਾਂ ਖ਼ੁਦ ਨਾਲ ਫਿਰ ਵਿਰੋਧੀਆਂ ਨਾਲ ਲਡ਼ਦੀ ਦਿਖਾਈ ਦੇ ਰਹੀ ਹੈ। ਚੋਣ ਮੈਦਾਨ ’ਚ ਪਾਰਟੀ ਦੀ ਇਹ ਦੋਹਰੀ ਲਡ਼ਾਈ ਪੰਜਾਬ ਦੇ ਉਸਦੇ ਮਜ਼ਬੂਤ ਗਡ਼੍ਹ ਮਾਝਾ ’ਚ ਪਰੇਸ਼ਾਨੀ ਦਾ ਸਬੱਬ ਬਣਦੀ ਦਿਸ ਰਹੀ ਹੈ। ਇਸ ਆਪਸੀ ਜੰਗ ਦਾ ਹੀ ਅਸਰ ਹੈ ਕਿ ਪਾਰਟੀ ਦੇ ਕਈ ਮਜ਼ਬੂਤ ਫੈਕਟਰ ਵੀ ਆਪਣਾ ਪ੍ਰਭਾਵ ਛੱਡਦੇ ਨਜ਼ਰ ਨਹੀਂ ਆ ਰਹੇ ਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਇਸਦਾ ਸਭ ਤੋਂ ਭਖਦਾ ਉਦਾਹਰਣ ਹਨ। ਪੰਜਾਬ ’ਚ ਚੋਣਾਂ ਤੋਂ ਪਹਿਲਾਂ ਆਪਣੇ ਸਖ਼ਤ ਬੋਲਾਂ ਲਈ ਚਰਚਿਤ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਚੋਣ ਸਿਆਸਤ ਦੇ ਹਿਸਾਬ ਨਾਲ ਇਕ ਮਜ਼ਬੂਤ ਫੈਕਟਰ ਸਮਝਿਆ ਗਿਆ ਪਰ ਅੰਮ੍ਰਿਤਸਰ ਪੂਰਬੀ ਤੋਂ ਵਿਧਾਨ ਸਭਾ ਚੋਣ ਲਡ਼ ਰਹੇ ਸਿੱਧੂ ਫਿਲਹਾਲ ਆਪਣੇ ਸਿਆਸੀ ਜੀਵਨ ਦੀਆਂ ਸਭ ਤੋਂ ਮੁਸ਼ਕਲ ਚੋਣਾਂ ਦਾ ਸਾਹਮਣਾ ਕਰ ਰਹੇ ਹਨ।
ਅਕਾਲੀ ਦਲ ਦੇ ਪ੍ਰਮੁੱਖ ਆਗੂ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਨਜ਼ਦੀਕੀ ਰਿਸ਼ਤੇਦਾਰ ਬਿਕਰਮ ਮਜੀਠੀਆ (Bikram Singh Majithia) ਨੇ ਇਸ ਸੀਟ ਤੋਂ ਚੋਣ ਮੈਦਾਨ ’ਚ ਉਤਰ ਕੇ ਸਿੱਧੂ ਦੀ ਚੁਣੌਤੀ ਏਨੀ ਵਧਾ ਦਿੱਤੀ ਹੈ ਕਿ ਪੂਰੇ ਸੂਬੇ ਦੀ ਗੱਲ ਤਾਂ ਦੂਰ ਸਿੱਧੂ ਦੇ ਪ੍ਰਭਾਵ ਵਾਲੇ ਮਾਝਾ ਇਲਾਕੇ ’ਚ ਵੀ ਉਨ੍ਹਾਂ ਦਾ ਸਿਆਸੀ ਫੈਕਟਰ ਅਸਰ ਨਹੀਂ ਕਰ ਰਿਹਾ। ਸਿੱਧੂ ਮਾਝਾ ਇਲਾਕੇ ’ਚ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਹਨ ਪਰ ਹੁਣ ਆਪਣੀ ਹੀ ਸੀਟ ਦੀ ਚੋਣ ’ਚ ਫਸੇ ਸਾਬਕਾ ਕ੍ਰਿਕਟਰ ਲਈ ਆਪਣੇ ਸਿਆਸੀ ਸਟਾਰਡਮ ਨੂੰ ਬਚਾਉਣ ਦੀ ਚੁਣੌਤੀ ਨਾਲ ਜੂਝਣਾ ਪੈ ਰਿਹਾ ਹੈ। ਭੂਗੌਲਿਕ ਤੇ ਸਿਆਸੀ ਰੂਪ ਨਾਲ ਪੰਜਾਬ ਦੇ ਤਿੰਨ ਇਲਾਕਿਆਂ ’ਚ ਮਾਝਾ ਸੱਤਾ ਦਾ ਸੰਤੁਲਨ ਤੈਅ ਕਰਦਾ ਹੈ ਤੇ 2017 ਦੀਆਂ ਚੋਣਾਂ ’ਚ ਕਾਂਗਰਸ ਨੂੰ ਸੱਤਾ ਦਿਵਾਉਣ ’ਚ ਇਸ ਇਲਾਕੇ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀ। ਕਾਂਗਰਸ ਨੇ ਮਾਝਾ ਇਲਾਕੇ ਦੀਆਂ 25 ਵਿਧਾਨ ਸਭਾ ਸੀਟਾਂ ’ਚੋਂ 22 ਸੀਟਾਂ ਜਿੱਤ ਕੇ ਆਪਣਾ ਪਰਚਮ ਲਹਿਰਾਇਆ ਸੀ ਤੇ ਮੌਜੂਦਾ ਚੋਣਾਂ ’ਚ ਵੀ ਪਾਰਟੀ ਦਾ ਜ਼ਮੀਨੀ ਪ੍ਰਭਾਵ ਹੈ। ਪਰ ਕਾਂਗਰਸ ਦੀ ਆਪਸੀ ਲਡ਼ਾਈ ਉਸਦੇ ਇਸ ਪ੍ਰਭਾਵ ’ਚ ਸੰਨ੍ਹ ਲਗਾ ਰਹੀ ਹੈ ਤੇ ਅੰਮ੍ਰਿਤਸਰ ਸੈਂਟਰ ਤੇ ਪੂਰਬੀ ਸੀਟ ਦੇ ਇਲਾਕੇ ’ਚ ਕਈ ਚੋਣ ਚਰਚਾਵਾਂ ਦੌਰਾਨ ਇਸ ਦੀ ਝਲਕ ਦਿਖਾਈ ਦਿੱਤੀ।
ਦਰਬਾਰ ਸਾਹਿਬ ਨਾਲ ਲੱਗੇ ਇਲਾਕੇ ਦੇ ਇਕ ਚੌਰਾਹੇ ’ਤੇ ਇਕ ਵੱਡੀ ਭਾਰਤੀ ਕੰਪਨੀ ’ਚ ਪੇਸ਼ੇਵਰ ਨੌਜਵਾਨ ਧੀਰਜ ਤੇਜਪਾਲ ਸਮੇਤ ਕੁਝ ਜਾਗਰੂਕ ਨਾਗਰਿਕ ਅਜਿਹੀ ਹੀ ਇਕ ਚਰਚਾ ਦੌਰਾਨ ਕਹਿੰਦੇ ਹਨ ਕਿ ਇਸ ਵਿਚੋਂ ਬਹੁਤ ਸਾਰੇ ਲੋਕ ਕਾਂਗਰਸ ਨੂੰ ਵੋਟ ਦੇਣਾ ਚਾਹੁੰਦੇ ਹਨ ਪਰ ਇਨ੍ਹਾਂ ਦੀ ਆਪਸੀ ਲਡ਼ਾਈ ਦੇਖਣ ਤੋਂ ਬਾਅਦ ਲੱਗ ਰਿਹਾ ਹੈ ਕਿ ਜੇਕਰ ਪੰਜ ਸਾਲ ਇਹ ਆਪਸ ’ਚ ਹੀ ਲਡ਼ਦੇ ਰਹੇ ਤਾਂ ਫਿਰ ਇਨ੍ਹਾਂ ਨੂੰ ਵੋਟ ਦੇਣ ਦਾ ਫ਼ਾਇਦਾ ਕੀ ਹੋਵੇਗਾ। ਕੁਝ ਅਜਿਹੀ ਹੀ ਰਾਇ ਸੀਨੀਅਰ ਸਿਟੀਜ਼ਨ ਪ੍ਰਤਾਪ ਸਿੰਘ ਮੱਖਣ ਜਾਹਿਰ ਕਰਦੇ ਹਨ ਪਰ ਸ਼ਹਿਰ ਦੇ ਚਰਚਿਤ ਰੇਲਵੇ ਫਾਟਕ ਦੇ ਕਰੀਬ ਦਹਾਕਿਆਂ ਤੋਂ ਪਾਨ ਦੀ ਦੁਕਾਨ ਚਲਾਉਣ ਵਾਲੇ ਸ਼ਿਵ ਪ੍ਰਕਾਸ਼ ਕਹਿੰਦੇ ਹਨ ਕਿ ਆਗੂਆਂ ਦੀ ਖਟਪਟ ਤਾਂ ਉਨ੍ਹਾਂ ਨੂੰ ਨਾਗਵਾਰ ਲੱਗ ਰਹੀ ਹੈ ਤੇ ਖਾਨਦਾਨੀ ਕਾਂਗਰਸੀ ਹੋਣ ਦੇ ਨਾਤੇ ਉਹ ਨਹੀਂ ਬਦਲਣਗੇ ਪਰ ਪਾਰਟੀ ਨੂੰ ਇਸਦਾ ਨੁਕਸਾਨ ਹੋ ਰਿਹਾ ਹੈ। ਕਾਂਗਰਸੀ ਆਗੂਆਂ ਦੀ ਆਪਸੀ ਜੰਗ ਦੀ ਹਾਲਤ ਇਹ ਹੈ ਕਿ ਨਵਜੋਤ ਸਿੱਧੂ ਨੂੰ ਵੀ ਅੰਦਰੂਨੀ ਮਾਰ ਪੈਣ ਦਾ ਸ਼ੱਕ ਪੈਣ ਲੱਗਾ ਹੈ ਤੇ ਉਨ੍ਹਾਂ ਨੇ ਇਸ ਨੂੰ ਲੁਕਾਇਆ ਨਹੀਂ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਮਾਝਾ ਇਲਾਕੇ ਦੇ ਜ਼ਿਆਦਾਰ ਪ੍ਰਮੁੱਖ ਕਾਂਗਰਸੀ ਆਗੂਆਂ ਨੇ ਸਿੱਧੂ ਤੋਂ ਦੂਰੀ ਬਣਾ ਲਈ ਹੈ ਤੇ ਉਨ੍ਹਾਂ ਦੇ ਪ੍ਰਚਾਰ ’ਚ ਸਥਾਨਕ ਆਗੂਆਂ ਦੀ ਸਰਗਰਮੀ ਘੱਟ ਹੈ।
ਮਜੀਠੀਆ ਦੇ ਖਿਲਾਫ਼ ਸਿੱਧੂ ਦੇ ਸਖ਼ਤ ਮੁਕਾਬਲੇ ਵਿਚਾਲੇ ਸਥਾਨਕ ਆਗੂਆਂ ਦੀ ਇਸ ਉਦਾਸੀਨਤਾ ਨੂੰ ਦੇਖਦੇ ਹੋਏ ਕਾਂਗਰਸੀ ਹਾਈ ਕਮਾਨ ਨੇ ਪੰਜਾਬ ਚੋਣ ਮੈਨੇਜਮੈਂਟ ਤੇ ਤਾਲਮੇਲ ਕਮੇਟੀ ਦੇ ਪ੍ਰਧਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਅੰਮ੍ਰਿਤਸਰ ’ਚ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਨੂੰ ਸੰਭਾਲਣ ਦਾ ਜ਼ਿੰਮਾ ਸੌਂਪਿਆ ਹੈ। ਬਿੱਟੂ ਨੇ ਸਥਾਨਕ ਕਾਂਗਰਸੀ ਆਗੂਆਂ ਨੂੰ ਸਮਝਾ ਬੁਝਾ ਕੇ ਤੇ ਕਾਰਵਾਈ ਦਾ ਡਰ ਦਿਖਾ ਕੇ ਸਿੱਧੂ ਨਾਲ ਜੋਡ਼ਨ ਦੀ ਪਹਿਲ ਤਾਂ ਕੀਤੀ ਹੈ ਪਰ ਮਾਝਾ ਇਲਾਕੇ ਦੀਆਂ ਹੋਰਨਾਂ ਸੀਟਾਂ ’ਤੇ ਵੀ ਕਾਂਗਰਸ ਦੀ ਆਪਸੀ ਖਿੱਚੋਤਾਣ ਦੇ ਕਈ ਸਿਆਸੀ ਕਿੱਸੇ ਅੰਮ੍ਰਿਤਸਰ ’ਚ ਚੱਲ ਰਹੀਆਂ ਚੋਣ ਚਰਚਾਵਾਂ ’ਚ ਸੁਣਾਈ ਦੇ ਰਹੇ ਹਨ।