ਚੰਡੀਗੜ੍ਹ (ਮੀਡੀਆ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਨੁੰ ਫੜ ਕੇ ਜੇਲ੍ਹਾਂ ਵਿਚ ਡੱਕਣ ਦੀ ਥਾਂ ਹਾਲੇ ਵੀ ਇਹਨਾਂ ਸੰਵੇਦਨਸ਼ੀਲ ਮਾਮਲਿਆਂ ’ਤੇ ਰਾਜਨੀਤੀ ਕਰਨਾ ਚਾਹੁੰਦੀ ਹੈ ਅਤੇ ਇਸੇ ਕਾਰਨ ਇਸਨੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਨਹੀਂ ਦਿੱਤੇ। ਇਥੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਜਦੋਂ ਬੇਅਦਬੀ ਕਰਨ ਵਾਲਿਆਂ ਨੇ ਵੇਖਿਆ ਕਿ ਸਰਕਾਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹਨਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਤੇ ਇਸੇ ਕਾਰਨ ਹੁਣ ਇੰਨੀਆਂ ਜ਼ਿਆਦਾ ਘਟਨਾਵਾਂ ਵਾਪਰ ਰਹੀਆਂ ਹਨ। ਪਰ ਹਾਲੇ ਵੀ ਕਾਂਗਰਸ ਪਾਰਟੀ ਨੇ ਸਬਕ ਨਹੀਂ ਸਿੱਖਿਆ। ਇਸ ਵੱਲੋਂ ਬੇਅਦਬੀ ਦੇ ਤਾਜ਼ਾ ਮਾਮਲਿਆਂ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾ ਕੇ ਸਾਰੀ ਸਾਜ਼ਿਸ਼ ਦੀ ਤਹਿ ਤੱਕ ਜਾਣ ਦੀ ਥਾਂ ’ਤੇ ਇਸਦੀ ਪੁਲਿਸ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਦੇ ਵੀ ਕਾਂਗਰਸ ਪਾਰਟੀ ਵਾਂਗ ਬੇਅਦਬੀ ਵਰਗੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਉਹਨਾਂ ਕਿਹਾ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਹਾਲ ਹੀ ਵਿਚ ਸ੍ਰੀ ਗੁਟਕਾ ਸਾਹਿਬ ਮਿਲਣ ਨਾਲ ਹੋਈ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਕੋਈ ਵੀ ਠੋਸ ਕਦਮ ਚੁੱਕਣ ਤੋਂ ਨਾਂਹ ਕਰ ਕੇ ਆਪਣੀ ਮਨਸ਼ਾ ’ਤੇ ਸਵਾਲੀਆ ਨਿਸ਼ਾਨਾ ਖੜ੍ਹੇ ਕਰ ਲਏ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਦੋਸ਼ੀ ਨੂੰ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਗਿਆ ਸੀ ਪਰ ਕੇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜਾਣ ਬੁੱਝ ਕੇ ਕੀਤੀ ਢਿੱਲ ਕਾਰਨ ਸਰਕਾਰ ਬੇਅਦਬੀ ਦੇ ਨਾਂ ’ਤੇ ਬਗਾਵਤ ਇੰਨੀ ਹੋਗਈ ਕਿ ਸ੍ਰੀ ਹਰਿਮੰਦਿਰ ਸਾਹਿਬ ਵਿਚ ਹੀ ਇਸਦਾ ਯਤਨ ਹੋ ਗਿਆ। ਇਸ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਕਿਹੜੀ ਸੀਟ ਤੋ. ਆਉਂਦੀਆਂ ਚੋਣਾਂ ਲੜਨਗੇ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਜਲਾਲਾਬਾਦ ਹਲਕੇ ਤੋਂ ਚੋਣ ਲੜਨਗੇ। ਉਹਨਾਂ ਕਿਹਾ ਕਿ ਇਕ ਵਾਰ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰਬ ਬਣਨ ’ਤੇ ਅਕਾਲੀ ਦਲ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਪ੍ਰਤੀਨਿਧਤਾ ਲਈ ਰਾਏ ਸਿੱਖ ਭਾਈਚਾਰੇ ਵਿਚੋਂ ਉਮੀਦਵਾਰ ਖੜ੍ਹਾ ਕਰੇਗਾ।
ਸਰਦਾਰ ਬਾਦਲ ਨੇ ਹਲਕੇ ਵਿਚ ਅਨੇਕਾ ਪ੍ਰੋਗਰਾਮ ਕੀਤੇ ਜਿਸ ਦੌਰਾਨ ਉਹਨਾਂ ਵਾਅਦਾ ਕੀਤਾ ਕਿ 2022 ਦੀਆਂ ਚੋਣਾਂ ਵਿਚ ਸਰਹੱਦੀ ਇਲਾਕੇ ਵਿਕਾਸ ਲਈ ਹੋਰ ਹੁਲਾਰਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਸਰਹੱਦੀ ਇਲਾਕਿਆਂ ਵਿਚ ਤੇਜ਼ ਰਫਤਾਰ ਵਿਕਾਸ ਕੀਤਾ ਗਿਆ ਸੀ ਪਰ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਦੇ ਰਾਜਕਾਲ ਦੌਰਾਨ ਵਿਕਾਸ ਕਾਰਜ ਠੱਪ ਹੋ ਗਏ। ਉਹਨਾਂ ਕਿਹਾ ਕਿ ਅਸੀਂ ਸਰਹੱਦੀ ਇਲਾਕੇ ਦਾ ਵਿਕਾਸ ਮੁੜ ਸ਼ੁਰੂ ਕਰਾਂਗੇ ਅਤੇ ਸਾਰੇ ਪਿੰਡਾਂ ਦਾ ਆਧੁਨਿਕੀਕਰਨ ਕਰ ਕੇ ਇਸਨੁੰ ਅਗਲੇ ਦੌਰ ਵਿਚ ਲੈ ਕੇ ਜਾਵਾਂਗੇ ਤੇ ਇੰਡਸਟਰੀ ਲਿਆ ਕੇ ਨੌਜਵਾਨਾਂ ਨੂੰ ਰੋਜ਼ਗਾਰ ਦਿਆਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਅਕਾਲੀ ਦਲ ਸਰਹਦੀ ਪੱਟੀ ਵਿਚ ਜ਼ਮੀਨ ਹੇਠਾਂ ਪਾਈਪਾਂ ਨਾਲ ਪਾਣੀ ਰਾਹੀਂ ਸਿੰਜਾਈ ਪ੍ਰਣਾਲੀ ਤਿਆਰ ਕਰੇਗਾ ਅਤੇ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੁੰ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਫਸਲਾਂ ਦਾ ਨੁਕਸਾਨ ਹੋਣ ਦੀ ਸੂਰਤ ਵਿਚ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਪ੍ਰਤੀ ਏਕੜ 50 ਹਜ਼ਾਰ ਰੁਪਏ ਫਸਲੀ ਬੀਮਾ ਸਕੀਮ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਤੇ ਤਰੱਕੀ ਵਾਸਤੇ ਵਚਨਬੱਧ ਹੈ।
ਉਹਨਾਂ ਕਿਹਾ ਕਿ ਅਸੀਂ ਵਪਾਰੀਆਂ ਨੁੰ 10 ਲੱਖ ਰੁਪਏ ਦਾ ਅਗਜ਼ਨੀ, ਮੈਡੀਕਲ ਤੇ ਜੀਵਨ ਬੀਮਾ ਕਰਵਾ ਕੇ ਦੇਣ ਦਾ ਭਰੋਸਾ ਦਿੱਤਾ ਹੈ। ਇਸੇ ਤਰੀਕੇ ਵਿਦਿਆਰਥੀਆਂ ਨੁੰ ਭਾਰਤ ਅਤੇ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਵਾਸਤੇ ਵਿਆਜ਼ ਮੁਕਤ ਸਟੂਡੈਂਟ ਲੋਨ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫਤ ਤਕਨੀਕੀ ਸਿੱਖਿਆ ਮਿਲੇਗੀ ਅਤੇ ਉਹਨਾਂ ਵਾਸਤੇ ਉਚੇਰੀ ਸਿੱਖਿਆ ਸੰਸਥਾਵਾ ਵਿਚ ਸੀਟਾਂ ਰਾਖਵੀਂਆਂ ਹੋਣਗੀਆਂ। ਇਸੇ ਤਰੀਕੇ ਉਦਮਤਾ ਨੂੰ ਉਤਸ਼ਾਹਿਤ ਕਰਨ ਵਾਸਤੇ ਨੌਜਵਾਨਾਂ ਨੁੰ ਆਪਣੇ ਵਪਾਰ ਸ਼ੁਰੂ ਕਰਨ ਵਾਸਤੇ 5 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ। ਸਰਦਾਰ ਬਾਦਲ ਨੇ ਇਹ ਵੀ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਬੇਹਤਰੀ ਵਾਸਤੇ ਹਰ ਲੋੜੀਂਦਾ ਯਤਨ ਕਰੇਗੀ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਵੱਲੋਂ ਰੱਦ ਕੀਤੇ ਸਾਰੇ ਨੀਲੇ ਕਾਰਡ ਬਹਾਲ ਕਰਾਂਗੇ। ਅਸੀਂ ਬੇਘਰਿਆਂ ਲਈ 5 ਲੱਖ ਪੱਕੇ ਮਕਾਨ ਬਣਾਵਾਂਗੇ। ਇਸ ਦੌਰਾਨ ਝੋਕੇ ਦੀਪੂ ਲਾਣਾ ਪਿੰਡ ਵਿਚ ਫਾਜ਼ਿਲਕਾ ਬਲਾਕ ਸੰਮਤੀ ਚੇਅਰਪਰਸਨ ਬਾਗੋ ਬਾਈ ਤੇ ਉਹਨਾਂ ਦੇ ਪਤੀ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਫਾਜ਼ਿਲਕਾ ਤੋਂ ਉਮੀਦਵਾਰ ਹੰਸ ਰਾਜ ਜੋਸਨ, ਅਬੋਹਰ ਤੋਂ ਉਮੀਦਵਾਰ ਮਹਿੰਦਰ ਸਿੰਘ ਰਿਣਵਾ, ਪਾਰਟੀ ਦੇ ਆਗੂ ਸਤਿੰਦਰਜੀਤ ਸਿੰਘ ਮੰਟਾ ਤੇ ਅਸ਼ੋਕ ਅਨੇਜਾ ਵੀ ਪਾਰਟੀ ਪ੍ਰਧਾਨ ਦੇ ਨਾਲ ਹਲਕੇ ਦੇ ਦੌਰੇ ਵੇਲੇ ਹਾਜ਼ਰ ਸਨ।