ਖੰਨਾ (ਪਰਮਜੀਤ ਸਿੰਘ ਧੀਮਾਨ) – ਆਲ ਇੰਡੀਆ ਕਾਂਗਰਸ ਦੇ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਦਾ ਪਹਿਲੀ ਵਾਰ ਖੰਨਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਬਾਰ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਕਾਂਗਰਸੀ ਆਗੂ ਐਡਵੋਕੇਟ ਮੁਨੀਸ਼ ਖੰਨਾ, ਹਰਦੇਵ ਸਿੰਘ ਰੋਸ਼ਾ, ਜਤਿੰਦਰ ਪਾਠਕ ਅਤੇ ਡਾ.ਰਣਜੀਤ ਖੰਨਾ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਸ੍ਰੀ ਆਵਲਾ ਨੇ ਡਰੱਗ ਰੈਕਟ ਮਾਮਲੇ ’ਚ ਐਸ. ਟੀ. ਐਫ਼. ਦੀ ਬੰਦ ਲਿਫ਼ਾਫਾ ਰਿਪੋਰਟ ਸਬੰਧੀ ਗੱਲ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਨਸ਼ਿਆਂ ਨਾਲ ਪੰਜਾਬ ਦੀ ਨੌਜਵਾਨੀ ਬਰਬਾਦ ਕੀਤੀ ਹੈ, ਉਹ ਹਰ ਹਾਲਤ ਵਿਚ ਜੇਲ੍ਹ ਜਾਣਗੇ।
ਉਨ੍ਹਾਂ ਕਿਹਾ ਕਿ ਕਾਂਗਰਸ ’ਚ ਕੋਈ ਧੜੇਬੰਦੀ ਨਹੀਂ ਹੈ, ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਬਦਲਣ ਦੇ ਮੁੱਦੇ ਤੇ ਹਾਈਕਮਾਂਡ ਨੂੰ ਕਿਹਾ ਸੀ ਕਿ ਜੋ ਵੀ ਫੈਸਲਾ ਹਾਈਕਮਾਂਡ ਨੇ ਕੀਤਾ ਉਹ ਸਵੀਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਧੀਆ ਕੰਮ ਕਰ ਰਹੇ ਹਨ ਅਤੇ ਅਗਲੀ ਲੜਾਈ ਮਿਲ ਕੇ ਲੜੀ ਜਾਵੇਗੀ। ਸਿੱਧੂ ਦੀ ਪਾਰਟੀ ਨੂੰ ਗਾਲ੍ਹ ਕੱਢਣ ਦੀ ਵੀਡੀਓ ਤੇ ਆਵਲਾ ਨੇ ਕਿਹਾ ਕਿ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਅਸਲ ਵਿਚ ਅਜਿਹੀ ਕੋਈ ਗੱਲ ਨਹੀਂ।