2 ਵਿਅਕਤੀ ਗੰਭੀਰ ਜ਼ਖ਼ਮੀ, 7 ਵਿਅਕਤੀਆਂ ‘ਤੇ ਮਾਮਲਾ ਦਰਜ
ਦੋਦਾ, ਮੀਡੀਆ ਬਿਊਰੋ:
ਬੀਤੀ ਦੇਰ ਰਾਤ ਪਿੰਡ ਦੋਦਾ ‘ਚ ਕਾਂਗਰਸੀ ਤੇ ਅਕਾਲੀ ਦਲ ਦੇ ਵਰਕਰਾਂ ‘ਚ ਲੜਾਈ ਹੋਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ‘ਤੇ ਪੁਲਿਸ ਵੱਲੋਂ ਸੱਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ । ਉਥੇ ਹੀ ਦੂਜੇ ਪਾਸੇ ਚੋਣ ਕਮਿਸ਼ਨ ਦੇ ਅਮਲੇ ‘ਚ ਬਤੌਰ ਫੋਟੋਗਰਾਫੀ ਕਰਨ ਵਾਲੇ ਨੌਜਵਾਨ ਦੀ ਕੁੱਟਮਾਰ ਕਰਨ ‘ਤੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ ਸਲਾਹਕਾਰਾਂ ‘ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਗੁਰਬਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦੋਦਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸੁਖਮੰਦਰ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ ਸਮੇਤ ਡੋਰ ਟੂ ਡੋਰ ਕਾਂਗਰਸ ਪਾਰਟੀ ਦਾ ਪ੍ਰਚਾਰ ਕਰ ਰਹੇ ਸਨ ਤਾਂ ਉਥੇ ਤਿੰਨ ਗੱਡੀਆਂ ‘ਚ ਸਵਾਰ ਹੋ ਕੇ ਸ਼ਨੀ ਢਿੱਲੋਂ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਉਪਰੰਤ ਰੌਲਾ ਪੈਣ ‘ਤੇ ਉਥੋਂ ਭੱਜ ਗਏ।
ਇਸ ਤੋਂ ਬਾਅਦ ਇਕੱਤਰ ਹੋਏ ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦੋਦਾ ਵਿਖੇ ਦਾਖ਼ਲ ਕਰਵਾ ਦਿੱਤਾ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਕੋਟਭਾਈ ਦੇ ਐਸ.ਐਚ.ਓ. ਨਵਪ੍ਰੀਤ ਸਿੰਘ ਤੇ ਦੋਦਾ ਪੁਲਿਸ ਚੌਕੀ ਇੰਚਾਰਜ ਹਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੇ ਤੇ ਸ਼ਨੀ ਢਿੱਲੋਂ, ਗੁਲਾਬ ਸਿੰਘ, ਸੁਖਪਾਲ ਸਿੰਘ, ਅਮਨਦੀਪ ਸਿੰਘ , ਜਗਮੋਹਣ ਸਿੰਘ , ਟੇਕ ਸਿੰਘ , ਚਮਕੌਰ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਥੇ ਹੀ ਦੂਜੇ ਪਾਸੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ ਸਲਾਹਕਾਰਾਂ ਵੱਲੋਂ ਚੋਣ ਕਮਿਸ਼ਨ ਦੇ ਅਮਲੇ ‘ ਚ ਬਤੌਰ ਫੋਟੋਗਰਾਫੀ ਕਰਨ ਵਾਲੇ ਨੌਜਵਾਨ ਸੰਦੀਪ ਸਿੰਘ ਦੀ ਘਟਨਾ ਵਾਲੀ ਜਗ੍ਹਾ ਦੀ ਵੀਡੀਓ ਗਰਾਫੀ ਕਰਨ ‘ਤੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਨੂੰ ਸਿਵਲ ਹਸਪਤਾਲ ਗਿਦੜਬਾਹਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਉਕਤ ਪੀੜਤ ਨੌਜਵਾਨ ਸੰਦੀਪ ਸਿੰਘ ਦੇ ਬਿਆਨਾਂ ‘ਤੇ ਪੁਲਿਸ ਨੇ ਰਣਧੀਰ ਸਿੰਘ ਅਤੇ ਰੋਕਸੀ ’ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।