ਸਹਿਕਾਰਤਾ ਮੰਤਰੀ ਰੰਧਾਵਾ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਦੇ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਅਤੇ ਇਨਾਂ ਦਾ ਦਾਇਰਾ ਵਧਾਉਣ ਲਈ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਵੇਲੇ ਬੂਰ ਪਿਆ ਜਦੋਂ ਮਾਰਕਫੈਡ ਤੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਹੋਇਆ ਜਿਸ ਨਾਲ ਮਾਰਕਫੈਡ ਦੇ ਵੱਖ-ਵੱਖ ਉਤਪਾਦ ਹੁਣ ਹਿਮਾਚਲ ਦੇ 5000 ਦੇ ਕਰੀਬ ਜਨਤਕ ਵੰਡ ਪ੍ਰਣਾਲੀ ਦੇ ਡਿਪੂਆਂ ਉਤੇ ਉਪਲੱਬਧ ਹੋਣਗੇ। ਇਹ ਫੈਸਲਾ ਅੱਜ ਸ਼ਿਮਲਾ ਵਿਖੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਸ੍ਰੀ ਪੌਲ ਰਾਸੂ ਤੇ ਡਾਇਰੈਕਟਰ ਸ੍ਰੀ ਲਲਿਤ ਜੈਨ ਨਾਲ ਪੰਜਾਬ ਦੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਮਾਰਕਫੈਡ ਦੇ ਐਮ.ਡੀ. ਸ੍ਰੀ ਵਰੁਣ ਰੂਜ਼ਮ ਤੇ ਤੇਲ ਮਿੱਲ ਖੰਨਾ ਦੇ ਜਨਰਲ ਮੈਨੇਜਰ ਸ੍ਰੀ ਰਵਿੰਦਰ ਸ਼ਰਮਾ ਵੱਲੋਂ ਮਾਰਕਫੈਡ ਤੇ ਸ਼ੂਗਰਫੈਡ ਦੇ ਉਤਪਾਦ ਹਿਮਾਚਲ ਪ੍ਰਦੇਸ਼ ਨੂੰ ਜਨਤਕ ਵੰਡ ਪ੍ਰਣਾਲੀ ਲਈ ਮੁਹੱਈਆ ਕਰਵਾਉਣ ਬਾਰੇ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੁਝ ਸਮਾਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਉਤਪਾਦਾਂ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਇਹ ਐਮ.ਓ.ਯੂ. ਸੰਭਵ ਹੋਇਆ। ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਅੱਜ ਹੋਏ ਸਮਝੌਤੇ ਤਹਿਤ ਮਾਰਕਫੈਡ ਦੇ ਉਚ ਮਿਆਰਾਂ ਦੇ ਖਾਣਯੋਗ ਉਤਪਾਦ ਹੁਣ ਹਿਮਾਚਲ ਵਾਸੀਆਂ ਨੂੰ ਉਨਾਂ ਦੇ ਘਰਾਂ ਵਿੱਚ ਹੀ ਵਾਜਬ ਕੀਮਤਾਂ ਉਤੇ ਮਿਲਣਗੇ। ਇਸ ਦੌਰਾਨ ਸ਼ੂਗਰਫੈਡ ਪੰਜਾਬ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਖੰਡ ਦੀ ਸਪਲਾਈ ਕਰਨ ਬਾਰੇ ਵੀ ਗੱਲਬਾਤ ਹੋਈ।

ਜਿਸ ਦੀਆਂ ਸੰਭਾਵਨਾਵਾਂ ਤਲਾਸ਼ਣ ਬਾਰੇ ਹਿਮਾਚਲ ਪ੍ਰਦੇਸ਼ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਭਵਿੱਖ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸ੍ਰੀ ਵਰੁਣ ਰੂਜ਼ਮ ਨੇ ਕਿਹਾ ਕਿ ਅੱਜ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫੈਡ ਵੱਲੋਂ ਆਪਣਾ ਦਾਇਰਾ ਵਧਾਉਣ ਦੀਆਂ ਕੋਸ਼ਿਸ਼ਾਂ ਹੋਰ ਬਲ ਮਿਲਿਆ ਹੈ ਅਤੇ ਹੁਣ ਹਿਮਾਚਲ ਵਾਸੀ ਵੀ ਮਾਰਕਫੈਡ ਦੇ ਉਚ ਮਿਆਰੀ ਤੇ ਸਵਾਦਲੇ ਉਤਪਾਦ ਵਾਜਬ ਕੀਮਤਾਂ ਉਤੇ ਆਪਣੇ ਹੀ ਘਰਾਂ ਕੋਲੋਂ ਲੈ ਸਕਣਗੇ। ਉਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਵੱਲੋਂ ਸ਼ਹਿਦ ਦੀ ਸ਼ੁੱਧਤਾ ਦੇ ਪ੍ਰੀਖਣ ਵਿੱਚ 13 ਬਰਾਂਡਾਂ ਵਿੱਚੋਂ ਸਿਰਫ ਤਿੰਨ ਬਰਾਂਡ ਪਾਸ ਹੋਏ ਸਨ ਜਿਨਾਂ ਵਿੱਚੋਂ ਮਾਰਕਫੈਡ ਦੇ ਬਰਾਂਡ ਸੋਹਣਾ ਦਾ ਸ਼ਹਿਦ ਇਕ ਸੀ।

Share This :

Leave a Reply