ਸੀਐਮ ਕੇਜਰੀਵਾਲ ਨੇ ਕਿਹਾ- ਇੱਕ ਦੂਜੇ ਤੋਂ ਸਿੱਖਣਾ ਬਹੁਤ ਜ਼ਰੂਰੀ ਹੈ, ਪੰਜਾਬ ਵਿੱਚ ਵੀ ਚੰਗੀਆਂ ਗੱਲਾਂ ਹੋ ਰਹੀਆਂ ਹਨ

ਨਵੀਂ ਦਿੱਲੀ, ਮੀਡੀਆ ਬਿਊਰੋ:

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਡਿਜੀਟਲ ਮੋਡ ’ਤੇ ਆਯੋਜਿਤ ਇਸ ਪ੍ਰੈੱਸ ਕਾਨਫਰੰਸ ’ਚ ਦੋਵਾਂ ਨੇਤਾਵਾਂ ਨੇ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਪਸ ’ਚ ਸਿੱਖਣਾ ਬਹੁਤ ਜ਼ਰੂਰੀ ਹੈ। ਪੰਜਾਬ ਵਿਚ ਵੀ ਵਧੀਆ ਕੰਮ ਹੋ ਰਹੇ ਹਨ। ਚੰਗੇ ਕੰਮਾਂ ਨੂੰ ਸਿੱਖਣ ਨਾਲ ਫ਼ਾਇਦਾ ਮਿਲਦਾ ਹੈ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਨਾਲ ਨਾਲੇਜ ਸ਼ੇਅਰ ਕੀਤੀ ਹੈ। ਇੱਥੇ ਕੋਈ ਵੀ ਆਵੇ, ਅਸੀਂ ਸਾਰਿਆਂ ਨਾਲ ਸ਼ੇਅਰ ਕਰਾਂਗੇ। ਉਨ੍ਹਾਂ ਹੋਰ ਕਿਹਾ ਕਿ ਅਸੀਂ ਪਾਰਟੀਆਂ ਤੇ ਸੂਬਿਆਂ ’ਚ ਕਿਉਂ ਵੰਡੇ ਹੋਏ ਹਾਂ, ਅਸੀਂ ਇਕ ਦੇਸ਼ ਵਾਂਗ ਕਿਉਂ ਨਹੀਂ ਕੰਮ ਕਰ ਸਕਦੇ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਹਿਣਾ ਗਲਤ ਹੋਵੇਗਾ ਕਿ ਸਿਰਫ਼ ਸਾਡੀ ਸਰਕਾਰ ਹੀ ਚੰਗੇ ਕੰਮ ਕਰ ਰਹੀ ਹੈ, ਹੋਰ ਸਰਕਾਰਾਂ ਨੇ ਵੀ ਅਜਿਹਾ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਪੰਜਾਬ ਬਣਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖੇਤੀ ’ਚ ਵੀ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਹੈ ਕਿ ਪੰਜਾਬ ’ਚ ਵੀ ਦਿੱਲੀ ਮਾਡਲ ਲਾਗੂ ਹੋਵੇਗਾ। ਉਨ੍ਹਾਂ ਦਾ ਇਸ਼ਾਰਾ ਦਿੱਲੀ ਦੇ ਸਕੂਲੀ ਸਿੱਖਿਆ ਮਾਡਲ ਅਤੇ ਮੁਹੱਲਾ ਕਲੀਨਿਕਾਂ ਨੂੰ ਪੰਜਾਬ ਵਿਚ ਲਾਗੂ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ ਬੁੱਧਵਾਰ ਤੋਂ ਹੀ 117 ਸਕੂਲਾਂ ਅਤੇ 117 ਮੁਹੱਲਾ ਕਲੀਨਿਕਾਂ ਦਾ ਕੰਮ ਸ਼ੁਰੂ ਹੋ ਜਾਵੇਗਾ। ਹਰ ਵਿਧਾਨ ਸਭਾ ਵਿਚ ਵੀ ਇਕ ਸਕੂਲ ’ਤੇ ਕੰਮ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਕੀਤੇ ਜਾ ਰਹੇ ਕੰਮਾਂ ਨੂੰ ਦੇਖਿਆ। ਮਾਨ ਇਸ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਕਿਹਾ ਕਿ ਉਹ ਦਿੱਲੀ ਮਾਡਲ ਨੂੰ ਪੰਜਾਬ ’ਚ ਲਾਗੂ ਕਰਨਗੇ। ਦਿੱਲੀ ਵਾਂਗ ਪੰਜਾਬ ’ਚ ਵੀ ਮੁਹੱਲਾ ਕਲੀਨਿਕ, ਹਸਪਤਾਲ ਤੇ ਸਕੂਲ ਬਣਾਏ ਜਾਣਗੇ। ਦਿੱਲੀ ਸਰਕਾਰ ਵਾਂਗ ਅਸੀਂ ਪੰਜਾਬ ਦੇ ਅਧਿਆਪਕਾਂ ਅਤੇ ਪਿ੍ਰੰਸੀਪਲਾਂ ਨੂੰ ਸਿਖਲਾਈ ਦੇਵਾਂਗੇ ਅਤੇ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਉਨ੍ਹਾਂ ਤੋਂ ਵਿਚਾਰ ਲਵਾਂਗੇ। ਦਿੱਲੀ ਦੇ ਸਰਕਾਰੀ ਸਕੂਲ, ਮੁਹੱਲਾ ਕਲੀਨਿਕ ਅਤੇ ਸਰਕਾਰੀ ਹਸਪਤਾਲ ਦੇ ਦੌਰੇ ਦੌਰਾਨ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ, ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਨਾਲ ਸਨ।

ਦੋ ਦਿਨਾਂ ਦੌਰੇ ’ਤੇ ਦਿੱਲੀ ਆਏ ਭਗਵੰਤ ਮਾਨ ਨੇ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤੇਂਦਰ ਜੈਨ ਅਤੇ ਪੰਜਾਬ ਦੇ ਮੰਤਰੀਆਂ ਤੇ ਅਧਿਕਾਰੀਆਂ ਨਾਲ ਦਿੱਲੀ ਦੇ ਸਕੂਲਾਂ, ਕਲੀਨਿਕਾਂ ਅਤੇ ਹਸਪਤਾਲਾਂ ਦਾ ਦੌਰਾ ਕੀਤਾ। ਪਹਿਲੇ ਦਿਨ ਦਾ ਦੌਰਾ ਪੂਰਾ ਕਰਨ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਸਰਕਾਰ ਦੇ ਸਕੂਲ ਨੂੰ ਦੇਖਿਆ। ਇਹ ਸਿੱਖਿਆ ਦਾ ਅਗਲਾ ਪੱਧਰ ਹੈ। ਵੱਡੇ-ਵੱਡੇ ਸਕੂਲ ਜੋ ਸੋਚ ਵੀ ਨਹੀਂ ਸਕਦੇ, ਉਹ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਲਾਗੂ ਕਰ ਦਿੱਤਾ ਗਿਆ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਹੂਲਤਾਂ ਮਿਲ ਰਹੀਆਂ ਹਨ। ਬਹੁਤ ਜਲਦ ਪੰਜਾਬ ਅੰਦਰ ਵੀ ਸਮਾਰਟ ਸਕੂਲ ਦੇਖਣ ਨੂੰ ਮਿਲਣਗੇ। ਮਾਨ ਨੇ ਕਿਹਾ ਕਿ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਪੂਰੀ ਦੁਨੀਆ ਪ੍ਰਸ਼ੰਸਾ ਕਰਦੀ ਹੈ। ਉਨ੍ਹਾਂ ਪੰਜਾਬ ’ਚ ਵੀ ਅਜਿਹੇ ਹਸਪਤਾਲ ਅਤੇ ਕਲੀਨਿਕ ਬਣਾਉਣ ਦੀ ਇੱਛਾ ਪ੍ਰਗਟਾਈ। ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਦੌਰੇ ਦੌਰਾਨ ਕੇਜਰੀਵਾਲ ਨੇ ਮਾਨ ਨੂੰ ਕਿਹਾ ਕਿ ਦਿੱਲੀ ਦੇ ਸਰਕਾਰੀ ਹਸਪਤਾਲ ਨਿੱਜੀ ਹਸਪਤਾਲਾਂ ਵਾਂਗ ਹੀ ਆਧੁਨਿਕ ਹਨ। ਚਿਰਾਗ ਇਨਕਲੇਵ ਦੇ ਇਕ ਸਰਕਾਰੀ ਸਕੂਲ ’ਚ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਨੇ ਮਾਨ ਨੂੰ ਦੱਸਿਆ ਕਿ ਦਿੱਲੀ ਵਿਚ ਸੱਤਾ ਵਿੱਚ ਆਉਣ ਤੋਂ ਬਾਅਦ ‘ਆਪ’ ਨੇ ਸਕੂਲ ਪਿ੍ਰੰਸੀਪਲਾਂ ਦੀ ਮੀਟਿੰਗ ਬੁਲਾਈ ਤੇ ਸ਼ਹਿਰ ਵਿੱਚ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਤੋਂ ਸੁਝਾਅ ਮੰਗੇ ਸਨ। ਕੇਜਰੀਵਾਲ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਗਿਆ ਹੈ ਅਤੇ ਅਧਿਆਪਕਾਂ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿਚ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਦੇ ਆਮ ਆਦਮੀ ਮੁਹੱਲਾ ਕਲੀਨਿਕ ’ਚ ਆਉਣ ਵਾਲੇ 95 ਫੀਸਦੀ ਮਰੀਜ਼ ਉੱਥੇ ਦਿੱਤੀਆਂ ਜਾਂਦੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ। ਕੇਜਰੀਵਾਲ ਨੇ ਮਾਨ ਨੂੰ ਦੱਸਿਆ ਕਿ ਅਸੀਂ ਦਿੱਲੀ ਦੇ ਸਭ ਤੋਂ ਸੰਵੇਦਨਸ਼ੀਲ ਖੇਤਰ ਗ੍ਰੇਟਰ ਕੈਲਾਸ਼ ਵਿੱਚ ਦੋ ਮੁਹੱਲਾ ਕਲੀਨਿਕ ਖੋਲ੍ਹੇ ਹਨ ਅਤੇ ਵੱਡੀ ਗਿਣਤੀ ’ਚ ਮਰੀਜ਼ ਵੀ ਇਨ੍ਹਾਂ ਕੇਂਦਰਾਂ ਵਿਚ ਆਉਂਦੇ ਹਨ।

Share This :

Leave a Reply