ਚੰਡੀਗੜ੍ਹ (ਮੀਡੀਆ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਲੀਡਰਸ਼ਿਪ ‘ਤੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸਿਰਫ ਸਿਆਸੀ ਲਾਹੇ ਲਈ ਸੂਬੇ ਦੇ ਹਿੱਤਾਂ ਨੂੰ ਅੰਦਰਖਾਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ। ਅੱਜ ਇੱਥੇ ਇੱਕ ਨਿੱਜੀ ਚੈਨਲ ਵੱਲੋਂ ਕਰਵਾਈ ਮੀਡੀਆ ਚਰਚਾ ‘ਮੰਚ ਪੰਜਾਬ’ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਤਿੰਨੋਂ ਹੀ ਅਤੀਤ ਅਤੇ ਵਰਤਮਾਨ ਵਿੱਚ ਸੂਬੇ ਦੇ ਹਿਤਾਂ ਨੂੰ ਠੇਸ ਪਹੁੰਚਾਉਣ ਲਈ ਘਿਓ-ਖਿਚੜੀ ਸਨ ਅਤੇ ਭਵਿੱਖ ਵਿੱਚ ਵੀ ਆਪਣੇ ਇਸ ਸਿਆਸਤ ਤੋਂ ਪ੍ਰੇਰਿਤ ਏਜੰਡੇ ਨੂੰ ਜਾਰੀ ਰੱਖਣਗੇ। ਉਨਾਂ ਕਿਹਾ ਕਿ ਹਾਲਾਂਕਿ ਇਸ ਵਾਰ ਲੋਕਾਂ ਦੇ ਹਾਂ ਪੱਖੀ ਰਵੱਈਏ, ਜੋ ਕਿ ਕਾਂਗਰਸ ਤੋਂ ਇਲਾਵਾ ਕਿਸੇ ਦੇ ਹੱਕ ਵਿੱਚ ਫੈਸਲਾਕੁੰਨ ਨਹੀਂ, ਕਾਰਨ ਕਾਂਗਰਸੀ ਵਰਕਰਾਂ ਵਿੱਚ ਪੈਦਾ ਹੋਏ ਉਤਸ਼ਾਹ ਨੂੰ ਕੋਈ ਵੀ ਘੱਟ ਨਹੀਂ ਕਰ ਸਕਦਾ।
ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਮੂਡ ਵਿੱਚ ਵੱਡੀ ਤਬਦੀਲੀ ਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਸਅਿਾਂ ਦੇ ਮੁੱਦੇ ‘ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਾਮਲੇ ਸਹੀ ਲੀਹ ‘ਤੇ ਚੱਲ ਰਹੇ ਹਨ ਅਤੇ ਜਲਦੀ ਹੀ ਲੋਕਾਂ ਦੀ ਤਸੱਲੀ ਅਨੁਸਾਰ ਇਨਸਾਫ ਹੋਵੇਗਾ। ਉਨਾਂ ਕਿਹਾ ਕਿ ਭਾਵੇਂ ਇਨਾਂ ਦੋਵਾਂ ਮੁੱਦਿਆਂ ਦੇ ਨਤੀਜੇ ਆਉਣ ਵਿਚ ਦੇਰੀ ਹੋਈ ਹੈ ਕਿਉਂਕਿ ਇਹ ਬੁਰੀ ਤਰਾਂ ਉਲਝਾਏ ਗਏ ਸਨ ਪਰ ਸਰਕਾਰ ਇੰਨਾਂ ਦੇ ਤਰਕਪੂਰਨ ਅੰਤ ਵੱਲ ਵਧ ਰਹੀ ਹੈ। ਵਿਰੋਧੀ ਧਿਰ ਖਾਸ ਤੌਰ ‘ਤੇ ‘ਆਪ‘ ਵੱਲੋਂ ਕੀਤੇ ਜਾ ਰਹੇ ਪ੍ਰਚਾਰ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਇਸ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਉਨਾਂ ਦੇ ਸਾਥੀ ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਬਿਨਾਂ ਕਿਸੇ ਤੁਕ ਜਾਂ ਕਾਰਨ ਦੇ ਲਗਾਤਾਰ ਉਨਾਂ ਦੀ ਸਰਕਾਰ ਵਿਰੁੱਧ ਭੜਾਸ ਕੱਢ ਰਹੇ ਹਨ।
ਉਨਾਂ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਹ ਇਸ ਤੱਥ ਨੂੰ ਭਲੀਭਾਂਤੀ ਜਾਣਦੇ ਹਨ ਕਿ ਉਹ ਇਸ ਸੂਬੇ ਵਿੱਚ ਕਦੇ ਵੀ ਸੱਤਾ ਵਿੱਚ ਨਹੀਂ ਆਉਣਗੇ ਇਸ ਲਈ ਵੱਡੇ-ਵੱਡੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਕੋਝੀਆਂ ਚਾਲਾਂ ਨਾਲ ਮੂਰਖ ਬਣਾਉਣ ਦੀ ਬਜਾਏ ਉਹ ਦਿੱਲੀ ਵਿੱਚ ਆਪਣੀ ਸਰਕਾਰ ‘ਤੇ ਜਿਆਦਾ ਧਿਆਨ ਦੇਣ। ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਸ. ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਸੂਬੇ ਦੀ ਵਾਗਡੋਰ ਸੰਭਾਲਣ ‘ਤੇ ਪਹਿਲਾਂ ਤਾਂ ਅਕਾਲੀ ਦਲ, ਭਾਜਪਾ ਅਤੇ ‘ਆਪ‘ ਦੇ ਆਗੂ ਉਨਾਂ ਦਾ ਮਜਾਕ ਉਡਾਉਂਦਿਆਂ ਕਹਿੰਦੇ ਸੀ ‘ਇਸ ਨੇ ਕੀ ਕਰਨਾ!’ ਅਤੇ ਹੁਣ ਜਮੀਨੀ ਪੱਧਰ ‘ਤੇ ਉਨਾਂ ਦਾ ਪ੍ਰਦਰਸ਼ਨ ਦੇਖਣ ਉਪਰੰਤ ਇਹ ਕਹਿਣ ਲਈ ਮਜਬੂਰ ਹਨ ਕਿ ‘ਇਸ ਦਾ ਕਰੀਏ ਕੀ?’। ਕੈਪਟਨ ਅਮਰਿੰਦਰ ਸਿੰਘ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਬਾਰੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਕੁਝ ਨਹੀਂ ਦੇ ਸਕਿਆ ਅਤੇ ਆਪਣੇ ਆਪ ਨੂੰ ਆਪਣੇ ਫਾਰਮਹਾਊਸ ਵਿੱਚ ਕੈਦ ਕਰ ਲਿਆ, ਹੁਣ ਕੋਈ ਵੀ ਉਸ ਦੀ ਨਵੀਂ ਪਾਰਟੀ ‘ਤੇ ਕਿਵੇਂ ਭਰੋਸਾ ਕਰ ਸਕਦਾ ਹੈ ਜੋ ਆਪਣੀ ਢਿੱਲੀ ਕਾਰਗੁਜ਼ਾਰੀ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਰਹਿਣ ਕਾਰਨ ਆਪਣੀ ਭਰੋਸੇਯੋਗਤਾ ਗਵਾ ਚੁੱਕਾ ਹੈ।
ਕੈਪਟਨ ਅਮਰਿੰਦਰ ਅਤੇ ਬਾਦਲ ਦੋਸਤਾਨਾ ਮੈਚ ਖੇਡ ਰਹੇ ਅਤੇ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਸੱਤਾ ਦੀ ਵਰਤੋਂ ਇਕ-ਦੂਜੇ ਦੀ ਸਹੂਲਤ ਲਈ ਕਰਦੇ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ, “ਇਹ ਅਖੌਤੀ ਦੁਸ਼ਮਣ ਦੋਸਤ ਬਣੇ ਹੋਏ ਹਨ, ਇਸ ਵਾਰ ਵੀ ਇੱਕ ਦੂਜੇ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੀਟਾਂ ਦੀ ਵਿਵਸਥਾ ਵਿੱਚ ਰੁੱਝੇ ਹੋਏ ਹਨ।“ ਬੀਐਸਐਫ ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਅੱਗੇ ਵਧਾਉਣ ਦੇ ਮੁੱਦੇ ‘ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਗੈਰ-ਜਿੰਮੇਵਾਰਾਨਾ ਫੈਸਲੇ ਨੂੰ ਸੂਬੇ ਦੇ ਲੋਕਾਂ ‘ਤੇ ਥੋਪਣ ਲਈ ਅੱਤਵਾਦ ਦਾ ਝੂਠਾ ਸਹਾਰਾ ਲੈਣ ਦੀ ਕੋਸ਼ਿਸ ਕਰ ਰਹੀ ਹੈ, ਜੋ ਪੰਜਾਬੀਆਂ ਦੇ ਹਿਤ ਵਿੱਚ ਨਹੀਂ ਅਤੇ ਉਹ ਇਸ ਨੂੰ ਕਾਲੇ ਖੇਤੀ ਕਾਨੂੰਨਾਂ ਵਾਂਗ ਕਦੇ ਵੀ ਸਵੀਕਾਰ ਨਹੀਂ ਕਰਨਗੇ, ਜਿਸ ਨੂੰ ਕਿਸਾਨ ਜਥੇਬੰਦੀਆਂ ਦੇ ਭਾਰੀ ਵਿਰੋਧ ਕਾਰਨ ਕੇਂਦਰ ਸਰਕਾਰ ਨੂੰ ਪਿੱਛੇ ਜਿਹੇ ਰੱਦ ਕਰਨ ਲਈ ਮਜਬੂਰ ਹੋਣਾ ਪਿਆ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਸਾਡੀ ਪੁਲਿਸ ਫੋਰਸ ਅਮਨ-ਕਾਨੂੰਨ ਦੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਲਈ ਕਾਫੀ ਸਮਰੱਥ ਹੈ ਅਤੇ ਇਹ ਦਹਾਕੇ ਤੋਂ ਚੱਲੇ ਆ ਰਹੇ ਖਾੜਕੂਵਾਦ ਨੂੰ ਖਤਮ ਕਰ ਸੂਬੇ ਵਿਚ ਆਮ ਸਥਿਤੀ ਅਤੇ ਸ਼ਾਂਤੀ ਬਹਾਲ ਕਰਕੇ ਪੇਸੇਵਰ ਤੌਰ ‘ਤੇ ਆਪਣੀ ਬੇਅੰਤ ਸਮਰੱਥਾ ਅਤੇ ਕਾਬਲੀਅਤ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕੰਮਕਾਜ ‘ਤੇ ਟਿੱਪਣੀ ਕਰਨ ਲਈ ਕਹੇ ਜਾਣ ‘ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਸਰਕਾਰ ਦੀ ਅਗਵਾਈ ਕਰ ਰਹੇ ਹਨ ਜਦੋਂ ਕਿ ਸਿੱਧੂ ਪਾਰਟੀ ਪ੍ਰਧਾਨ ਹਨ ਅਤੇ ਦੋਵਾਂ ਸੰਗਠਨਾਂ ਵਿਚ ਪੂਰੀ ਤਰਾਂ ਇਕਸੁਰਤਾ ਹੈ। ਉਨਾਂ ਕਿਹਾ ਕਿ ਅੱਜ ਇਸ ਸਮਾਗਮ ਤੋਂ ਤੁਰੰਤ ਬਾਅਦ ਉਹ ਨਵਜੋਤ ਸਿੱਧੂ ਦੀ ਬੇਨਤੀ ‘ਤੇ ਉਨਾਂ ਦੇ ਹਲਕੇ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਅੰਮਿ੍ਰਤਸਰ ਜਾ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਬਿਨਾ ਕਿਸੇ ਝਿਜਕ ਦੇ ਕਿਹਾ ਕਿ ਉਹ ਹਮੇਸਾਂ ਆਪਣੀ ਆਲੋਚਨਾ ਨੂੰ ਹਾਂ-ਪੱਖੀ ਢੰਗ ਨਾਲ ਹੀ ਲੈਂਦੇ ਹਨ, ਚਾਹੇ ਇਹ ਪਾਰਟੀ ਦੇ ਅੰਦਰੋਂ ਹੋ ਰਹੀ ਹੋਵੇ ਜਾਂ ਬਾਹਰੋਂ। ਉਨਾਂ ਕਿਹਾ ਕਿ ਕੰਮਕਾਜ ਦੇ ਜਮਹੂਰੀ ਢਾਂਚੇ ਵਿੱਚ ਵਿਚਾਰਾਂ ਦਾ ਮਤਭੇਦ ਅਕਸਰ ਹੁੰਦਾ ਹੈ ਅਤੇ ਹਰੇਕ ਨੂੰ ਬਿਨਾਂ ਕਿਸੇ ਪੱਖਪਾਤ ਅਤੇ ਗਲਤ ਭਾਵਨਾ ਦੇ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ।