ਪੁੱਛਗਿੱਛ ‘ਚ CM ਚੰਨੀ ਦੇ ਭਾਣਜੇ ਨੇ ਕੀਤੇ ਵੱਡੇ ਖੁਲਾਸੇ, ਅੱਜ ਖ਼ਤਮ ਹੋਵੇਗਾ ਰਿਮਾਂਡ, ED ਹਨੀ ਨੂੰ ਅਦਾਲਤ ’ਚ ਕਰੇਗੀ ਪੇਸ਼

ਜਲੰਧਰ, ਮੀਡੀਆ ਬਿਊਰੋ:

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਈਡੀ ਦੀ ਪੁੱਛਗਿੱਛ ’ਚ ਉਨ੍ਹਾਂ ਦੇ ਰਿਸ਼ਤੇਦਾਰ (ਸਾਲੀ ਦੇ ਪੁੱਤਰ) ਭੁਪਿੰਦਰ ਸਿੰਘ ਹਨੀ ਨੇ ਮੰਨ ਲਿਆ ਹੈ ਕਿ ਉਸ ਕੋਲੋਂ ਤੇ ਉਸ ਦੇ ਸਹਿਯੋਗੀਆਂ ਕੋਲੋਂ ਮਿਲੀ 10 ਕਰੋਡ਼ ਰੁਪਏ ਦੀ ਰਾਸ਼ੀ ਉਸ ਨੇ ਨਾਜਾਇਜ਼ ਰੇਤ ਮਾਈਨਿੰਗ ਦੇ ਨਾਲ ਹੀ ਅਧਿਕਾਰੀਆਂ ਦੇ ਤਬਾਦਲਿਆਂ ਤੇ ਨਿਯੁਕਤੀਆਂ ਕਰਵਾ ਕੇ ਇਕੱਠੀ ਕੀਤੀ ਹੈ। ਮੰਗਲਵਾਰ ਨੂੰ ਹਨੀ ਦਾ ਚਾਰ ਦਿਨ ਦਾ ਰਿਮਾਂਡ ਖ਼ਤਮ ਹੋਣ ਪਿੱਛੋਂ ਈਡੀ ਉਸ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕਰੇਗੀ।

ਈਡੀ ਵੱਲੋਂ ਜਾਰੀ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਤਫ਼ਤੀਸ਼ ਦੌਰਾਨ ਕੁਦਰਤਦੀਪ ਤੇ ਸੰਦੀਪ ਨੇ ਹੋਈ ਪੁੱਛਗਿੱਛ ’ਚ ਉਨ੍ਹਾਂ ਕਿਹਾ ਕਿ ਜ਼ਬਤ ਕੀਤੀ ਗਈ 10 ਕਰੋਡ਼ ਰੁਪਏ ਦੀ ਰਕਮ ਭੁਪਿੰਦਰ ਸਿੰਘ ਹਨੀ ਨਾਲ ਹੀ ਸਬੰਧਿਤ ਹੈ। ਇਸ ਤੋਂ ਬਾਅਦ ਈਡ ਨੇ ਹਨੀ ਤੋਂ ਵੀ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਇਹ ਰਕਮ ਨਾਜਾਇਜ਼ ਮਾਈਨਿੰਗ ਨਾਲ ਸਬੰਧਿਤ ਹੈ ਪਰ ਬਾਅਦ ’ਚ ਜਾਂਚ ’ਚ ਸਹਿਯੋਗ ਨਹੀਂ ਕੀਤਾ। ਇਸ ਤੋਂ ਬਾਅਦ ਈਡੀ ਨੇ ਹਨੀ ਨੂੰ ਤਿੰਨ ਫਰਵਰੀ ਨੂੰ ਜਾਂਚ ਲਈ ਸੱਦਿਆ ਸੀ। ਨਾਲ ਹੀ ਕਿਹਾ ਸੀ ਕਿ ਉਹ 10 ਕਰੋਡ਼ ਰੁਪਏ ਨਾਲ ਸਬੰਧਿਤ ਦਸਤਾਵੇਜ਼ ਨਾਲ ਲੈ ਕੇ ਆਵੇ। ਭੁਪਿੰਦਰ ਸਿੰਘ ਉਹ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਜਿਸ ਪਿੱਛੋਂ ਈਡੀ ਨੇ ਜਲੰਧਰ ’ਚ ਪੁੱਛਗਿੱਛ ਦੌਰਾਨ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਚਾਰ ਫਰਵਰੀ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਚਾਰ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਮੰਗਲਵਾਰ ਨੂੰ ਹਨੀ ਨੂੰ ਈਡੀ ਦੀ ਟੀਮ ਅਦਾਲਤ ’ਚ ਪੇਸ਼ ਕਰਕੇ ਅਗਲੀ ਕਾਰਵਾਈ ਲਈ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕਰੇਗੀ।

ਜ਼ਿਕਰਯੋਗ ਹੈ ਕਿ 18 ਜਨਵਰੀ ਨੂੰ ਈਡੀ ਦੀ ਟੀਮ ਨੇ ਹਨੀ, ਉਸ ਦੇ ਦੋਸਤ ਤੇ ਭਾਈਵਾਲ ਕੁਦਰਤਦੀਪ ਸਿੰਘ ਤੇ ਸੰਦੀਪ ਕੁਮਾਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ 10 ਕਰੋਡ਼ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ।

Share This :

Leave a Reply