ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਚੇਅਰਮੈਨ, ਰੇਲਵੇ ਬੋਰਡ, ਭਾਰਤ ਸਰਕਾਰ, ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਖਿਲਾਫ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਵੱਲੋਂ ਦਰਜ ਕੀਤੇ ਗਏ ਮਾਮਲੇ ਵਾਪਸ ਲੈ ਲਏ ਜਾਣ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਚੇਅਰਮੈਨ, ਰੇਲਵੇ ਬੋਰਡ ਨੂੰ ਇਸ ਸਾਰੇ ਮਾਮਲੇ ‘ਤੇ ਹਮਦਰਦੀ ਨਾਲ ਵਿਚਾਰ ਕਰਨ ਅਤੇ ਵੱਖੋ -ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਖਿਲਾਫ ਦਰਜ਼ ਮਾਮਲੇ ਵਾਪਸ ਲੈਣ ਲਈ ਅਰਜੋਈ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੁਆਰਾ ਲਾਗੂ ਖੇਤੀਬਾੜੀ ਕਾਨੂੰਨਾਂ ਵਿਰੁੱਧ ਜਾਰੀ ਅੰਦੋਲਨ ਦੌਰਾਨ ਵੱਖੋ -ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਪੰਜਾਬ ਵਿਖੇ 2020 ਅਤੇ 2021 ਦੌਰਾਨ ਰੇਲਵੇ ਟ੍ਰੈਕਾਂ ‘ਤੇ ਧਰਨੇ ਦਿੱਤੇ ਸਨ। ਇਸੇ ਦੇ ਨਤੀਜੇ ਵਜੋਂ ਆਰ ਪੀ ਐੱਫ ਵੱਲੋਂ ਉਨ੍ਹਾਂ ਖਿਲਾਫ 30 ਕੇਸ ਦਰਜ ਕੀਤੇ ਗਏ ਸਨ।
2021-10-02