ਬੋਲੇ- ਕੇਜਰੀਵਾਲ ਝੂਠਾ
ਰੂਪਨਗਰ, ਮੀਡੀਆ ਬਿਊਰੋ: ਮੁੱਖ ਮੰਤਰੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ਹਲਕੇ ’ਚ ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਤੋਂ ਬਾਅਦ ਸੀਐੱਮ ਚੰਨੀ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠੇ ਹਨ। ਐਤਵਾਰ ਸਵੇਰੇ ਕੀਤੇ ਦੋ ਟਵੀਟਾਂ ‘ਚ ਚੰਨੀ ਨੇ ਕਿਹਾ ਕਿ ਮੇਰੇ ਖਿਲਾਫ਼ ਕਈ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਵੀ ਸੱਚ ਨਹੀਂ ਸੀ। ਉਨ੍ਹਾਂ ਰਾਜਪਾਲ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਜਾਂਚ ਦੇ ਹੁਕਮ ਦਿੱਤੇ, ਪਰ ਸਚਾਈ ਦੀ ਜਿੱਤ ਹੋਈ।
ਗਵਰਨਰ ਬਨਵਾਰੀ ਲਾਲ ਪੁਰੋਹਿਤ ਕੋਲ ਆਮ ਆਦਮੀ ਪਾਰਟੀ (AAP) ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ 24 ਜਨਵਰੀ ਨੂੰ ਮੰਗ ਪੱਤਰ ਦੇ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਹਲਕੇ ਦੇ ਪਿੰਡ ਜ਼ਿੰਦਾਪੁਰ ’ਚ ਹੋ ਰਹੀ ਕਥਿਤ ਨਾਜਾਇਜ਼ ਮਾਈਨਿੰਗ ਦਾ ਮਾਮਲਾ ਚੁੱਕਿਆ ਸੀ ਤੇ ਜਾਂਚ ਦੀ ਮੰਗ ਕੀਤੀ ਸੀ। ਰਾਜਪਾਲ ਨੇ DGP ਨੂੰ ਇਸ ਮਾਮਲੇ ’ਚ ਜਾਂਚ ਲਈ ਨਿਰਦੇਸ਼ ਜਾਰੀ ਕੀਤੇ ਸਨ। ਏਡੀਜੀਪੀ ਕਮ ਇਨਫੋਰਸਮੈਂਟ ਡਾਇਰੈਕਟਰ ਮਾਈਨਿੰਗ ਪੰਜਾਬ ਨੂੰ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਸੌਂਪੀ ਰਿਪੋਰਟ ’ਚ ਕਿਹਾ ਹੈ ਕਿ ਜ਼ਿੰਦਾਪੁਰ ਪਿੰਡ ’ਚ ਨਾਜਾਇਜ਼ ਮਾਈਨਿੰਗ ਨਹੀਂ ਹੋਈ ਤੇ ਨਾ ਹੀ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਦੀ ਭੂਮਿਕਾ ਸਬੰਧੀ ਕੋਈ ਸ਼ਿਕਾਇਤ ਜਾਂ ਰਿਪੋਰਟ ਹਾਸਲ ਹੋਈ ਹੈ।
ਪ੍ਰਸ਼ਾਸਨ ਨੇ ਜੰਗਲਾਤ ਦੀ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ, ਫਾਰੈਸਟ ਅਧਿਕਾਰੀ ਦੇ ਤਬਾਦਲੇ ਤੇ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਦੀ ਭੂਮਿਕਾ ਦੀ ਜਾਂਚ ਕੀਤੀ ਹੈ। ਮੁੱਖ ਮੰਤਰੀ ਨੇ ਚਾਰ ਦਸੰਬਰ ਨੂੰ ਆਪ ਆਗੂ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਸਰਪ੍ਰਸਤੀ ਦੇਣ ਦਾ ਦੋਸ਼ ਲਾਇਆ ਸੀ। ਜਦਕਿ ਜੰਗਲਾਤ ਰੇਂਜ ਅਫਸਰ ਰਾਜਵੰਤ ਸਿੰਘ ਵੱਲੋਂ ਐੱਸਐੱਚਓ ਸ੍ਰੀ ਚਮਕੌਰ ਸਾਹਿਬ ਨੂੰ 18 ਨਵੰਬਰ, 2021 ਨੂੰ ਪੱਤਰ ਲਿਖਿਆ ਸੀ। ਜਿਸ ਵਿਚ ਇਕਬਾਲ ਸਿੰਘ ਲਾਲਪੁਰਾ ਤੇ ਕੁਝ ਅਣਪਛਾਤੇ ਲੋਕਾਂ ’ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਪੋਕਲੇਨ ਮਸ਼ੀਨਾਂ ਜ਼ਰੀਏ ਸਰਕਾਰੀ ਜੰਗਲਾਤ ਵਿਭਾਗ ਦੀ ਜ਼ਮੀਨ ’ਚੋਂ ਸਤਲੁਜ ਦਰਿਆ ਦੇ ਨਜ਼ਦੀਕ ਰੇਤ ਚੁੱਕ ਰਹੇ ਹਨ। ਇਸ ਨਾਜਾਇਜ਼ ਮਾਈਨਿੰਗ ਕਾਰਨ 530 ਸਪਲਿੰਗ ਨੁਕਸਾਨੀਆਂ ਗਈਆਂ ਹਨ। ਫਾਰੈਸਟ ਰੇਂਜ ਅਧਿਕਾਰੀ ਰਾਜਵੰਤ ਸਿੰਘ ਨੇ ਅਜਿਹਾ ਹੀ ਇਕ ਪੱਤਰ ਚਮਕੌਰ ਸਾਹਿਬ ਦੇ ਐੱਸਡੀਐੱਮ ਨੂੰ 22 ਨਵੰਬਰ ਨੂੰ ਲਿਖਿਆ ਸੀ ਜਿਸ ਵਿਚ ਕਿਹਾ ਗਿਆ ਕਿ ਇਸ ਮਾਮਲੇ ’ਚ ਉਸ ਦੀ ਸ਼ਿਕਾਇਤ ’ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਸ ਤੋਂ ਕੁਝ ਦਿਨ ਬਾਅਦ ਰਾਜਵੰਤ ਸਿੰਘ ਦਾ ਤਬਾਦਲਾ ਸ੍ਰੀ ਚਮਕੌਰ ਸਾਹਿਬ ਤੋਂ ਹੋ ਗਿਆ ਸੀ। ਚਾਰ ਦਸੰਬਰ ਨੂੰ ਆਪ ਆਗੂ ਰਾਘਵ ਚੱਢਾ ਪਾਰਟੀ ਵਰਕਰਾਂ ਨਾਲ ਜ਼ਿੰਦਾਪੁਰ ਪਿੰਡ ’ਚ ਸਤਲੁਜ ਦਰਿਆ ਦੇ ਕਿਨਾਰੇ ਪੁੱਜ ਕੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਚੰਨੀ ਦੀ ਨਿਗਰਾਨੀ ’ਚ ਵੱਡੀ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਜਦੋਂ ਈਡੀ ਨੇ ਸੀਐੱਮ ਦੇ ਭਾਣਜੇ ਭੁਪਿੰਦਰ ਸਿੰਘ ਹਨੀ ’ਤੇ ਛਾਪੇਮਾਰੀ ਕੀਤੀ ਤੇ ਦਸ ਕਰੋਡ਼ ਰੁਪਏ ਬਰਾਮਦ ਕਰਦੇ ਹੋਏ 18 ਜਨਵਰੀ ਨੂੰ ਐੱਫਆਈਆਰ ਦਰਜ ਕੀਤੀ ਗਈ, ਤਾਂ ਸੀਐੱਮ ਦਾ ਨਾਂ ਇਸ ਮਾਮਲੇ ’ਚ ਮੁਡ਼ ਚਰਚਾ ’ਚ ਆਇਆ। 22 ਜਨਵਰੀ ਨੂੰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁਡ਼ ਨਾਜਾਇਜ਼ ਮਾਈਨਿੰਗ ਦੇ ਮੁਲਜ਼ਮ ਇਕਬਾਲ ਸਿੰਘ ਦੇ ਘਰ ਚੰਨੀ ਦੀ ਫੋਟੋ ਮੀਡੀਆ ਨੂੰ ਦਿਖਾਈ। ਏਡੀਜੀਪੀ ਨੂੰ ਭੇਜੀ ਰਿਪੋਰਟ ’ਚ ਫਾਰੈਸਟ ਗਾਰਡ ਦਲਜੀਤ ਸਿੰਘ ਨੇ ਜਾਂਚ ਕਮੇਟੀ ਨੂੰ ਦੱਸਿਆ ਕਿ ਮਾਈਨਿੰਗ ਵਾਲੀ ਸਾਈਟ ’ਤੇ ਇਕਬਾਲ ਸਿੰਘ ਮੌਜੂਦ ਨਹੀਂ ਸੀ ਤੇ ਫਾਰੈਸਟ ਰੇਂਜ ਅਧਿਕਾਰੀ ਰਾਜਵੰਤ ਸਿੰਘ ਨੂੰ ਮਸ਼ੀਨ ਡਰਾਈਵਰ ਨੇ ਇਕਬਾਲ ਸਿੰਘ ਦਾ ਨਾਂ ਦੱਸਿਆ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਜੰਗਲਾਤ ਮਹਿਕਮੇ ਨੂੰ ਇਹ ਗੱਲ ਸਪਸ਼ਟ ਨਹੀਂ ਹੈ ਕਿ ਜਿੱਥੇ ਨਾਜਾਇਜ਼ ਮਾਈਨਿੰਗ ਹੋਈ ਉਹ ਜ਼ਮੀਨ ਸਰਕਾਰੀ ਹੈ ਜਾਂ ਨਹੀਂ।