ਰੂਪਨਗਰ ‘ਚ ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ

ਰੂਪਨਗਰ, ਮੀਡੀਆ ਬਿਊਰੋ:

ਕਾਂਗਰਸ ਨੇਤਾ ਅਲਕਾ ਲਾਂਬਾ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਟਿੱਪਣੀ ਦੇ ਮਾਮਲੇ ’ਚ ਅੱਜ ਰੂਪਨਗਰ ਸਦਰ ਥਾਣੇ ’ਚ ਐੱਸਆਈਟੀ ਸਾਹਮਣੇ ਪੇਸ਼ ਹੋਵੇਗੀ। ਅੱਜ ਸਵੇਰੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਨੇ ਐੱਸਐੱਸਪੀ ਦਫਤਰ (ਸਕੱਤਰੇਤ) ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨਾਲ ਅਲਕਾ ਲਾਂਬਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਹਨ। ਇਸ ਦੌਰਾਨ ਪੁਲਿਸ ਤੇ ਯੂਥ ਕਾਂਗਰਸ ਦੇ ਵਰਕਰਾਂ ਦੀ ਅਗਵਾਈ ਕਰ ਰਹੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵਿਚਾਲੇ ਝੜਪ ਹੋ ਗਈ। ਜਦੋਂ ਢਿੱਲੋਂ ਥਾਣਾ ਸਕੱਤਰੇਤ ਦੇ ਗੇਟ ’ਤੇ ਚੜ੍ਹੇ ਤਾਂ ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਹਾਲਾਂਕਿ ਬਾਅਦ ’ਚ ਅਲਕਾ ਲਾਂਬਾ ਸਮੇਤ ਸਾਰੇ ਐੱਸਐੱਸਪੀ ਦਫਤਰ ਦੇ ਅੰਦਰ ਪਹੁੰਚ ਗਏ। ਫਿਲਹਾਲ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਵਾਲੀ ਥਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਉਥੇ ਪਹੁੰਚੇ ਪਰ ਧਰਨੇ ’ਚ ਸ਼ਾਮਿਲ ਹੋਣ ਤੋਂ ਪਹਿਲਾਂ ਹੀ ਉਥੋਂ ਵਾਪਸ ਆ ਗਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਆਪ ਦੇ ਕਨਵੀਨਰ ਅਰਵਿੰਦ ਕਰੇਜਰੀਵਲ ਨੂੰ ਵੇਚ ਆਏ ਹਨ, ਹੁਣ ਉਹ ਦਿੱਲੀ ਤੋਂ ਹੀ ਪੰਜਾਬ ਨੂੰ ਚਲਾ ਰਹੇ ਹਨ। ਇਸ ਤੋਂ ਪਹਿਲਾਂ ਵੜਿੰਗ ਨੇ ਆਪਣੀ ਫੇਸਬੁੱਕ ਪੋਸਟ ’ਤੇ ਇਕ ਪੋਸਟ ਜ਼ਰੀਏ ਅਲਕਾ ਲਾਂਬਾ ਨਾਲ ਆਉਣ ਦਾ ਵੀ ਸੰਕੇਤ ਦਿੱਤਾ ਸੀ। ਉਨ੍ਹਾਂ ਲਿਖਿਆ ਕਿ ਅਸੀਂ ਆ ਰਹੇ ਹਾਂ ਰੋਪੜ ਅਲਕਾ ਲਾਂਬਾ ਜੀ ਨਾਲ, ਝੂਠੇ ਕੇਸਾਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਪੋਸਟ ’ਚ ਅਲਕਾ ਲਾਂਬਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਹੈ।

ਜ਼ਿਕਰਯੋਗ ਕਿ ਪੰਜਾਬ ਪੁਲਿਸ ਨੇ ਕਵੀ ਅਤੇ ਸਮਾਜਸੇਵੀ ਕੁਮਾਰ ਵਿਸ਼ਵਾਸ ’ਤੇ ਪਰਚਾ ਦਰਜ ਕੀਤਾ ਸੀ। ਬਾਅਦ ’ਚ ਅਲਕਾ ਲਾਂਬਾ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ। ਪੰਜਾਬ ਪੁਿਲਸ ਨੇ ਦਿੱਲੀ ਅਤੇ ਗਾਜ਼ੀਆਬਾਦ ਜਾ ਕੇ ਦੋਵਾਂ ਆਗੂਆਂ ਦੇ ਘਰਾਂ ’ਤੇ ਨੋਟਿਸ ਚਿਪਕਾ ਦਿੱਤੇ ਹਨ। ਹਾਲਾਂਕਿ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਕੁਮਾਰ ਵਿਸ਼ਵਾਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਉਨ੍ਹਾਂ ਖ਼ਿਲਾਫ਼ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਲਾਂਬਾ ਨੇ ਕਿਹਾ, ‘ਦਿੱਲੀ ਦੀ ਧੀ ਨੂੰ ਪੰਜਾਬ ਖਿੱਚਣਾ ਪਵੇਗਾ ਭਾਰੀ’

ਜ਼ਿਕਰਯੋਗ ਹੈ ਕਿ ਅਲਕਾ ਲਾਂਬਾ ਨੇ ਇਕ ਦਿਨ ਪਹਿਲਾਂ ਵੀਡੀਓ ਸ਼ੇਅਰ ਕਰਦਿਆਂ ਕਿਹਾ ਸੀ ਕਿ ਉਹ ਪੰਜਾਬ ਆ ਚੁੱਕੀ ਹੈ ਅਤੇ ਅਜਿਹੇ ਮਾਮਲਿਆਂ ਤੋਂ ਡਰਨ ਵਾਲੀ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਦਿੱਲੀ ਦੀ ਧੀ ਨੂੰ ਪੰਜਾਬ ’ਚ ਘਸੀਟਣਾ ਆਮ ਆਦਮੀ ਪਾਰਟੀ ਨੂੰ ਮਹਿੰਗਾ ਪਵੇਗਾ।

Share This :

Leave a Reply