ਭਾਜਪਾ ਵਰਕਰਾਂ ਤੇ ਕਿਸਾਨਾਂ ਵਿਚਾਲੇ ਹੋਈ ਹੱਥੋਪਾਈ

ਕਈ ਕਿਸਾਨ ਹਿਰਾਸਤ ’ਚ ਲਏ

ਫਾਜ਼ਿਲਕਾ, ਮੀਡੀਆ ਬਿਊਰੋ:

ਪਿੰਡ ਥੇਹ ਕਲੰਦਰ ਵਿਚ ਮੰਗਲਵਾਰ ਨੂੰ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਵੱਲੋਂ ਆਪਣੇ ਚੋਣ ਪ੍ਰਚਾਰ ਕਰਨ ਲਈ ਪਹੁੰਚ ਕੀਤੀ ਗਈ ਜਿਸ ’ਤੇ ਥੇਹ ਕਲੰਦਰ ਦੇ ਕਿਸਾਨ ਜਥੇਬੰਦੀ ਨਾਲ ਸਬੰਧਤ ਕਾਰਕੁਨਾਂ ਨੇ ਜਿਆਣੀ ਕੋਲੋਂ ਸਵਾਲ ਜਵਾਬ ਲੈਣੇ ਚਾਹੇ ਤਾਂ ਉੱਥੇ ਮੌਜੂਦ ਭਾਜਪਾ ਦੇ ਵਰਕਰਾਂ ਅਤੇ ਕਿਸਾਨਾਂ ਵਿਚਕਾਰ ਤੂੰ-ਤੂ,ੰ ਮੈਂ-ਮੈਂ ਹੋ ਗਈ। ਇਸ ਤੋਂ ਬਾਅਦ ਇਹ ਤੂੰ-ਤੂੰ, ਮੈਂ-ਮੈਂ ਹੱਥੋਪਾਈ ਤਕ ਵਧ ਗਈ। ਦੋਨਾਂ ਧਿਰਾਂ ਵੱਲੋਂ ਇਕ-ਦੂਜੇ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।

ਭਾਜਪਾ ਉਮੀਦਵਾਰ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਥੇਹ ਕਲੰਦਰ ਵਿੱਚ ਦਬਿਸ਼ ਦੇ ਕੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਵਿੱਚ ਡੱਕ ਦਿੱਤਾ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਵੱਲੋਂ ਥਾਣੇ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਬੈਠ ਗਏ ਅਤੇ ਪ੍ਰਸ਼ਾਸਨ ਕੋਲੋਂ ਫੜੇ ਗਏ ਕਿਸਾਨਾਂ ਨੂੰ ਛੱਡਣ ਦੀ ਮੰਗ ਕਰਨ ਲੱਗੇ। ਮੰਗਾਂ ਨਾ ਮੰਨੇ ਜਾਣ ’ਤੇ ਕਿਸਾਨਾਂ ਵੱਲੋਂ ਸੰਘਰਸ਼ ਹੋਰ ਤਿੱਖਾ ਕਰਕੇ ਬੁੱਧਵਾਰ ਤਕ ਸਾਰੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ ਤਿਆਰੀ ਖਿੱਚਣ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ। ਕਿਸਾਨਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਅਤੇ ਭਾਜਪਾ ਵਿਰੋਧੀ ਨਾਅਰੇ ਲਗਾਏ ਜਾ ਰਹੇ ਸਨ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਜ਼ਿਲ੍ਹਾ ਪ੍ਰਸ਼ਾਸਨੀ ਕੰਪਲੈਕਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਵਿਚਕਾਰ ਮੀਟਿੰਗਾਂ ਦੇ ਦੌਰ ਸ਼ੁਰੂ ਹੋਏ। ਦੇਰ ਸ਼ਾਮ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਕੇ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ ਨੇ ਕਿਹਾ ਅਸੀਂ ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ। ਆਗੂਆਂ ਨਾਲ ਸਵਾਲ ਕਰਨੇ ਸਾਡਾ ਜਮਹੂਰੀ ਹੱਕ ਹੈ ਜੋ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ ਅਤੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸਵਾਲਾਂ ਦੇ ਜਵਾਬ ਜ਼ਰੂਰ ਦੇਣ। ਇਸ ਤੋਂ ਉਨ੍ਹਾਂ ਨੇ ਕਿਹਾ ਕਿਸਾਨ ਅੰਨਦਾਤਾ ਹੈ ਇਸ ਨੂੰ ਗ੍ਰਿਫਤਾਰ ਕਰਨਾ ਅਤੇ ਥਾਣੇ ਵਿੱਚ ਡੱਕ ਦੇਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਵਾਲੇ ਥਾਣੇਦਾਰ ਵਿਰੁੱਧ ਕਿਸਾਨ ਜਥੇਬੰਦੀਆਂ ਦੀ ਮੰਗ ’ਤੇ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਤੇ ਉਨ੍ਹਾਂ ਨੂੰ ਆਸ ਹੈ ਚੋਣ ਕਮਿਸ਼ਨ ਵੱਲੋਂ ਜਲਦ ਇਸ ’ਤੇ ਫ਼ੈਸਲਾ ਲਿਆ ਜਾਵੇਗਾ।

Share This :

Leave a Reply