ਖੰਨਾ (ਪਰਮਜੀਤ ਸਿੰਘ ਧੀਮਾਨ) -ਅੱਜ ਨਗਰ ਕੌਂਸਲ ਵਿਖੇ ਈਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ ਜ਼ਮੀਨ ਦੇਣ ਸਬੰਧੀ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਦੀ ਅਗਵਾਈ ਹੇਠਾਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਈਸਾਈ ਭਾਈਚਾਰੇ ਦੀ ਨਰਾਜ਼ਗੀ ਦੂਰ ਕਰਨ ਲਈ ਇਥੋਂ ਦੇ ਨੇੜਲੇ ਪਿੰਡ ਬਘੌਰ ਵਿਖੇ 4 ਕਨਾਲ ਜ਼ਮੀਨ ਦੇਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਦੱਸਣਯੋਗ ਹੈ ਕਿ ਈਸਾਈ ਸਮਾਜ ਪਿਛਲੇ ਲੰਬੇ ਸਮੇਂ ਤੋਂ ਕਬਰਿਸਤਾਨ ਲਈ ਸੰਘਰਸ਼ ਕਰ ਰਿਹਾ ਸੀ ਅਤੇ ਕੁੱਝ ਦਿਨ ਪਹਿਲਾ ਜਗ੍ਹਾ ਨਾ ਮਿਲਣ ਕਾਰਨ ਇਕ ਔਰਤ ਦਾ ਸੰਸਕਾਰ ਕਰਨ ਲਈ ਮਜ਼ਬੂਰ ਹੋਇਆ, ਜਿਸ ’ਤੇ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਚੋਣਾਂ ’ਚ ਕਾਂਗਰਸ ਦਾ ਵਿਰੋਧ ਕਰਨ ਦੀ ਚਿਤਾਵਨੀ ਦਿੱਤੀ ਸੀ।
ਜਿਸ ’ਤੇ ਕਾਰਵਾਈ ਕਰਦਿਆਂ ਕੌਂਸਲ ਵੱਲੋਂ ਰੈਵੀਨਿਊ ਵਿਭਾਗ ਦੇ ਰਿਕਾਰਡ ਮੁਤਾਬਿਕ ਪਿੰਡ ਬਘੌਰ ਵਿਖੇ ਜਗ੍ਹਾ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਵਿਰੋਧੀ ਕੌਂਸਲਰਾਂ ਨੇ ਸ਼ਹਿਰ ਨਾਲ ਜੁੜੇ ਕਈ ਅਹਿਮ ਮੁੱਦੇ ਉਠਾਏ। ਇਸ ਮੌਕੇ ਵਾਰਡ ਨੰਬਰ 08 ਤੋਂ ਅਕਾਲੀ ਦਲ ਦੇ ਕੌਂਸਲਰ ਸਰਬਦੀਪ ਸਿੰਘ ਕਾਲੀਰਾਓ ਨੇ ਕਿਹਾ ਕਿ ਮੁਹੱਲੇ ਵਿਚ ਪਾਣੀ ਦੀ ਮੋਟਰ ਖਰਾਬ ਹੋਣ ਕਾਰਨ ਇਲਾਕੇ ਦੇ ਲੋਕ ਪੀਣ ਵਾਲੇ ਪਾਣੀ ਤੋਂ ਅਸਮਰਥ ਹਨ। ਜੇਕਰ ਜਲਦ ਹੱਲ ਨਾ ਕੀਤਾ ਗਿਆ ਤਾਂ ਅਗਲੀ ਮੀਟਿੰਗ ਵਿਚ ਲੋਕਾਂ ਨਾਲ ਮਿਲ ਕੇ ਕੌਂਸਲ ਦਾ ਘਿਰਾਓ ਕੀਤਾ ਜਾਵੇਗਾ। ਇਸੇ ਤਰ੍ਹਾਂ ਕੌਂਸਲਰ ਤਲਵਿੰਦਰ ਕੌਰ ਰੋਸ਼ਾ ਅਤੇ ਰੀਟਾ ਰਾਣੀ ਨੇ ਵੀ ਆਪਣੇ ਵਾਰਡ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਲੱਧੜ ਨੇ ਕੌਂਸਲਰਾਂ ਨੂੰ ਭਰੋਸਾ ਦਿਵਾਇਆ ਕਿ ਪਾਣੀ ਦੀਆਂ ਸਮੱਸਿਆਵਾਂ ਜਲਦ ਹੱਲ ਕੀਤੀਆਂ ਜਾਣਗੀਆਂ।






















