ਮੁੱਖ ਸਕੱਤਰ ਵੱਲੋਂ ‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਦਾ ਆਗਾਜ਼

ਚੰਡੀਗੜ੍ਹ (ਮੀਡੀਆ ਬਿਊਰੋ)- ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਸੂਬੇ ਵਿੱਚ ਛੋਟੀ ਉਮਰ ਦੀਆਂ ਲੜਕੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਅਨੀਮੀਆ (ਖੂਨ ਦੀ ਘਾਟ) ਤੋਂ ਨਿਜਾਤ ਦਿਵਾਉਣ ਲਈ ‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸੂਬੇ ਵਿੱਚ ਅਨੀਮੀਆ ਘਟਾਉਣ ਬਾਰੇ ਸਿਹਤ ਅਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਅਤੇ ਸਕੂਲ ਸਿੱਖਿਆ ਵਿਭਾਗਾਂ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਤਿੰਨੋਂ ਵਿਭਾਗਾਂ ਨੂੰ ਤਰਜੀਹੀ ਆਧਾਰ ’ਤੇ ਬੱਚਿਆਂ, ਛੋਟੀ ਉਮਰ ਦੀਆਂ ਲੜਕੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਟੈਸਟਿੰਗ ਅਤੇ ਇਲਾਜ’ਤੇ ਧਿਆਨ ਕੇਂਦਰਤਿ ਕਰਦਿਆਂ ਮੁਹਿੰਮ ਨੂੰ ਸੰਗਠਿਤ ਤੌਰ ਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਲਾਭਪਾਤਰੀਆਂ ਦੇ ਵਿਵਹਾਰ ਅਤੇ ਜੀਵਨ ਸੈਲੀ ਵਿੱਚ ਤਬਦੀਲੀ ਲਿਆਉਣ ਲਈ ਵੀ ਠੋਸ ਮੁਹਿੰਮ ਲਾਗੂ ਕਰਨ ’ਤੇ ਜ਼ੋਰ ਦਿੱਤਾ।

ਸ੍ਰੀਮਤੀ ਮਹਾਜਨ ਨੇ ਕਿਹਾ ਕਿ ਅਨੀਮੀਆ ਖਾਸਕਰ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਨਾਲ-ਨਾਲ ਛੋਟੀ ਉਮਰ ਦੀਆਂ ਲੜਕੀਆਂ ਵਿੱਚ ਇੱਕ ਪ੍ਰਮੁੱਖ ਮੁੱਦਾ ਹੈ ਪਰ ਆਇਰਨ ਅਤੇ ਫੋਲਿਕ ਐਸਿਡ ਸਪਲੀਮੈਂਟਾਂ ਅਤੇ ਸਹੀ ਪੌਸ਼ਟਿਕ ਖੁਰਾਕ ਨਾਲ ਇਸਦੀ ਆਸਾਨੀ ਨਾਲ ਰੋਕਥਾਮ ਕੀਤੀ ਜਾ ਸਕਦੀ ਹੈ। ਉਨਾਂ ਤਿੰਨੋ ਸਬੰਧਤ ਵਿਭਾਗਾਂ ਨੂੰ ਆਇਰਨ-ਫੋਲਿਕ ਐਸਿਡ (ਆਈ.ਐੱਫ.ਏ.) ਦੀਆਂ ਗੋਲੀਆਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਮਿਡ-ਡੇਅ ਮੀਲ ਦੀ ਪੌਸ਼ਟਿਕਤਾ ਦੇ ਪੱਧਰ ਨੂੰ ਵਧਾਉਣ ਲਈ ਕਿਹਾ। ਇਸ ਤੋਂ ਇਲਾਵਾ, ਉਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਇਸ ਮੁਹਿੰਮ ਤਹਿਤ ਬੱਚਿਆਂ ਵਿੱਚ ਅਨੀਮੀਆ ਦੀ ਰੋਕਥਾਮ ਲਈ ਸਾਰੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਕਵਰ ਕਰਨ। ‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਦੀ ਸਫਲਤਾ ਲਈ ਰੂਪ ਰੇਖਾ ਉਲੀਕਦਿਆਂ ਮੁੱਖ ਸਕੱਤਰ ਨੇ ਪ੍ਰਮੁੱਖ ਸਿਹਤ ਸਕੱਤਰ ਹੁਸਨ ਲਾਲ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅਨੀਮੀਆ ਜਾਂਚ ਨੂੰ ਯਕੀਨੀ ਬਣਾਉਣ ਅਤੇ ਇਸ ਤੋਂ ਇਲਾਵਾ ਰਾਜ ਵਿੱਚ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਜਾਗਰੂਕਤਾ ਮੁਹਿੰਮ ਸੁਰੂ ਕਰਨ।

ਇਸ ਮੁਹਿੰਮ ਤਹਿਤ 9ਵੀਂ ਤੋਂ 12ਵੀਂ ਜਮਾਤ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਕਵਰ ਕਰਨ ’ਤੇ ਜੋਰ ਦਿੰਦਿਆਂ ਮੁੱਖ ਸਕੱਤਰ ਨੇ ਸਿਹਤ ਵਿਭਾਗ ਨੂੰ ਸਾਰੇ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਆਸਾ ਵਰਕਰਾਂ ਨੂੰ ਆਈ.ਐੱਫ.ਏ. ਦੀਆਂ ਗੋਲੀਆਂ ਦੇਣ ਲਈ ਕਿਹਾ। ਉਨਾਂ ਇਸ ਮੁਹਿੰਮ ਵਿੱਚ ਸਾਮਲ ਤਿੰਨੋ ਵਿਭਾਗਾਂ ਨੂੰ ਅਨੀਮੀਆ ਤੋਂ ਪ੍ਰਭਾਵਿਤ ਬੱਚਿਆਂ ਦੀ ਟੈਸਟਿੰਗ ਸਬੰਧੀ ਅੰਕੜਿਆਂ ਨੂੰ ਸਾਂਝਾ ਕਰਨ ਅਤੇ ਵੈਬਸਾਈਟ ਤੇ ਅਪਲੋਡ ਕਰਨ ਦੀ ਹਦਾਇਤ ਕੀਤੀ। ਉਂਨਾਂ ਪੇਂਡੂ ਅਤੇ ਸਹਿਰੀ ਖੇਤਰਾਂ ਵਿੱਚ ਲਾਭਪਾਤਰੀਆਂ ਨੂੰ ਆਈ.ਐੱਫ.ਏ. ਦੀਆਂ ਗੋਲੀਆਂ ਦੀ 100 ਫੀਸਦੀ ਵੰਡ ਯਕੀਨੀ ਬਣਾਉਣ ਲਈ ਨਿਰਦੇਸ ਦਿੱਤੇ। ਪ੍ਰਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਰਾਜੀ ਪੀ. ਸ੍ਰੀਵਾਸਤਵਾ ਨੇ ਦੱਸਿਆ ਕਿ ਸਕੂਲ ਪੱਧਰ ਅਤੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਅਨੀਮੀਆ ਦੀ ਜਾਂਚ ਸਬੰਧੀ ਯੋਜਨਾ ਸਿਹਤ ਅਤੇ ਸਕੂਲ ਸਿੱਖਿਆ ਵਿਭਾਗਾਂ ਦੇ ਤਾਲਮੇਲ ਨਾਲ ਬਣਾਈ ਜਾਵੇਗੀ। ਉਨਾਂ ਦੱਸਿਆ ਕਿ ਛੇ ਮਹੀਨੇ ਤੋਂ 5 ਸਾਲ ਦੀ ਉਮਰ ਦੇ ਲਗਭਗ 7.27 ਲੱਖ ਬੱਚਿਆਂ ਤੋਂ ਇਲਾਵਾ ਲਗਭਗ 2.06 ਲੱਖ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ ਨੂੰ ਪਹਿਲਾਂ ਹੀ ਆਂਗਣਵਾੜੀ ਕੇਂਦਰਾਂ ਵਿੱਚ ਦਰਜ ਕੀਤਾ ਜਾ ਚੁੱਕਾ ਹੈ।

ਉਨਾਂ ਨੂੰ ਅਨੀਮੀਆ ਦੇ ਵਿਰੁੱਧ ਲੜਾਈ ਵਿਚ ਆਈ.ਐੱਫ.ਏ. ਗੋਲੀਆਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾ ਇਸ ਮੁਹਿੰਮ ਅਧੀਨ ਕਵਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਵਿਭਾਗ ਨੇ ਸਪਲੀਮੈਂਟਰੀ ਖੁਰਾਕ ਦੀ ਪੌਸ਼ਟਿਕਤਾ ਦੇ ਮਿਆਰ ਵਿੱਚ ਸੁਧਾਰ ਲਈ ਸੋਧੇ ਹੋਏ ਢੰਗ-ਤਰੀਕੇ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ, ਮੋਗਾ, ਫਿਰੋਜਪੁਰ ਅਤੇ ਲੁਧਿਆਣਾ ਜ਼ਿਲਿਆਂ ਵਿਚ ਚੌਲਾਂ ਦੀ ਪੌਸ਼ਟਿਕਤਾ ਵਿੱਚ ਸੁਧਾਰ ਲਈ ਇਕ ਪਾਇਲਟ ਪ੍ਰਾਜੈਕਟ ਵੀ ਚੱਲ ਰਿਹਾ ਹੈ। ਇਸ ਤੋਂ ਇਲਾਵਾ, ਯੂ.ਐਨ.ਡੀ.ਪੀ. ਦੇ ਸਹਿਯੋਗ ਨਾਲ ਇੱਕ ਹੋਰ ਪਾਇਲਟ ਪ੍ਰੋਜੈਕਟ ਦੀ ਯੋਜਨਾ ਵੀ ਬਣਾਈ ਗਈ ਹੈ, ਜਿਸਦਾ ਉਦੇਸ ਰਾਜ ਦੇ ਤਿੰਨ ਜ਼ਿਲਿਆਂ ਦੇ 100 ਪਿੰਡਾਂ ਵਿੱਚ ਅਨੀਮੀਆ ਪ੍ਰਤੀ ਇੱਕ ਵਿਆਪਕ ਯੋਜਨਾ ਨੂੰ ਉਲੀਕਣਾ ਅਤੇ ਲਾਗੂ ਕਰਨਾ ਹੈ। ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਆਈ.ਐੱਫ.ਏ. ਦੀਆਂ ਗੋਲੀਆਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਮੁੱਖ ਤੌਰ ਤੇ ਸਿਹਤ ਵਿਭਾਗ ਦੀ ਹੋਵੇਗੀ, ਪਰ ਸਕੂਲ ਸਿੱਖਿਆ ਵਿਭਾਗ ਦੇ ਨਾਲ ਨਾਲ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਜ਼ਮੀਨੀ ਪੱਧਰ ਤੇ ਵੰਡਣ ਵਿੱਚ ਸਹਿਯੋਗੀ ਕਦਮ ਉਠਾਉਣਗੇ ਅਤੇ ਤਾਲਮੇਲ ਕਰਨਗੇ।

ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਨੂੰ ਕਿਹਾ ਕਿ ਉਹ ਸੀ.ਡੀ.ਪੀ.ਓਜ਼, ਸੁਪਰਵਾਈਜਰਾਂ, ਆਂਗਣਵਾੜੀ ਵਰਕਰਾਂ, ਆਸਾ ਵਰਕਰਾਂ, ਏਐਨਐਮਜ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਨ ਜਿਸ ਨਾਲ ਉਹ ਵਿਵਹਾਰ ’ਚ ਤਬਦੀਲੀ ਸਬੰਧੀ ਸੰਚਾਰ ਤਕਨੀਕਾਂ ਦੀ ਯੋਜਨਾ ਬਣਾਉਣ ਦੇ ਨਾਲ-ਨਾਲ ਬੱਚਿਆਂ ਅਤੇ ਛੋਟੀ ਉਮਰ ਦੀਆਂ ਲੜਕੀਆਂ ਵਿੱਚ ਜੀਵਨ ਸੈਲੀ ਵਿਚ ਤਬਦੀਲੀ ਲਈ ਪ੍ਰੇਰਿਤ ਕਰ ਸਕਣ। ਉਨਾਂ ਸਿਹਤ ਵਿਭਾਗ ਨੂੰ ਸਾਰੇ ਆਂਗਣਵਾੜੀ ਵਰਕਰਾਂ ਦੇ ਨਾਲ ਨਾਲ ਸਕੂਲ ਦੇ ਅਧਿਆਪਕਾਂ ਅਤੇ ਸਟਾਫ ਦੇ ਕੋਵਿਡ ਟੀਕਾਕਰਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਤਾਂ ਜੋ ਉਹ ਵਾਇਰਸ ਫੈਲਣ ਦੇ ਬਿਨਾਂ ਕਿਸੇ ਡਰ ਤੋਂ ਬੱਚਿਆਂ ਨਾਲ ਸੁਰੱਖਿਅਤ ਢੰਗ ਅਤੇ ਆਸਨੀ ਨਾਲ ਗੱਲਬਾਤ ਕਰ ਸਕਣ। ਪ੍ਰਮੁੱਖ ਸਕੱਤਰ ਸਿਹਤ ਨੇ ਦੱਸਿਆ ਕਿ ਆਈ.ਐੱਫ.ਏ. ਦੀਆਂ ਗੋਲੀਆਂ ਦੀ ਵੰਡ ਲਈ ਆਰ.ਬੀ.ਐੱਸ.ਕੇ. ਦੀਆਂ ਟੀਮਾਂ ਨਾਲ ਫਾਰਮਾਸਿਸਟਾਂ ਨੂੰ ਨਿਯੁਕਤ ਕੀਤਾ ਜਾਵੇਗਾ ਅਤੇ ਇਨਾਂ ਗੋਲੀਆਂ ਦੀ ਕੋਈ ਕਮੀ ਨਹੀਂ ਆਵੇਗੀ ਕਿਉਂਕਿ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਇਸ ਰਾਜ-ਵਿਆਪੀ ਮੁਹਿੰਮ ਦੀ ਪ੍ਰਭਾਵਸੀਲਤਾ ਦਾ ਮੁਲਾਂਕਣ ਕਰਨ ਲਈ ਇਸਦੇ ਨਤੀਜਿਆਂ ਦੀ ਜਾਂਚ ਕੀਤੀ ਜਾਏਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਕੂਲ ਸਿੱਖਿਆ ਦੇ ਸਕੱਤਰ ਕਿ੍ਰਸ਼ਨ ਕੁਮਾਰ ਅਤੇ ਡਾਇਰੈਕਟਰ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਵਿਪੁਲ ਉਜਵਲ ਵੀ ਮੌਜੂਦ ਸਨ।

Share This :

Leave a Reply