ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਉੱਤਰ ਪ੍ਰਦੇਸ ਦੇ ਲਖੀਮਪੁਰ ਖੀਰੀ ਜਲਿੇ ਵਿੱਚ ਵਾਪਰੀ ਉਸ ਮੰਦਭਾਗੀ ਘਟਨਾ ਦੀ ਕਰੜੀ ਆਲੋਚਨਾ ਕੀਤੀ ਹੈ ਜਿਸ ਵਿਚ ਕਥਿਤ ਤੌਰ ‘ਤੇ ਇੱਕ ਕੇਂਦਰੀ ਮੰਤਰੀ ਦੇ ਪੁੱਤਰ ਨੇ ਉਨਾਂ ਕਿਸਾਨਾਂ ਉੱਤੇ ਆਪਣੀ ਗੱਡੀ ਚੜਾ ਦਿੱਤੀ ਜੋ ਕਿ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਖਿਲਾਫ ਸਾਂਤਮਈ ਮੁਜ਼ਾਹਰਾ ਕਰ ਰਹੇ ਸਨ। ਇਸ ਹਾਦਸੇ ਵਿਚ ਦੋ ਕਿਸਾਨਾਂ ਦੀ ਮੌਤ ਹੋ ਗਈ ਅਤੇ 8 ਜਖਮੀ ਹੋ ਗਏ।
ਚੰਨੀ ਨੇ ਅੱਗੇ ਕਿਹਾ ਕਿ ਇਸ ਦਰਦਨਾਕ ਅਤੇ ਅਣਮਨੁੱਖੀ ਕਾਰੇ ਦੀ ਸਖਤ ਸਬਦਾਂ ਵਿੱਚ ਸਭਣਾ ਦੁਆਰਾ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨਾਂ ਆਪਣੇ ਉੱਤਰ ਪ੍ਰਦੇਸ ਦੇ ਹਮਰੁਤਬਾ ਯੋਗੀ ਆਦਿੱਤਿਆਨਾਥ ਨੂੰ ਇਸ ਹਾਦਸੇ ਦੇ ਜਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਤਾਂ ਜੋ ਮਿ੍ਰਤਕਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ। ਦੁਖੀ ਪਰਿਵਾਰਾਂ ਦੇ ਮੈਂਬਰਾਂ, ਰਿਸਤੇਦਾਰਾਂ ਅਤੇ ਦੋਸਤਾਂ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਇਸ ਨਾ ਪੂਰੇ ਜਾਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਬਖਸਣ ਅਤੇ ਵਿਛੜੀਆਂ ਰੂਹਾਂ ਨੂੰ ਸਦੀਵੀ ਸਾਂਤੀ ਦੇਣ।