ਬੋਲੇ- ਦੂਜੇ ਸੂਬਿਆਂ ਦੇ ਲੋਕਾਂ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾ
ਜਲੰਧਰ, ਮੀਡੀਆ ਬਿਊਰੋ:
ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਪਿੱਛੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਸਰ ’ਚ ਕਿਹਾ ਕਿ ਦੂਜੇ ਸੂਬਿਆਂ ਦੇ ਲੋਕਾਂ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ। ਪੰਜਾਬ ਦੇ ਵਿਕਾਸ ’ਚ ਦੂਜੇ ਸੂਬਿਆਂ ਦੇ ਲੋਕਾਂ ਦੀ ਅਹਿਮ ਭੂਮਿਕਾ ਰਹੀ ਹੈ। ਮੇਰੀ ਗੱਲ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ। ਕੇਜਰੀਵਾਲ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਮੈਂ ਇਹ ਗੱਲ ਅਰਵਿੰਦ ਕੇਜਰੀਵਾਲ, ਦੁਰਗੇਸ਼ ਪਾਂਡੇ ਤੇ ਸੰਜੇ ਸਿੰਘ ਲਈ ਕਹੀ ਸੀ। ਇਹ ਲੋਕ ਪੰਜਾਬ ’ਤੇ ਰਾਜ ਕਰਨਾ ਚਾਹੁੰਦੇ ਹਨ।
ਇਸ ਤੋਂ ਬਾਅਦ ਚੰਨੀ ਨੇ ਟਵਿਟਰ ’ਤੇ ਵੀ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਲਿਖਿਆ, ‘ਮੇਰੇ ਬਿਆਨ ਨੂੰ ਤੋਡ਼-ਮਰੋਡ਼ ਤੇ ਪੇਸ਼ ਕੀਤਾ ਜਾ ਰਿਹਾ ਹੈ। ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ’ਚ ਕੰਮ ਕਰਨ ਵਾਲੇ ਲੋਕਾਂ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ। ਉਹ ਸਾਡੇ ਸੂਬੇ ਦੇ ਵਿਕਾਸ ’ਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਨਾਲ ਸਾਡਾ ਦਿਲੋਂ ਪਿਆਰ ਹੈ ਤੇ ਉਨ੍ਹਾਂ ਨੂੰ ਸਾਡੇ ਦਿਲ ਵਿਚੋਂ ਕੋਈ ਨਹੀਂ ਕੱਢ ਸਕਦਾ। ਮੈਂ ਤਾਂ ਦੁਰਗੇਸ਼ ਪਾਠਕ, ਸੰਜੇ ਸਿਘ ਤੇ ਕੇਜਰੀਵਾਲ ਵਰਗੇ ਲੋਕ ਜੋ ਬਾਹਰੋਂ ਆ ਕੇ ਇੱਥੇ ਖ਼ਲਲ ਪਾਉਂਦੇ ਹਨ, ਉਨ੍ਹਾਂ ਬਾਰੇ ਗੱਲ ਕਹੀ ਸੀ। ਉਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਜਾਂ ਜਿੱਥੋਂ-ਜਿੱਥੋਂ ਵੀ ਲੋਕ ਪੰਜਾਬ ਆ ਕੇ ਕੰਮ ਕਰਦੇ ਹਨ, ਪੰਜਾਬ ਉਨ੍ਹਾਂ ਦਾ ਵੀ ਓਨਾ ਹੀ ਹੈ ਜਿੰਨਾ ਸਾਡਾ।’
ਜੋ ਕਿਹਾ, ਮੋਦੀ ਤੇ ਕੇਜਰੀਵਾਲ ਲਈ ਕਿਹਾ : ਪ੍ਰਿਅੰਕਾ
ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪਠਾਨਕੋਟ ’ਚ ਕਿਹਾ ਕਿ ਚੰਨੀ ਨੇ ਜੋ ਕਿਹਾ ਉਹ ਮੋਦੀ ਤੇ ਕੇਜਰੀਵਾਲ ਲਈ ਕਿਹਾ। ਚੰਨੀ ਨੇ ਕਿਹਾ ਕਿ ਪੰਜਾਬ ’ਤੇ ਬਾਹਰ ਦੇ ਲੋਕਾਂ ਦਾ ਰਾਜ ਨਹੀਂ ਹੋਵੇਗਾ। ਇਸ ਵਿਚ ਕੁਝ ਵੀ ਗ਼ਲਤ ਨਹੀਂ।
ਮੈਨੂੰ ਵੀ ਭਈਆ ਕਿਹਾ ਗਿਆ, ਇਹ ਲਹਿਜ਼ਾ ਮੰਦਭਾਗਾ : ਤਿਵਾਡ਼ੀ
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾਡ਼ੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਗੱਲ ਦਾ ਸਪੱਸ਼ਟੀਕਰਨ ਦੇ ਦਿੱਤਾ ਹੈ ਕਿ ਉਨ੍ਹਾਂ ਦਾ ਇਸ਼ਾਰਾ ਇਕ ਵਿਅਕਤੀ ਵਿਸ਼ੇਸ਼ ਵੱਲ ਸੀ। ਕਦੇ-ਕਦੇ ਲਹਿਜ਼ੇ ’ਚ ਫ਼ਰਕ ਆ ਜਾਂਦਾ ਹੈ। ਜਦੋਂ ਮੈਂ ਪਹਿਲੀ ਵਾਰ ਲੁਧਿਆਣੇ ਚੋਣ ਲਡ਼ਨ ਲਈ ਗਿਆ ਅਕਾਲੀ ਦਲ ਵਾਲੇ ਕਹਿੰਦੇ ਸਨ ਕਿ ਇਹ ਭਈਆ ਕਿੱਥੋਂ ਆ ਗਿਆ ਯੂਪੀ ਦਾ, ਇਹਨੂੰ ਇੱਥੋਂ ਭਜਾਓ।’ ਇਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ’ਚ ਚੋਣ ਲਡ਼ਨ ਵੇਲੇ ਵੀ ਭਈਆ ਕਹਿ ਕੇ ਸੰਬੋਧਿਤ ਕੀਤਾ ਗਿਆ ਸੀ ਪਰ ਇਹ ਕਹਿਣ ਦਾ ਲਹਿਜ਼ਾ ਮੰਦਭਾਗਾ ਹੈ। ਕਿਸੇ ਵੀ ਸਿਆਸੀ ਪਾਰਟੀ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਭਾਰਤ ਦਾ ਸੰਵਿਧਾਨ ਹੈ, ਹਰ ਕਿਸੇ ਨੂੰ ਹੱਕ ਦਿੰਦਾ ਹੈ ਕਿ ਕੋਈ ਵੀ ਭਾਰਤੀ ਕਿਤੇ ਵੀ ਜਾ ਕੇ ਗੁਜ਼ਰ-ਬਸਰ ਕਰ ਸਕਦਾ ਹੈ। ਮੇਰੇ ਪਿਤਾ ਹਿੰਦੂ ਸਨ ਤੇ ਪੰਜਾਬ ਲਈ ਉਨ੍ਹਾਂ ਨੇ ਕੁਰਬਾਨੀ ਦਿੱਤੀ ਸੀ ਤੇ ਮੇਰੀ ਮਾਤਾ ਜੱਟ ਸਿੱਖ ਪਰਿਵਾਰ ਤੋਂ ਹੈ। ਪੰਜਾਬ ਦਾ ਦਿਲ ਬਹੁਤ ਖੁੱਲ੍ਹਾ ਹੈ।ਜਦੋਂ ਕੋਵਿਡ ਦੀ ਲਹਿਰ ਆਈ ਸੀ ਤਾਂ ਅਸੀਂ ਦੂਜੇ ਸੂਬਿਆਂ ਤੋਂ ਆਏ ਕੋਰੋਨਾ ਮਰੀਜ਼ਾਂ ਦਾ ਪੰਜਾਬ ’ਚ ਇਲਾਜ ਕੀਤਾ।
ਚੰਨੀ ਦੀ ਟਿੱਪਣੀ ਤੋਂ ਝਲਕਦੀ ਹੈ ਕਾਂਗਰਸ ਦੀ ਨਫ਼ਰਤ ਵਾਲੀ ਮਾਨਸਿਕਤਾ : ਪੀਯੂਸ਼
ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਨੇ ਅਜਿਹੀ ਗੱਲ ਕਰਕੇ ਕਾਂਗਰਸ ਦੀ ਅਸਲੀ ਮਾਨਸਿਕਤਾ ਜੱਗ ਜ਼ਾਹਰ ਕਰ ਦਿੱਤੀ ਹੈ। ਪੰਜਾਬ ਵਾਸੀਆਂ ਨੂੰ ਕਾਂਗਰਸ ਦੀ ਇਸ ਮਾਨਸਿਕਤਾ ਤੋਂ ਬਚਣਾ ਪਵੇਗਾ। ਚੰਨੀ ਉਤਰ ਪ੍ਰਦੇਸ਼ ਤੇ ਬਿਹਾਰ ਵਾਲਿਆਂ ’ਤੇ ਬਿਆਨ ਦੇ ਰਹੇ ਹਨ ਤੇ ਪ੍ਰਿਅੰਕਾ ਗਾਂਧੀ ਤਾਡ਼ੀਆਂ ਵਜਾ ਰਹੇ ਸਨ। ਹੁਣ ਉਹ ਦੱਸਣ ਕਿ ਯੂਪੀ ’ਚ ਕਿਸ ਮੂੰਹ ਨਾਲ ਵੋਟ ਮੰਗਣ ਜਾਣਗੇ? ਪ੍ਰਿਅੰਕਾ ਗਾਂਧੀ ਦਾ ਵਿਆਹ ਹੋਇਆਂ ਕਈ ਸਾਲ ਬੀਤ ਚੁੱਕੇ ਹਨ ਪਰ ਅਜੇ ਤਕ ਉਨ੍ਹਾਂ ਨੇ ਆਪਣੇ ਨਾਂ ਨਾਲ ਪਿਤਾ ਦਾ ਸਰਨੇਮ ਰੱਖਿਆ ਹੈ ਤੇ ਪਤੀ ਦਾ ਸਰਨੇਮ ਲਾਉਣ ਤੋਂ ਪਰਹੇਜ਼ ਕਰ ਰਹੇ ਹਨ। ਪੰਜਾਬ ’ਚ ਚੋਣਾਂ ਆਈਆਂ ਤਾਂ ਉਹ ਪੰਜਾਬ ਦੀ ਨੂੰਹ ਬਣ ਗਈ।
ਜਿਨ੍ਹਾਂ ਲੋਕਾਂ ਨੇ ਸਾਨੂੰ ਗਾਲ੍ਹ ਕੱਢੀ, ਉਨ੍ਹਾਂ ਨੂੰ ਕਮਲ ਖਿਡ਼ਾ ਕੇ ਜਵਾਬ ਦਿਆਂਗੇ : ਮਨੋਜ ਤਿਵਾਡ਼ੀ
ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਡ਼ੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ਨੂੰ ਗਾਲ੍ਹ ਕੱਢੀ ਹੈ ਉਨ੍ਹਾਂ ਨੂੰ ਕਮਲ ਖਿਡ਼ਾ ਕੇ ਜਵਾਬ ਦਿਆਂਗੇ। ਚੰਨੀ ਉਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ਨੂੰ ਬਾਹਰ ਕਰਨ ਦੀ ਗੱਲ ਕਰ ਰਹੇ ਹਨ ਤੇ ਪੰਜਾਬ ਦੇ ਲੋਕਾਂ ਨੂੰ ਉਹ ਕੋਲ ਬਿਠਾ ਕੇ ਸਨਮਾਨ ਦਿੰਦੇ ਹਨ। ਕਾਂਗਰਸ ਦੇ ਮੁੱਖ ਮੰਤਰੀ ਨੂੰ ਗੁਰੂ ਗੋਬਿੰਦ ਸਿਘ ਦੇ ਜਨਮ ਅਸਥਾਨ ਦੇ ਲੋਕਾਂ ਤੋਂ ਏਨੀ ਨਫ਼ਰਤ ਕਿਉਂ ਹੈ? ਚੰਨੀ ਦੇ ਬਿਆਨ ਨੇ ਕਾਂਗਰਸ ਦੇ ਤਾਬੂਤ ’ਚ ਆਖ਼ਰੀ ਕਿਲ ਠੋਕ ਦਿੱਤਾ ਹੈ। ਪੰਜਾਬ ਵੰਡਣ ਵਾਲੀ ਭਾਸ਼ਾ ਲਈ ਨਹੀਂ ਬਲਕਿ ਪਿਆਰ ਦੀ ਭਾਸ਼ਾ ਲਈ ਜਾਣਿਆ ਜਾਂਦਾ ਹੈ। ਚੰਨੀ ਜਦੋਂ ਅਜਿਹੇ ਸ਼ਬਦ ਬੋਲ ਰਹੇ ਸਨ ਤਾਂ ਖ਼ੁਦ ਨੂੰ ਉਤਰ ਪ੍ਰਦੇਸ਼ ਦੀ ਬੇਟੀ ਕਹਿਣ ਵਾਲੀ ਪ੍ਰਿਅੰਕਾ ਗਾਂਧੀ ਤਾਡ਼ੀ ਵਜਾ ਰਹੀ ਸੀ।