ਚੰਡੀਗੜ੍ਹ, ਮੀਡੀਆ ਬਿਊਰੋ:
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charajit Singh Channi) ਨੇ ਬੀਤੇ ਦਿਨ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਕਰ ਕੇ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਕਰਨ ਲਈ ਢੁੱਕਵੇਂ ਕਦਮ ਚੁੱਕਣ ਲਈ ਰੋਡਮੈਪ ਤਿਆਰ ਕੀਤਾ। ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਬੱਚਿਆਂ ਦੀ ਪੜ੍ਹਾਈ ਅਧੂਰੀ ਨਾ ਰਹਿਣ ਨੂੰ ਯਕੀਨੀ ਬਣਾਉਣ ਲਈ ਡਿਊਟੀ ਲਗਾਈ ਹੈ।
ਡਾ. ਵੇਰਕਾ ਨੇ ਦੱਸਿਆ ਕਿ ਪੰਜਾਬ ਦੇ ਇਕ ਹਜ਼ਾਰ ਤੋਂ ਵੱਧ ਵਿਦਿਆਰਥੀ ਯੂਕਰੇਨ ‘ਚ ਫਸੇ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਕਰੀਬ 75 ਫੀਸਦੀ ਵਿਦਿਆਰਥੀਆਂ ਨੂੰ ਪੰਜਾਬ ਵਾਪਸ ਲਿਆਂਦਾ ਗਿਆ ਹੈ। ਹੁਣ ਤਕਰੀਬਨ 300 ਵਿਦਿਆਰਥੀ ਯੂਕਰੇਨ ਵਿੱਚ ਹਨ ਤੇ ਇੱਕ-ਦੋ ਦਿਨਾਂ ਵਿੱਚ ਭਾਰਤ ਵਾਪਸ ਆ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹੈ। ਪੰਜਾਬ ਦੇ ਇਕ ਵਿਦਿਆਰਥੀ ਦੀ ਯੂਕਰੇਨ ‘ਚ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ। ਉਮੀਦ ਹੈ ਕਿ ਭਾਰਤ ਸਰਕਾਰ ਇਸ ਵੱਲ ਗੰਭੀਰਤਾ ਨਾਲ ਗੌਰ ਕਰੇਗੀ।
ਡਾ: ਵੇਰਕਾ ਨੇ ਦੱਸਿਆ ਕਿ ਇਸੇ ਮੀਟਿੰਗ ‘ਚ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.)’ਚ ਪੰਜਾਬ ਅਤੇ ਹਰਿਆਣਾ ਦੇ ਸਥਾਈ ਮੈਂਬਰਸ਼ਿਪ ਕੇਂਦਰ ਦੀ ਕਥਿਤ ਤੌਰ ‘ਤੇ ਸਮਾਪਤੀ ‘ਤੇ ਵੀ ਸਖ਼ਤ ਇਤਰਾਜ਼ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕੇਂਦਰ ਸਰਕਾਰ ਨੇ ਹਰਿਆਣਾ ਅਤੇ ਪੰਜਾਬ ਦੇ ਹੱਕਾਂ ਨੂੰ ਕੁਚਲਿਆ ਹੈ। ਪੰਜਾਬ ਸਰਕਾਰ ਇਸ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਪੰਜਾਬ ਨੂੰ ਬਚਾਉਣ ਲਈ ਹਰ ਕਦਮ ਚੁੱਕੇਗੀ।
ਮੀਟਿੰਗ ‘ਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਹਰਮਿੰਦਰ ਸਿੰਘ ਗਿੱਲ ਅਤੇ ਕੁਲਬੀਰ ਸਿੰਘ ਜੀਰਾ ਹਾਜ਼ਰ ਸਨ।
ਯੂਕਰੇਨ ਤੋਂ ਹੁਣ ਤਕ 225 ਵਿਦਿਆਰਥੀਆਂ ਦੀ ਹੋਈ ਵਤਨ ਵਾਪਸੀ
ਸ਼ੁੱਕਰਵਾਰ ਨੂੰ ਮੁੱਖ ਸਕੱਤਰ ਅਨਿਰੁੱਧ ਤਿਵਾਰੀ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਯੂਕਰੇਨ ‘ਚ ਫਸੇ ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਸੁਰੱਖਿਅਤ ਵਾਪਸੀ ਲਈ ਕੀਤੇ ਜਾ ਰਹੇ ਯਤਨਾਂ ‘ਤੇ ਚਰਚਾ ਕੀਤੀ ਗਈ। ਮੀਟਿੰਗ ‘ਚ ਸੂਬਾ ਸਰਕਾਰ ਵੱਲੋਂ ਮਦਦ ਲਈ ਬਣਾਏ ਗਏ ਕੰਟਰੋਲ ਰੂਮ ਦੇ ਸੰਪਰਕ ਨੰਬਰ 1100 (ਪੰਜਾਬ ਤੋਂ ਕਾਲ ਕਰਨ ਲਈ) ਅਤੇ 91-172 -4111905 (ਭਾਰਤ ਤੋਂ ਬਾਹਰੋਂ ਕਾਲ ਕਰਨ ਲਈ) ਕਾਲਾਂ ਦੀ ਸਥਿਤੀ ਬਾਰੇ ਜਾਂਚ ਕੀਤੀ ਗਈ। ਕੰਟਰੋਲ ਰੂਮ ਦੇ ਨੰਬਰਾਂ ‘ਤੇ ਹੁਣ ਤਕ ਕੁੱਲ 476 ਕਾਲਾਂ ਆ ਚੁੱਕੀਆਂ ਹਨ। ਇਹ ਜਾਣਕਾਰੀ ਯੂਕਰੇਨ ਵਿੱਚ ਫਸੇ ਲੋਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ ਨੂੰ ਭੇਜੀ ਜਾ ਰਹੀ ਹੈ।